ਜਲ੍ਹਿਆਂਵਾਲਾ ਬਾਗ਼ ਕਾਂਡ ਲਈ ਬਰਤਾਨਵੀ ਪ੍ਰਧਾਨ ਮੰਤਰੀ ਮੁਆਫ਼ੀ ਮੰਗੇ : ਸ਼ਸ਼ੀ ਥਰੂਰ

ਜਲ੍ਹਿਆਂਵਾਲਾ ਬਾਗ਼ ਕਾਂਡ ਲਈ ਬਰਤਾਨਵੀ ਪ੍ਰਧਾਨ ਮੰਤਰੀ ਮੁਆਫ਼ੀ ਮੰਗੇ : ਸ਼ਸ਼ੀ ਥਰੂਰ

ਨਵੀਂ ਦਿੱਲੀ/ਬਿਊਰੋ ਨਿਊਜ਼ :
ਕਾਂਗਰਸੀ ਆਗੂ ਸ਼ਸ਼ੀ ਥਰੂਰ ਦਾ ਮੰਨਣਾ ਹੈ ਕਿ ਬਰਤਾਨੀਆ ਵੱਲੋਂ ਬਸਤੀਵਾਦੀ ਸ਼ੋਸ਼ਣ ਲਈ ਹਰਜਾਨੇ ਦਾ ਫਾਰਮੂਲਾ ਮੁਸ਼ਕਲ ਹੈ ਪਰ ਬਰਤਾਨੀਆ ਦੇ ਪ੍ਰਧਾਨ ਮੰਤਰੀ ਵੱਲੋਂ ਜਲ੍ਹਿਆਂਵਾਲਾ ਬਾਗ਼ ਦੁਖਾਂਤ ਦੀ ਸ਼ਤਾਬਦੀ ਮੌਕੇ ‘ਗੋਡਿਆਂ ਭਾਰ ਹੋ ਕੇ’ ਕਤਲੇਆਮ ਲਈ ਮੁਆਫ਼ੀ ਮੰਗਣ ਕਾਰਨ ਅਜਿਹੀ ਭਾਵਨਾ ਕੁਝ ਹੱਦ ਦੂਰ ਹੋਵੇਗੀ ਕਿ ਉਸ ਵੇਲੇ ਹੋਈਆਂ ਗ਼ਲਤੀਆਂ ਮੰਨੀਆਂ ਨਹੀਂ ਗਈਆਂ।
ਹਰਜਾਨੇ ਦਾ ਮੁੱਦਾ ਉਦੋਂ ਚਰਚਾ ਵਿੱਚ ਆਇਆ, ਜਦੋਂ ਸ੍ਰੀ ਥਰੂਰ ਨੇ ਪਿਛਲੇ ਸਾਲ ਆਕਸਫੋਰਡ ਵਿੱਚ ‘ਬਰਤਾਨੀਆ ਆਪਣੀਆਂ ਪੁਰਾਣੀਆਂ ਬਸਤੀਆਂ ਦਾ ਕਰਜ਼ਦਾਰ ਹੈ’ ਵਿਸ਼ੇ ਉਤੇ ਭਾਸ਼ਣ ਦਿੱਤਾ ਸੀ। ਉਨ੍ਹਾਂ ਦਾ ਇਹ ਭਾਸ਼ਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਸੀ। ਹੁਣ ‘ਹਨੇਰ ਕਾਲ: ਭਾਰਤ ਵਿੱਚ ਬਰਤਾਨਵੀ ਸਾਮਰਾਜ’ ਨਾਮੀ ਪੁਸਤਕ ਵਿੱਚ ਸ੍ਰੀ ਥਰੂਰ ਨੇ ਅਜਿਹੇ ਕਈ ਤਰੀਕਿਆਂ ਬਾਰੇ ਗੱਲ ਕੀਤੀ ਹੈ ਜਿਨ੍ਹਾਂ ਰਾਹੀਂ ਬਰਤਾਨੀਆ ਨੇ ਭਾਰਤ ਨੂੰ ਤਕਰੀਬਨ ਤਬਾਹ ਕਰ ਦਿੱਤਾ ਸੀ। ਤਿਰੂਵਨੰਤਪੁਰਮ ਦੇ ਸੰਸਦ ਮੈਂਬਰ ਨੇ ਕਿਹਾ ਕਿ ਗ਼ਲਤੀਆਂ ਦੀ ਕੋਈ ਮਾਤਰਾ ਤਾਂ ਤੈਅ ਨਹੀਂ ਕੀਤੀ ਜਾ ਸਕਦੀ। ਵਿੱਤੀ ਹਰਜਾਨੇ ਨਾਲੋਂ ਜਿਹੜੀ ਗੱਲ ਜ਼ਿਆਦਾ ਜ਼ਰੂਰੀ ਹੈ, ਉਹ ਹੈ ਮੁਆਫ਼ੀ। ਉਨ੍ਹਾਂ ਕਿਹਾ ਕਿ ਅੱਜ ਦੇ ਬਰਤਾਨਵੀ ਵਾਸੀ ਆਪਣੇ ਪੂਰਵਜਾਂ ਵੱਲੋਂ ਕੀਤੀਆਂ ਗ਼ਲਤੀਆਂ ਲਈ ਜ਼ਿੰਮੇਵਾਰ ਨਹੀਂ। ਨਾ ਉਹ ਉਨ੍ਹਾਂ ਲੋਕਾਂ ਤੋਂ ਮੁਆਫ਼ੀ ਮੰਗ ਸਕਦੇ ਹਨ, ਜਿਨ੍ਹਾਂ ਨਾਲ ਗ਼ਲਤ ਹੋਇਆ ਪਰ ਇਸ ਨਾਲ ਇਹ ਭਾਵਨਾ ਪੈਦਾ ਹੋਵੇਗੀ ਕਿ ਇਕ ਸਮੁੱਚਾ ਸਮਾਜ ਪੂਰੀ ਮਨੁੱਖਤਾ ਤੋਂ ਮੁਆਫ਼ੀ ਮੰਗ ਰਿਹਾ ਹੈ।
ਸ੍ਰੀ ਥਰੂਰ ਨੇ ਕਿਹਾ ਕਿ ਵਿੱਤੀ ਹਰਜਾਨੇ ਦਾ ਫਾਰਮੂਲਾ ਮੁਸ਼ਕਲ ਹੈ ਕਿਉਂਕਿ ਕੁੱਲ ਹਰਜਾਨਾ ਦਿੱਤਾ ਨਹੀਂ ਜਾਵੇਗਾ ਅਤੇ ਜੋ ਦਿੱਤਾ ਜਾਵੇਗਾ, ਉਹ ਕਾਫ਼ੀ ਨਹੀਂ ਹੋਵੇਗਾ। ਉਨ੍ਹਾਂ ਦੋ ਮਿਸਾਲਾਂ ਦਿੰਦਿਆਂ ਕਿਹਾ ਕਿ ਜਰਮਨੀ ਦੇ ਸੋਸ਼ਲ ਡੈਮਰੋਕਰੈਟ ਆਗੂ ਵਿਲੀ ਬ੍ਰੈਂਡਟ ਨੇ ਨਾਜ਼ੀਆਂ ਦੇ ਜੁਰਮਾਂ ਲਈ ਵਾਰਸਾ ਗੈਟੋ ਵਿੱਚ ਗੋਡਿਆਂ ਭਾਰ ਹੋ ਕੇ ਮੁਆਫ਼ੀ ਮੰਗੀ। ਭਾਵੇਂ ਉਹ ਇਨ੍ਹਾਂ ਜੁਰਮਾਂ ਨਾਲ ਕਿਸੇ ਵੀ ਤਰ੍ਹਾਂ ਸਬੰਧਤ ਨਹੀਂ ਸਨ। ਹਾਲ ਹੀ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਾਮਾਗਾਟਾ ਮਾਰੂ ਦੁਖਾਂਤ ਲਈ ਮੁਆਫ਼ੀ ਮੰਗੀ। ਹਾਲਾਂਕਿ ਕੈਨੇਡਾ ਅਸਲ ਵਿੱਚ ਕਿਸੇ ਵੀ ਕਤਲ ਲਈ ਜ਼ਿੰਮੇਵਾਰ ਨਹੀਂ। ਉਨ੍ਹਾਂ ਕਿਹਾ ਕਿ ਇਸ ਮਾਡਲ ਨੂੰ ਭਾਰਤ ਦੇ ਸੰਦਰਭ ਵਿੱਚ ਵੀ ਅਪਣਾਇਆ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋ ਮੁਆਫ਼ੀਆਂ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਲਈ ਆਦਰਸ਼ ਸਥਾਪਤ ਕੀਤਾ ਹੈ ਕਿ ਉਹ ਜਲ੍ਹਿਆਂਵਾਲਾ ਬਾਗ਼ ਦੀ ਸ਼ਤਾਬਦੀ ਮੌਕੇ ਉਥੇ ਜਾਣ ਅਤੇ ਬੀਤੇ ਵਿੱਚ ਕੀਤੇ ਸਾਰੇ ਗੁਨਾਹਾਂ ਲਈ ਗੋਡਿਆਂ ਭਾਰ ਹੋ ਕੇ ਮੁਆਫ਼ੀ ਮੰਗਣ।