ਫਿਲਮ ‘ਪਦਮਾਵਤੀ’ ਦੀ ਸ਼ੂਟਿੰਗ ਮੌਕੇ ਬੰਸਾਲੀ ‘ਤੇ ਹਮਲਾ

ਫਿਲਮ ‘ਪਦਮਾਵਤੀ’ ਦੀ ਸ਼ੂਟਿੰਗ ਮੌਕੇ ਬੰਸਾਲੀ ‘ਤੇ ਹਮਲਾ

ਜੈਪੁਰਬਿਊਰੋ ਨਿਊਜ਼
ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਪਦਮਾਵਤੀ’, ਦੀ ਇੱਥੇ ਚੱਲ ਰਹੀ ਸ਼ੂਟਿੰਗ ਖ਼ਿਲਾਫ਼ ਅੱਜ ਇੱਥੋਂ ਦੀ ਇੱਕ ਸੰਸਥਾ  ਕਰਨੀ ਸੈਨਾ ਦੇ ਕਾਰਕੁਨਾਂ ਨੇ ਰੋਸ ਪ੍ਰਦਰਸ਼ਨ ਦੌਰਾਨ ਬੰਸਾਲੀ ‘ਤੇ ਹਮਲਾ ਕਰ ਦਿੱਤਾ। ਇਸ ਤੋਂ ਮਗਰੋਂ ਕਿਲ੍ਹਾ ਜੈਗੜ੍ਹ ਵਿੱਚ ਚੱਲ ਰਹੀ ਫਿਲਮ ਦੀ ਸ਼ੂਟਿੰਗ ਰੁਕਵਾ ਦਿੱਤੀ ਗਈ।ਕਰਨੀ ਸੈਨਾ ਦੇ ਕਾਰਕੁਨ ਵਿਕਰਮ ਸਿੰਘ ਨੇ ਕਿਹਾ ਕਿ ਇਹ ਫਿਲਮ ਰਾਣੀ ਪਦਮਾਵਤੀ ਬਾਰੇ ਗਲਤ ਤੱਥ ਪੇਸ਼ ਕਰ ਰਹੀ ਹੈ। ਨੌਜਵਾਨਾਂ ਨੇ ਜੈਗੜ੍ਹ ਕਿਲੇ ਵਿੱਚ ਲੱਗੇ ਫਿਲਮ ਪਦਮਾਵਤੀ ਦੇ ਸੈੱਟ ਦੀ ਵੀ ਭੰਨਤੋੜ ਕੀਤੀ। ਪੁਲੀਸ ਨੇ ਇਸ ਹਮਲੇ ਦੇ ਦੋਸ਼ ਵਿੱਚ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕਰਨੀ ਸੈਨਾ ਦੇ ਜਿਲ੍ਹਾ ਪ੍ਰਧਾਨ ਨਰਾਇਣ ਸਿੰਘ ਨੇ ਦੱਸਿਆ ਕਿ ਭੀੜ ਵਿੱਚੋਂ ਕਿਸੇ ਨੇ ਭੰਸਾਲੀ ਦੇ ਕਥਿਤ ਤੌਰ ‘ਤੇ ਥੱਪੜ ਮਾਰਿਆ ਅਤੇ ਉਸਦੇ ਗਲਾਮੇ ਨੂੰ ਹੱਥ ਪਾ ਲਿਆ।
ਜੈਪੁਰ ਦੇ ਇੱਕ ਪੁਲੀਸ ਅਧਿਕਾਰੀ ਅਨੁਸਾਰ ਬਾਅਦ ਵਿੱਚ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਮਾਮਲਾ ਸੁਲਝ ਗਿਆ ਹੈ। ਇਸੇ ਦੌਰਾਨ ਫ਼ਿਲਮਸਾਜ਼ ਕਰਨ ਜੌਹਰ, ਅਨੁਰਾਗ ਕਸ਼ਯਪ, ਮੁਕੇਸ਼ ਭੱਟ, ਰਾਮ ਗੋਪਾਲ ਵਰਮਾ, ਸੋਨਮ ਕਪੂਰ, ਅਸ਼ੋਕ ਪੰਡਿਤ, ਵਿਸ਼ਾਲ ਡਡਲਾਨੀ  ਅਤੇ ਹੋਰਾਂ ਨੇ ਇਸ ਹਮਲੇ ਦੀ ਨਿਖੇਧੀ ਕੀਤੀ ਹੈ।