ਪੰਜਾਬੀ ਸੂਬਾ ਮੋਰਚੇ ‘ਚ ਸਰਗਰਮ ਰਹੇ ਉਬੋਕੋ ਨਿਰਾਸ਼

ਪੰਜਾਬੀ ਸੂਬਾ ਮੋਰਚੇ ‘ਚ ਸਰਗਰਮ ਰਹੇ ਉਬੋਕੋ ਨਿਰਾਸ਼

ਕਿਹਾ-ਸਿੱਖਾਂ ਲਈ ਘਾਤਕ ਸਿੱਧ ਹੋਇਆ ਪੰਜਾਬੀ ਸੂਬਾ
ਤਰਨ ਤਾਰਨ/ਬਿਊਰੋ ਨਿਊਜ਼ :
ਪੰਜਾਬੀ ਸੂਬਾ ਮੋਰਚਾ ਦੇ ਅੰਦੋਲਨ ਵਿੱਚ ਸਰਗਰਮੀ ਨਾਲ ਭਾਗ ਲੈਂਦੇ ਰਹੇ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਮੇਜਰ ਸਿੰਘ ਉਬੋਕੇ ਨੇ ਸੂਬੇ ਦੇ ਬਣਨ ਨੂੰ ਸਿੱਖਾਂ ਲਈ ਹੀ ਘਾਤਕ ਕਰਾਰ ਦਿੱਤਾ ਹੈ। 90 ਸਾਲ ਦੀ ਉਮਰ ਨੂੰ ਢੁੱਕੇ ਸ੍ਰੀ ਉਬੋਕੇ ਨੇ ਇਸ ਮੋਰਚੇ ਦੌਰਾਨ 13 ਵਾਰ ਜੇਲ੍ਹ ਯਾਤਰਾ ਕੀਤੀ ਸੀ। ਉਨ੍ਹਾਂ ਨੂੰ ਮੋਰਚੇ ਦੀਆਂ ਸਾਰੀਆਂ ਘਟਨਾਵਾਂ ਚੇਤੇ ਹਨ। ਉਨ੍ਹਾਂ ਨੂੰ ਇਹ ਵੀ ਯਾਦ ਹੈ ਕਿ ਕਿਵੇਂ ਇਸ ਮੋਰਚੇ ਕਰਕੇ ਮਸ਼ਹੂਰੀ ਦੀ ਸਿਖਰ ‘ਤੇ ਪੁੱਜੇ ਮਾਸਟਰ ਤਾਰਾ ਸਿੰਘ ਵੱਲੋਂ ਸੂਬੇ ਦਾ ਗਠਨ ਨਾ ਕੀਤੇ ਜਾਣ ‘ਤੇ ਮਰਨ ਵਰਤ ਦੇ ਕੀਤੇ ਐਲਾਨ ਤੋਂ ਪਿੱਛੇ ਹਟਣ ਕਰਕੇ ਉਨ੍ਹਾਂ ਦੀ ਸਾਖ਼ ਨੂੰ ਕਿੰਨੀ ਸੱਟ ਲੱਗੀ ਸੀ। ਉਨ੍ਹਾਂ ਨੂੰ ਇਹ ਵੀ ਚੇਤਾ ਹੈ ਕਿ ਇਸੇ ਮੁੱਦੇ ‘ਤੇ ਹੀ ਉਸ ਵੇਲੇ ਦੇ ਅਕਾਲੀ ਦਲ ਦੇ ਪ੍ਰਧਾਨ ਸੰਤ ਫ਼ਤਿਹ ਸਿੰਘ ਨੇ ਵੀ ਆਪਣੇ ਬੋਲ ਨਹੀਂ ਪੁਗਾਏ ਸੀ। ਸੰਤ ਫ਼ਤਿਹ ਸਿੰਘ ਨੇ ਪੰਜਾਬੀ ਸੂਬਾ ਨਾ ਬਣਾਉਣ ‘ਤੇ ਸ੍ਰੀ ਅਕਾਲ ਤਖ਼ਤ ਵਿਖੇ ਖੁਦ ਨੂੰ ਅਗਨ ਭੇਟ ਕਰਨ ਲਈ ਕੁੰਭ ਤਾਂ ਬਣਾ ਲਿਆ ਸੀ ਪਰ ਉਹ ਵੀ ਇਸ ਤੋਂ ਪਿੱਛੇ ਹਟ ਗਏ ਸਨ। ਆਪਣੇ ਵੇਲਿਆਂ ਵਿੱਚ ਸੰਤ ਫ਼ਤਿਹ ਸਿੰਘ ਦੇ ਅਤਿ ਭਰੋਸੇਯੋਗ ਇਸ ਅਕਾਲੀ ਆਗੂ ਨੇ ਮਾਤਰ 18 ਸਾਲ ਦੀ ਉਮਰ ਵਿੱਚ ਦੇਸ਼ ਦੀ ਵੰਡ ਤੋਂ ਪਹਿਲਾਂ ਹੀ ਅਕਾਲੀ ਰਾਜਨੀਤੀ ਵਿੱਚ ਭਾਗ ਲੈਣਾ ਸ਼ੁਰੂ ਕਰ ਦਿੱਤਾ ਸੀ ਅਤੇ ਉਨ੍ਹਾਂ ਅਕਾਲੀ ਰਾਜਨੀਤੀ ਵਿੱਚ ਪੰਜਾਬੀ ਸੂਬਾ ਮੋਰਚਾ ਵਿੱਚ ਸਰਗਰਮ ਭੂਮਿਕਾ ਨਿਭਾਈ ਸੀ। ਉਨ੍ਹਾਂ ਖ਼ਾਲਸਾ ਕਾਲਜ, ਅੰਮ੍ਰਿਤਸਰ ਵਿੱਚ ਐਫ.ਏ. ਕਰਦਿਆਂ ਹੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨਾਲ ਕਰੀਬ ਦਾ ਰਾਬਤਾ ਕਾਇਮ ਕਰ ਲਿਆ ਸੀ।
ਸ੍ਰੀ ਉਬੋਕੇ ਨੇ ਕਿਹਾ ਕਿ ਪੰਜਾਬੀ ਸੂਬਾ ਹੋਂਦ ਵਿੱਚ ਆਉਣ ਤੋਂ ਬਾਅਦ ਸਿੱਖਾਂ ਵਿੱਚ ਆਤਮ ਵਿਸ਼ਵਾਸ ਦੀ ਘਾਟ ਆਈ ਹੈ ਅਤੇ ਦੇਸ਼ ਵਿੱਚ ਸਿੱਖਾਂ ਦੀ ਇੱਜ਼ਤ ਨੂੰ ਵੀ ਵੱਟਾ ਲੱਗਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਇੱਕ ਵੇਲੇ ਗੁਜਰਾਤ, ਹਿਮਾਚਲ ਪ੍ਰਦੇਸ਼, ਹਰਿਆਣਾ ਆਦਿ ਤੱਕ ਫੈਲਿਆ ਹੋਇਆ, ਜੋ ਹੁਣ ਸਿਮਟ ਕੇ ਛੋਟਾ ਜਿਹਾ ਸੂਬਾ ਬਣ ਕੇ ਰਹਿ ਗਿਆ ਹੈ। ਉਨ੍ਹਾਂ ਨੂੰ ਇਹ ਵੀ ਯਾਦ ਹੈ ਕਿ ਇੱਕ ਵੇਲੇ ਇਹ ਪੰਜਾਬ ਪਾਕਿਸਤਾਨ ਦੇ ਲਾਹੌਰ ਜ਼ਿਲ੍ਹੇ ਤੱਕ ਵੀ ਫੈਲਿਆ ਹੁੰਦਾ ਸੀ। ਸ੍ਰੀ ਉਬੋਕੇ ਨੇ ਕਿਹਾ ਕਿ ਪੰਜਾਬੀ ਸੂਬਾ ਹੋਂਦ ਵਿੱਚ ਆਉਣ ਤੋਂ ਪਹਿਲਾਂ ਅੰਮ੍ਰਿਤਸਰ ਤੋਂ ਲੈ ਕੇ ਮਥੁਰਾ (ਉੱਤਰ ਪ੍ਰਦੇਸ਼) ਤੱਕ ਰੇਲਵੇ ਵੱਲੋਂ ਸਟੇਸ਼ਨਾਂ ਦੇ ਬੋਰਡਾਂ ‘ਤੇ ਹਿੰਦੀ, ਉਰਦੂ ਭਾਸ਼ਾਵਾਂ ਦੇ ਨਾਲ ਨਾਲ ਪੰਜਾਬੀ ਭਾਸ਼ਾ ਵਿੱਚ ਵੀ ਨਾਮ ਲਿਖੇ ਹੁੰਦੇ ਸਨ। ਉਨ੍ਹਾਂ ਗਿਲਾ ਕੀਤਾ ਕਿ ਪੰਜਾਬੀ ਸੂਬਾ ਬਣਨ ਮਗਰੋਂ ਅੱਜ ਪੰਜਾਬ ਦੇ ਲੋਕਾਂ ਹਿਮਾਚਲ ਪ੍ਰਦੇਸ਼ ਵਿੱਚ ਜਾਇਦਾਦ ਨਹੀਂ ਖ਼ਰੀਦ ਸਕਦੇ, ਸਿੱਖਾਂ ਲਈ ਨੌਕਰੀਆਂ ਦੇ ਦਰਵਾਜ਼ੇ ਛੋਟੇ ਹੋ ਗਏ ਅਤੇ ਸਿੱਖਾਂ ਲਈ ਰੁਜ਼ਗਾਰ ਦੇ ਮੌਕੇ ਸਿਮਟ ਗਏ।