ਗੈਸ ਏਜੰਸੀ ਹਥਿਆਉਣ ਦਾ ਮਾਮਲਾ : ਸਾਬਕਾ ਵਿਧਾਇਕ ਛੱਜਲਵੱਡੀ, ਪਤਨੀ ਸਮੇਤ ਚਾਰ ਖ਼ਿਲਾਫ਼ ਦੋਸ਼ ਆਇਦ

ਗੈਸ ਏਜੰਸੀ ਹਥਿਆਉਣ ਦਾ ਮਾਮਲਾ : ਸਾਬਕਾ ਵਿਧਾਇਕ ਛੱਜਲਵੱਡੀ, ਪਤਨੀ ਸਮੇਤ ਚਾਰ ਖ਼ਿਲਾਫ਼ ਦੋਸ਼ ਆਇਦ

ਅੰਮ੍ਰਿਤਸਰ/ਬਿਊਰੋ ਨਿਊਜ਼ :
ਇਕ ਸ਼ਹੀਦ ਸੈਨਿਕ ਪਰਿਵਾਰ ਨੂੰ ਅਲਾਟ ਹੋਈ ਗੈਸ ਏਜੰਸੀ ਧੋਖੇ ਨਾਲ ਹਥਿਆਉਣ ਦੇ ਚਰਚਿਤ ਮਾਮਲੇ ਵਿਚ ਸਾਬਕਾ ਵਿਧਾਇਕ ਤੇ ਸੀਨੀਅਰ ਕਾਂਗਰਸੀ ਆਗੂ ਰਣਜੀਤ ਸਿੰਘ ਛੱਜਲਵੱਡੀ ਤੇ ਉਨ੍ਹਾਂ ਦੀ ਪਤਨੀ ਸਮੇਤ ਚਾਰ ਵਿਅਕਤੀਆਂ ਖਿਲਾਫ ਏਕਤਾ ਸਹੋਤਾ ਦੀ ਅਦਾਲਤ ਵੱਲੋਂ ਧੋਖਾਧੜੀ ਦੇ ਦੋਸ਼ ਆਇਦ ਕੀਤੇ ਗਏ। ਉਨ੍ਹਾਂ ਖਿਲਾਫ ਅਗਲੀ ਕਾਨੂੰਨੀ ਸੁਣਵਾਈ 8 ਨਵੰਬਰ ਦੀ ਨਿਰਧਾਰਤਿ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਵਕੀਲ ਅਵਤਾਰ ਸਿੰਘ ਰੰਧਾਵਾ ਤੇ ਮਨਦੀਪ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਜਡਿੰਆਲਾ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਨੇ 2012 ਵਿਚ ਦਰਜ ਕਰਵਾਇਆ ਸੀ, ਜਿਸ ਨੇ ਦੱਸਿਆ ਕਿ 1987 ਵਿਚ ਸ੍ਰੀ ਲੰਕਾ ਵਿਚ ਹੋਏ ਪਵਨ ਅਪਰੇਸ਼ਨ ਦੌਰਾਨ ਫੌਜ ਦੇ ਸੈਨਿਕ ਤੇ ਉਸ ਦੇ ਪਿਤਾ ਬਲਵਿੰਦਰ ਸਿੰਘ ਦੀ ਸ਼ਹਾਦਤ ਹੋਈ ਸੀ ਜਿਸ ਨੂੰ ਸਰਕਾਰ ਨੇ ਸਨਮਾਨ ਵਜੋਂ ਉਨ੍ਹਾਂ ਦੇ ਪਰਿਵਾਰ ਨੂੰ ਗੈਸ ਏਜੰਸੀ ਅਲਾਟ ਕੀਤੀ ਸੀ, ਉਕਤ ਆਗੂ ਛੱਜਲਵੱਡੀ ਤੇ ਉਨ੍ਹਾਂ ਦੀ ਪਤਨੀ ਉਨ੍ਹਾਂ ਦੇ ਘਰ ਅਫਸੋਸ ਕਰਨ ਆਏ ਤੇ ਉਨ੍ਹਾਂ ਦੀ ਮਾਤਾ ਅਮਰਜੀਤ ਕੌਰ ਨੂੰ ਦਿਲਾਸਾ ਦਿੱਤਾ ਕਿ ਉਹ ਉਸ ਨੂੰ ਸਰਕਾਰੀ ਸਹੂਲਤਾਂ ਲੈ ਕੇ ਦੇਣਗੇ। ਇਸ ਲਈ ਉਹ ਜੋ ਵੀ ਦਸਤਾਵੇਜ਼ ਆਉਣ ਉਨ੍ਹਾਂ ਨੂੰ ਕਥਿਤ ਤੌਰ ‘ਤੇ ਦੇ ਦੇਵੇ। ਇਸ ਉਪਰੰਤ 2010 ਨੂੰ ਜਦੋਂ ਉਹ ਕੋਈ ਸਹਾਇਤਾ ਨਾ ਮਿਲਣ ਕਰਕੇ ਆਪਣੀ ਮਾਂ ਨੂੰ ਨਾਲ ਲੈ ਕੇ ਸੈਨਿਕ ਅਧਿਕਾਰੀਆਂ ਨੂੰ ਮਿਲਿਆ ਤਾਂ ਉਨ੍ਹਾਂ ਨੂੰ ਪਤਾ ਲਗਾ ਕਿ ਉਨ੍ਹਾਂ ਦੇ ਪਿਤਾ ਦੇ ਨਾਂਅ ‘ਤੇ ਮੋਹਾਲੀ ਵਿਚ ਗੈਸ ਏਜੰਸੀ ਚਲ ਰਹੀ ਹੈ। ਇਸ ਦੀ ਸ਼ਿਕਾਇਤ ਪੁਲੀਸ ਨੂੰ ਕੀਤੀ ਤਾਂ ਥਾਣਾ ਸਿਵਲ ਲਾਈਨ ਦੀ ਪੁਲੀਸ ਵੱਲੋਂ 2012 ਵਿਚ ਉਕਤ ਆਗੂ ਜੋੜੇ ਤੋਂ ਇਲਾਵਾ ਵਿਨੋਦ ਅਰੋੜਾ ਤੇ ਦਰਸ਼ਨ ਅਰੋੜਾ ਖਿਲਾਫ ਵੀ ਪਰਚਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿਚ ਅਦਾਲਤ ਵੱਲੋਂ ਮੁਦਈ ਪੱਖ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਦੋਸ਼ ਆਇਦ ਕੀਤੇ ਗਏ ਹਨ, ਜਿਸ ਨਾਲ ਉਨ੍ਹਾਂ ਖਿਲਾਫ ਅਦਾਲਤੀ ਕੇਸ ਚਲਣ ਲਈ ਰਾਹ ਪੱਧਰਾ ਹੋ ਗਿਆ ਹੈ।