ਬਾਬਾ ਸੁਖਚੈਨ ਸਿੰਘ ਧਰਮਪੁਰਾ ਦਾ ਪੁੱਤਰ ਤੇ ਭਾਣਜਾ ਵਪਾਰੀ ਕੋਲੋਂ ਇਕ ਕਰੋੜ ਦੀ ਫਿਰੌਤੀ ਲੈਣ ਦੇ ਦੋਸ਼ ‘ਚ ਗ੍ਰਿਫ਼ਤਾਰ
ਸੁਖਬੀਰ ਬਾਦਲ ਨਾਲ ਸਟੇਜਾਂ ‘ਤੇ ਅਕਸਰ ਨਜ਼ਰ ਆਉਂਦਾ ਹੈ ਕਲਿਆਣ ਸਿੰਘ ਧਰਮਪੁਰਾ
ਮਾਨਸਾ/ਬਿਊਰੋ ਨਿਊਜ਼ :
ਮਾਨਸਾ ਪੁਲੀਸ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸੰਤ ਸਮਾਜ ਦੇ ਜਨਰਲ ਸਕੱਤਰ ਬਾਬਾ ਸੁਖਚੈਨ ਸਿੰਘ ਧਰਮਪੁਰਾ ਦੇ ਪੁੱਤਰ ਅਤੇ ਅਕਾਲੀ ਆਗੂ ਕਲਿਆਣ ਸਿੰਘ ਧਰਮਪੁਰਾ ਤੇ ਉਨ੍ਹਾਂ ਦੇ ਭਾਣਜੇ ਗੁਰਪ੍ਰੀਤ ਸਿੰਘ ਚਹਿਲ ਨੂੰ ਬੁਢਲਾਡਾ ਦੇ ਵਪਾਰੀ ਚਿਮਨ ਲਾਲ ਕੋਲੋਂ ਇੱਕ ਕਰੋੜ ਰੁਪਏ ਦੀ ਫਿਰੌਤੀ ਲੈ ਕੇ ਉਸ ਨੂੰ ਛੱਡਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਵਪਾਰੀ ਚਿਮਨ ਲਾਲ ਨੂੰ 4 ਸਤੰਬਰ ਨੂੰ ਅਗਵਾ ਕੀਤਾ ਗਿਆ ਸੀ ਤੇ 18 ਦਿਨਾਂ ਬਾਅਦ ਪਰਿਵਾਰ ਨੇ ਅਗਵਾਕਾਰਾਂ ਨੂੰ ਇਕ ਕਰੋੜ ਰੁਪਏ ਦੇ ਕੇ ਵਪਾਰੀ ਨੂੰ ਛੁਡਵਾਇਆ ਸੀ। ਪੁਲੀਸ ਨੇ ਮੁਲਜ਼ਮਾਂ ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਧਰਮਪੁਰਾ (ਥਾਣਾ ਬਰੇਟਾ) ਤੋਂ ਗ੍ਰਿਫ਼ਤਾਰ ਕੀਤਾ ਹੈ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਮੁਖਵਿੰਦਰ ਸਿੰਘ ਭੁੱਲਰ ਨੇ ਪ੍ਰੈੱਸ ਕਾਨਫ਼ਰੰਸ ਵਿੱਚ ਦੱਸਿਆ ਕਿ ਕਲਿਆਣ ਸਿੰਘ ਧਰਮਪੁਰਾ ਅਤੇ ਗੁਰਪ੍ਰੀਤ ਸਿੰਘ ਚਹਿਲ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਨ੍ਹਾਂ ਕੋਲੋਂ ਸਾਢੇ 22 ਲੱਖ ਰੁਪਏ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਪਿੰਡ ਧਰਮਪੁਰਾ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸੁਖਚੈਨ ਸਿੰਘ ਧਰਮਪੁਰਾ ਦੇ ਘਰ ਅਤੇ ਉਸ ਦੇ ਪ੍ਰਾਈਵੇਟ ਸਕੂਲ ਸਮੇਤ ਹੋਰ ਬਣਾਈਆਂ ਥਾਵਾਂ ‘ਤੇ ਛਾਪੇ ਮਾਰੇ ਸਨ, ਜਿੱਥੋਂ ਵਿਦੇਸ਼ੀ ਕਰੰਸੀ ਸਮੇਤ ਇਹ ਰਕਮ ਬਰਾਮਦ ਹੋਈ ਹੈ। ਪੁਲੀਸ ਅਧਿਕਾਰੀ ਅਨੁਸਾਰ ਕਲਿਆਣ ਸਿੰਘ ਦਾ ਪਿਛੋਕੜ ਅਪਰਾਧਕ ਮਾਮਲਿਆਂ ਵਾਲਾ ਹੈ ਅਤੇ ਪੁਲੀਸ ਉਸ ਦੇ ਪੁਰਾਣੇ ਮਾਮਲਿਆਂ ਦੀ ਜਾਂਚ ਵੀ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ ਪੁਲੀਸ ਕਾਰਵਾਈ ਤੋਂ ਪਰਿਵਾਰ ਪਹਿਲਾਂ ਸੰਤੁਸ਼ਟ ਨਹੀਂ ਹੋਇਆ ਸੀ। ਬਾਅਦ ਵਿੱਚ ਪਰਿਵਾਰ ਨੇ ਮੁੱਖ ਮੰਤਰੀ ਅਤੇ ਡੀਜੀਪੀ ਪੰਜਾਬ ਨੂੰ ਮਾਮਲੇ ਦੀ ਜਾਂਚ ਦੀ ਅਪੀਲ ਕੀਤੀ ਸੀ ਅਤੇ ਵੀਰਵਾਰ ਨੂੰ ਆਈਜੀ ਬਠਿੰਡਾ ਐਸ.ਕੇ. ਅਸਥਾਨਾ ਅਤੇ ਐਸਐਸਪੀ ਮਾਨਸਾ ਮੁਖਵਿੰਦਰ ਸਿੰਘ ਭੁੱਲਰ ਸਮੇਤ ਹੋਰ ਪੁਲੀਸ ਅਧਿਕਾਰੀਆਂ ਨੇ ਪਿੰਡ ਧਰਮਪੁਰਾ ਨੂੰ ਘੇਰਾ ਪਾ ਕੇ ਸੁਖਚੈਨ ਸਿੰਘ ਧਰਮਪੁਰਾ ਦੇ ਘਰ, ਸਕੂਲ ਤੇ ਹੋਰ ਥਾਵਾਂ ‘ਤੇ ਛਾਪੇ ਮਾਰੇ। ਉਧਰ ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਸੁਖਚੈਨ ਸਿੰਘ ਧਰਮਪੁਰਾ ਨੇ ਕੁਝ ਵੀ ਬੋਲਣ ਤੋਂ ਟਾਲਾ ਵੱਟੀ ਰੱਖਿਆ। ਦੱਸਿਆ ਜਾਂਦਾ ਹੈ ਕਿ ਕਲਿਆਣ ਸਿੰਘ ਧਰਮਪੁਰਾ ਇਸ ਵੇਲੇ ਰਾਜਸੀ ਤੌਰ ‘ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਯੂਥ ਅਕਾਲੀ ਦਲ ਮਾਲਵਾ ਜ਼ੋਨ-1 ਦੇ ਜਨਰਲ ਸਕੱਤਰ ਵਜੋਂ ਕੰਮ ਕਰ ਰਹੇ ਸਨ। ਉਨ੍ਹਾਂ ਨੂੰ ਅਕਸਰ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨਾਲ ਸਟੇਜਾਂ ‘ਤੇ ਦੇਖਿਆ ਜਾਂਦਾ ਰਿਹਾ ਹੈ।
Comments (0)