ਐਸਪੀ ਸਲਵਿੰਦਰ ਸਿੰਘ ਖਿਲਾਫ਼ ਮਹਿਲਾ ਪੁਲੀਸ ਮੁਲਾਜ਼ਮਾਂ ਨਾਲ ਛੇੜਛਾੜ ਦਾ ਕੇਸ ਦਰਜ

ਐਸਪੀ ਸਲਵਿੰਦਰ ਸਿੰਘ ਖਿਲਾਫ਼ ਮਹਿਲਾ ਪੁਲੀਸ ਮੁਲਾਜ਼ਮਾਂ ਨਾਲ ਛੇੜਛਾੜ ਦਾ ਕੇਸ ਦਰਜ

ਗੁਰਦਾਸਪੁਰ/ਬਿਊਰੋ ਨਿਊਜ਼ :
ਪਠਾਨਕੋਟ ਏਅਰਬੇਸ ਉਤੇ ਦਹਿਸ਼ਤੀ ਹਮਲੇ ਦੌਰਾਨ ਚਰਚਾ ਵਿੱਚ ਰਹੇ ਐਸਪੀ ਸਲਵਿੰਦਰ ਸਿੰਘ ਖਿਲਾਫ਼ ਮਹਿਲਾ ਪੁਲੀਸ ਕਰਮਚਾਰਨਾਂ ਨਾਲ ਕਥਿਤ ਛੇੜਛਾੜ ਦੇ ਦੋਸ਼ ਹੇਠ ਥਾਣਾ ਸਿਟੀ ਗੁਰਦਾਸਪੁਰ ਵਿੱਚ ਕੇਸ ਦਰਜ ਕੀਤਾ ਗਿਆ ਹੈ। ਪਹਿਲੀ ਜਨਵਰੀ ਨੂੰ ਪਠਾਨਕੋਟ ਏਅਰਬੇਸ ਉੱਤੇ ਦਹਿਸ਼ਤੀ ਹਮਲੇ ਸਮੇਂ ਸਲਵਿੰਦਰ ਸਿੰਘ ਗੁਰਦਾਸਪੁਰ ਵਿਖੇ ਬਤੌਰ ਐਸਪੀ (ਐਚ) ਤਾਇਨਾਤ ਸੀ। ਥਾਣਾ ਸਿਟੀ ਦੇ ਐਸਐਚਓ ਰਾਜਬੀਰ ਸਿੰਘ ਨੇ ਦੱਸਿਆ ਕਿ ਸਲਵਿੰਦਰ ਸਿੰਘ ਦੀ ਗੁਰਦਾਸਪੁਰ ਵਿਖੇ ਤਾਇਨਾਤੀ ਦੌਰਾਨ ਸੱਤ ਮਹਿਲਾ ਪੁਲੀਸ ਮੁਲਾਜ਼ਮਾਂ ਨੇ ਉਸ ਖ਼ਿਲਾਫ਼ ਛੇੜਛਾੜ ਅਤੇ ਸ਼ੋਸ਼ਣ ਕਰਨ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਨੂੰ ਦਿੱਤੀ ਸੀ। ਏਅਰਬੇਸ ਉੱਤੇ ਹਮਲੇ ਦੌਰਾਨ ਉਸ ਦੇ ਵਿਵਾਦਾਂ ਵਿੱਚ ਘਿਰਨ ਪਿੱਛੋਂ ਇਹ ਸ਼ਿਕਾਇਤ  ਮਹਿਲਾ ਆਈਜੀ ਗੁਰਪ੍ਰੀਤ ਕੌਰ ਦਿਓ ਕੋਲ ਜਾਂਚ ਲਈ ਭੇਜੀ ਗਈ ਸੀ, ਜਿਨ੍ਹਾਂ ਵੱਲੋਂ ਜਾਂਚ ਪਿੱਛੋਂ ਕੀਤੀ ਗਈ ਸਿਫਾਰਸ਼ ਦੇ ਆਧਾਰ ਉੱਤੇ ਹੀ ਇਹ ਕੇਸ ਦਰਜ ਕੀਤਾ ਗਿਆ ਹੈ। ਐਸਐਸਪੀ ਜਸਦੀਪ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸਲਵਿੰਦਰ ਸਿੰਘ ਦੀ ਪਹਿਲਾਂ ਦਰਜ ਕੁਝ ਕੇਸਾਂ ਵਿੱਚ ਵੀ ਜ਼ਮਾਨਤ ਅਰਜ਼ੀ ਖਾਰਜ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਅਜੇ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋਈ।