ਪਿੰਡ ਹਸਤ ਕਲਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ

ਪਿੰਡ ਹਸਤ ਕਲਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ

ਫਾਜ਼ਿਲਕਾ/ਬਿਊਰੋ ਨਿਊਜ਼ :
ਫਾਜ਼ਿਲਕਾ ਦੇ ਸਰਹੱਦੀ ਪਿੰਡ ਹਸਤਾ ਕਲਾਂ ਵਿੱਚ ਇੱਕ ਨੌਜਵਾਨ ਗੁਰਦੁਆਰਾ ਸਾਹਿਬ ਦੇ ਤਾਲੇ ਤੋੜ ਕੇ ਅੰਦਰ ਦਾਖ਼ਲ ਹੋ ਗਿਆ ਅਤੇ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਫਾੜ ਦਿੱਤੇ। ਪੁਲੀਸ ਨੇ ਇਸ ਮਾਮਲੇ ਦੀ ਮੁੱਢਲੀ ਜਾਂਚ ਤੋਂ ਬਾਅਦ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਮੱਖਣ ਸਿੰਘ ਵਾਸੀ ਪਿੰਡ ਚਾਂਦਮਾਰੀ ਨੇ ਦੱਸਿਆ ਕਿ ਉਹ ਲਗਭਗ 20 ਵਰ੍ਹਿਆਂ ਤੋਂ ਮੁੱਖ ਗ੍ਰੰਥੀ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਉਹ ਸ਼ਾਮ ਸਮੇਂ ਰਹਿਰਾਸ ਦੇ ਪਾਠ ਮਗਰੋਂ ਗੁਰੂ ਗ੍ਰੰਥ ਸਾਹਿਬ ਦਾ ਸੁੱਖ ਆਸਨ ਲਗਾ ਕੇ ਨੇੜੇ ਹੀ ਇੱਕ ਦੋਧੀ ਦੇ ਘਰ ਤੋਂ ਦੁੱਧ ਲੈਣ ਲਈ ਚਲਾ ਗਿਆ। ਕਿਸੇ ਨੇ ਫੋਨ ‘ਤੇ ਦੱਸਿਆ ਕਿ ਪਿੰਡ ਦੇ ਹੀ ਇੱਕ ਨੌਜਵਾਨ ਮਨੋਹਰ ਸਿੰਘ ਨੇ ਗੁਰਦੁਆਰੇ ਦੇ ਤਾਲੇ ਤੋੜ ਕੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਕੁਝ ਅੰਗ ਫਾੜ ਦਿੱਤੇ ਹਨ। ਉਸ ਨੇ ਦੱਸਿਆ ਕਿ ਉਹ ਜਦੋਂ ਗੁਰਦੁਆਰਾ ਸਾਹਿਬ ਵਿਖੇ ਪਹੁੰਚਿਆ ਤਾਂ ਉਸ ਦੇ ਘਰ ਵਾਲੇ ਉੁਸ ਨੌਜਵਾਨ ਨੂੰ ਫੜ ਕੇ ਲਿਆ ਰਹੇ ਸਨ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਪਿੰਡ ਦੇ ਸਰਪੰਚ ਜੰਗੀਰ ਸਿੰਘ, ਪੰਚ ਸੋਹਨ ਸਿੰਘ, ਰੋਸ਼ਨ ਸਿੰਘ ਅਤੇ ਪ੍ਰੀਤਮ ਸਿੰਘ ਨੂੰ ਦਿੱਤੀ ਗਈ। ਇਸ ਤੋਂ ਬਾਅਦ ਥਾਣਾ ਸਦਰ ਫਾਜ਼ਿਲਕਾ ਨੂੰ ਸੂਚਨਾ ਦਿੱਤੀ ਗਈ। ਜ਼ਿਲ੍ਹਾ ਪੁਲੀਸ ਮੁਖੀ ਡਾ. ਨਰਿੰਦਰ ਭਾਰਗਵ ਦੇ ਧਿਆਨ ਵਿੱਚ ਇਹ ਮਾਮਲਾ ਆਉਣ ‘ਤੇ ਉਨ੍ਹਾਂ ਤੁਰੰਤ ਥਾਣਾ ਸਦਰ ਪੁਲੀਸ ਇੰਚਾਰਜ ਇੰਸਪੈਕਟਰ ਜਗਦੀਸ਼ ਕੁਮਾਰ ਅਤੇ ਉਨ੍ਹਾਂ ਦੀ ਟੀਮ ਨੂੰ ਪਿੰਡ ਭੇਜਿਆ। ਇੰਸਪੈਕਟਰ ਜਗਦੀਸ਼ ਕੁਮਾਰ ਨੇ ਦੇਰ ਰਾਤ ਲਗਭਗ ਇੱਕ ਵਜੇ ਤੱਕ ਪਿੰਡ ਵਿੱਚ ਇਸ ਮਾਮਲੇ ਦੀ ਜਾਂਚ ਕੀਤੀ ਅਤੇ ਬਾਅਦ ਵਿੱਚ ਮਨੋਹਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਨੇ ਮਨੋਹਰ ਸਿੰਘ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪਿੰਡ ਵਾਸੀਆਂ ਮੁਤਾਬਕ ਮੁਲਜ਼ਮ ਮਨੋਹਰ ਸਿੰਘ ਪਿਛਲੇ ਕੁਝ ਦਿਨਾਂ ਤੋਂ ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਚੱਲ ਰਿਹਾ ਹੈ।