ਅਕਾਲੀ ਦਲ ਦਾ ਆਪਣਾ ਸਰਵੇਖਣ : ਮਾਝੇ ‘ਚ ਹਾਲਤ ਚੰਗੀ, ਦੁਆਬੇ ‘ਚ ਕਾਂਗਰਸ ਦੀ ਝੰਡੀ ਤੇ ਮਾਲਵੇ ‘ਚ ‘ਆਪ’ ਤੋਂ ਖ਼ਤਰਾ

ਅਕਾਲੀ ਦਲ ਦਾ ਆਪਣਾ ਸਰਵੇਖਣ : ਮਾਝੇ ‘ਚ ਹਾਲਤ ਚੰਗੀ, ਦੁਆਬੇ ‘ਚ ਕਾਂਗਰਸ ਦੀ ਝੰਡੀ ਤੇ ਮਾਲਵੇ ‘ਚ ‘ਆਪ’ ਤੋਂ ਖ਼ਤਰਾ

ਚੰਡੀਗੜ੍ਹ/ਬਿਊਰੋ ਨਿਊਜ਼ :
ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਚੋਣਾਂ ਸਬੰਧੀ ਖ਼ੁਦ ਕਰਵਾਏ ਸਰਵੇਖਣ ਨਾਲ ਹੌਸਲੇ ਵਿੱਚ ਲੱਗਦਾ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੀਨੀਅਰ ਅਕਾਲੀ ਨੇਤਾਵਾਂ ਨਾਲ ਸਰਵੇਖਣ ਦੇ ਨੁਕਤੇ ਸਾਂਝੇ ਕਰਦਿਆਂ ਦਾਅਵਾ ਕੀਤਾ ਹੈ ਕਿ ਮਾਝੇ ਵਿੱਚ ਦਲ ਲਈ ਰਾਹਤ ਦੀ ਰਿਪੋਰਟ ਹੈ ਪਰ ਦੁਆਬਾ ਕਾਂਗਰਸ ਦੀ ਪਕੜ ਵਿੱਚ ਹੈ। ਅਕਾਲੀ ਦਲ ਨੂੰ ਮਾਲਵਾ ਹੱਥੋਂ ਖਿਸਦਾ ਨਜ਼ਰ ਆ ਹੈ। ਉਥੇ ਆਮ ਆਦਮੀ ਪਾਰਟੀ (ਆਪ) ਵੱਲੋਂ ਅਕਾਲੀ ਦਲ ਅਤੇ ਕਾਂਗਰਸ ਦੇ ਵੋਟ ਬੈਂਕ ਨੂੰ ਖੋਰਾ ਲਾਉਣ ਦੀ ਗੱਲ ਕਹੀ ਜਾ ਰਹੀ ਹੈ। ਅਕਾਲੀ ਦਲ ਮੁਤਾਬਕ ਮਾਲਵੇ ਦੇ 6 ਜ਼ਿਲ੍ਹਿਆਂ ਸੰਗਰੂਰ, ਬਰਨਾਲਾ, ਮਾਨਸਾ, ਬਠਿੰਡਾ, ਮੋਗਾ ਅਤੇ ਫ਼ਰੀਦਕੋਟ ਵਿੱਚ ‘ਆਪ’ ਦਾ ਹੋਰ ਪਾਰਟੀਆਂ ਦੇ ਮੁਕਾਬਲੇ ਜ਼ਿਆਦਾ ਅਧਾਰ ਹੈ। ਇਸ ਲਈ ਸ਼੍ਰੋਮਣੀ ਅਕਾਲੀ ਦਲ ਨੇ ਸੱਤਾ ‘ਤੇ ਕਬਜ਼ਾ ਕਾਇਮ ਰੱਖਣ ਲਈ ਰਾਖਵੀਆਂ ਸੀਟਾਂ ‘ਤੇ ਧਿਆਨ ਕੇਂਦਰਤ ਕਰ ਦਿੱਤਾ ਹੈ। ਇਸ  ਤਹਿਤ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਰਾਖਵੇਂ ਵਿਧਾਨ ਸਭਾ ਹਲਕਿਆਂ ਦੀ ਨਿਗਰਾਨੀ ਕਰਨ ਲਈ ਕਿਹਾ ਗਿਆ ਹੈ। ਹਾਕਮ ਪਾਰਟੀ ਨੂੰ ਲੱਗਦਾ ਹੈ ਕਿ ਰਾਖਵੇਂ ਹਲਕੇ ਚੋਣਾਂ ਵਿਚ ਉਸ ਨੂੰ ਕੁੱਝ ਸਹਾਰਾ ਦੇ ਸਕਦੇ ਹਨ।
ਅਕਾਲੀ ਸੂਤਰਾਂ ਮੁਤਾਬਕ ਸੁਖਬੀਰ ਸਿੰਘ ਬਾਦਲ ਵੱਲੋਂ ਕਰਵਾਏ ਤਾਜ਼ਾ ਸਰਵੇਖਣ ਰਾਹੀਂ ਅਕਾਲੀ ਦਲ ਆਪਣੇ ਆਪ ਨੂੰ ‘ਮੁਕਾਬਲੇ’ ਵਿੱਚ ਮੰਨਣ ਲੱਗਾ ਹੈ। ਰਾਜ ਦਾ ਸਭ ਤੋਂ ਵੱਡਾ ਖੇਤਰ ਮਾਲਵਾ ਹੈ, ਜਿੱਥੇ 67 ਸੀਟਾਂ  ਹਨ। ਅਕਾਲੀ ਦਲ  ਖ਼ੁਦ ਮੰਨਦਾ ਹੈ ਕਿ ਇਸ ਖਿੱਤੇ ਦੇ ਸੰਗਰੂਰ, ਬਰਨਾਲਾ, ਮਾਨਸਾ, ਬਠਿੰਡਾ, ਮੋਗਾ ਅਤੇ ਫ਼ਰੀਦਕੋਟ ਵਿੱਚ ਹੀ ‘ਆਪ’ ਪੱਕੇ ਪੈਰੀਂ ਹੈ। ਸੂਤਰਾਂ ਮੁਤਾਬਕ ਇਹ ਤੱਥ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਏਜੰਸੀ ਰਾਹੀਂ ਕਰਵਾਏ ਸਰਵੇਖਣ ਦੌਰਾਨ ਸਾਹਮਣੇ ਆਏ ਹਨ ਜੋ ਸੀਨੀਅਰ ਆਗੂਆਂ ਦੇ ਸਾਹਮਣੇ ਰੱਖੇ ਗਏ। ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਇਨ੍ਹਾਂ ਤੱਥਾਂ ਦੀ ਪੁਸ਼ਟੀ ਕੀਤੀ ਹੈ।
ਹਾਕਮ ਧਿਰ ਨੂੰ ਰਾਖਵੀਂਆਂ ਸੀਟਾਂ ਦੇ ਸਹਾਰੇ ਸੱਤਾ ‘ਤੇ ਕਬਜ਼ਾ ਬਣਾਈ ਰੱਖਣ ਦੀ ਉਮੀਦ ਹੈ। ਪੰਜਾਬ ਵਿੱਚ ਇਸ ਸਮੇਂ ਰਾਖਵੇਂ ਵਿਧਾਨ ਸਭਾ ਹਲਕਿਆਂ ਦੀ ਗਿਣਤੀ 34 ਹੈ। ਸ਼੍ਰੋਮਣੀ ਅਕਾਲੀ ਦਲ ਨੇ ਰਣਨੀਤੀ ਬਣਾਈ ਹੈ ਕਿ ਇਨ੍ਹਾਂ ਹਲਕਿਆਂ ਵਿੱਚੋਂ ਜ਼ਿਆਦਾ ਤੋਂ ਜ਼ਿਆਦਾ ਸੀਟਾਂ ਹਥਿਆਈਆਂ ਜਾਣ। ਅਕਾਲੀ ਆਗੂਆਂ ਦਾ ਇਹ ਵੀ ਮੰਨਣਾ ਹੈ ਕਿ ਹਾਕਮ ਧਿਰ ਦੇ ਉਮੀਦਵਾਰ ਹੋਰ ਪਾਰਟੀਆਂ ਦੇ ਮੁਕਾਬਲੇ ਚੋਣਾਂ ਵਿੱਚ ਪੈਸਾ ਵੀ ਜ਼ਿਆਦਾ ਖ਼ਰਚ ਕਰ ਸਕਦੇ ਹਨ।