ਪਾਕਿ ਸਕੂਲ ਸਮੂਹ ਨੇ ਪੰਜਾਬੀ ਨੂੰ ‘ਖ਼ਰਾਬ’ ਦੱਸ ਕੇ ਲਾਈ ਪਾਬੰਦੀ

ਪਾਕਿ ਸਕੂਲ ਸਮੂਹ ਨੇ ਪੰਜਾਬੀ ਨੂੰ ‘ਖ਼ਰਾਬ’ ਦੱਸ ਕੇ ਲਾਈ ਪਾਬੰਦੀ

ਲਾਹੌਰ/ਬਿਊਰੋ ਨਿਊਜ਼ :
ਪਾਕਿਸਤਾਨ ਵਿੱਚ ਸਾਬਕਾ ਵਿਦੇਸ਼ ਮੰਤਰੀ ਖ਼ੁਰਸ਼ੀਦ ਮਹਿਮੂਦ ਕਸੂਰੀ ਦੀ ਮਾਲਕੀ ਵਾਲੇ ਪ੍ਰਾਈਵੇਟ ਸਕੂਲਾਂ ਦੇ ਇਕ ਸਮੂਹ ਵੱਲੋਂ ਪੰਜਾਬੀ ਨੂੰ ਖ਼ਰਾਬ ਭਾਸ਼ਾ ਕਰਾਰ ਦਿੰਦਿਆਂ ਸਕੂਲ ਕੈਂਪਸ ਦੇ ਅੰਦਰ ਤੇ ਬਾਹਰ ਇਸ ਉਪਰ ਪਾਬੰਦੀ ਲਗਾ ਦਿੱਤੀ ਗਈ ਹੈ। ਵੱਡੀ ਗਿਣਤੀ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਹੈ।
ਦਿ ਬਿਕਨਹਾਊਸ ਸਕੂਲ ਸਮੂਹ ਨੇ ਹਾਲ ਹੀ ਦੌਰਾਨ ਮਾਪਿਆਂ ਲਈ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬੀ ਨੂੰ ਬੱਚਿਆਂ ਤੇ ਮਾਤਾ-ਪਿਤਾ ਲਈ ਖ਼ਰਾਬ ਭਾਸ਼ਾ ਕਰਾਰ ਦਿੱਤਾ ਹੈ। ਨੋਟੀਫਿਕੇਸ਼ਨ ਦੇ ਪੰਜਵੇਂ ਪੁਆਇੰਟ ਵਿੱਚ ਕਿਹਾ ਗਿਆ ਹੈ ਕਿ ਖ਼ਰਾਬ ਭਾਸ਼ਾ ਦੀ ਸਕੂਲ ਸਮੇਂ, ਘਰ ਵਿੱਚ, ਸਕੂਲ ਕੈਂਪਸ ਦੇ ਅੰਦਰ ਤੇ ਬਾਹਰ ਬੋਲਣ ਦੀ ਇਜਾਜ਼ਤ ਨਹੀਂ ਹੈ। ਨੋਟਿਸ ਵਿੱਚ ਤਾਅਨੇ, ਗਾਲ੍ਹਾਂ, ਪੰਜਾਬੀ ਤੇ ਨਫ਼ਰਤ ਫੈਲਾਉਣ ਵਾਲੇ ਭਾਸ਼ਨ ਨੂੰ ਖ਼ਰਾਬ ਭਾਸ਼ਾ ਕਰਾਰ ਦਿੱਤਾ ਗਿਆ ਹੈ। ਕਈ ਮਾਪੇ, ਪ੍ਰਮੁੱਖ ਪੰਜਾਬੀ ਭਾਸ਼ਾ ਕਾਰਕੁਨ ਤੇ ਸਹਿਤਕਾਰਾਂ ਨੇ ਸਕੂਲ ਪ੍ਰਸ਼ਾਸਨ ਨੇ ਇਸ ਨੋਟੀਫਿਕੇਸ਼ਨ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਮੁਆਫ਼ੀ ਮੰਗਣ ਲਈ ਕਿਹਾ ਹੈ।
ਪੰਜਾਬੀ ਵਿਦਵਾਨ ਤੇ ਕਾਲਮ ਨਵੀਸ ਮੁਸ਼ਤਾਕ ਸੂਫੀ ਨੇ ਕਿਹਾ ਹੈ ਕਿ ਉਨ੍ਹਾਂ ਨੇ ਨੋਟੀਫਿਕੇਸ਼ਨ ਸੋਸ਼ਲ ਮੀਡੀਆ ਉਪਰ ਦੇਖਿਆ ਹੈ ਤੇ ਇਹ ਪਾਕਿਸਤਾਨ, ਭਾਰਤ ਤੇ ਦੁਨੀਆ ਦੇ ਹੋਰ ਮੁਲਕਾਂ ਵਿੱਚ ਰਹਿ ਰਹੇ ਕਰੋੜਾਂ ਪੰਜਾਬੀਆਂ ਦਾ ਅਪਮਾਨ ਹੈ। ਪੰਜਾਬ ਯੂਨੀਵਰਸਿਟੀ ਦੇ ਓਰੀਐਂਟਲ ਕਾਲਜ ਦੇ ਪ੍ਰੋਫੈਸਰ ਸਈਦ ਭੁੱਟਾ ਨੇ ਕਿਹਾ ਕਿ ਇਹ ਪੰਜਾਬੀ ਵਿਰਸੇ ਨੂੰ ਖਤਮ ਕਰਨ ਦੀ ਚਾਲ ਹੈ।