ਆਦਮਪੁਰ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਮਾਮਲੇ ਵਿਚ ਗ੍ਰੰਥੀ ਕਾਬੂ

ਆਦਮਪੁਰ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਮਾਮਲੇ ਵਿਚ ਗ੍ਰੰਥੀ ਕਾਬੂ

ਜਲੰਧਰ/ਬਿਊਰੋ ਨਿਊਜ਼ :
ਇਥੋਂ ਦੇ ਵਾਰਡ ਨੰਬਰ 7 ਵਿੱਚ ਕਿਸੇ ਨੇ ਗੁਟਕੇ ਦੇ ਪੱਤਰੇ ਪਾੜ ਕੇ ਗਲੀ ਅਤੇ ਇੱਕ ਖਾਲੀ ਦੁਕਾਨ ਵਿੱਚ ਸੁੱਟ ਦਿੱਤੇ। ਪੁਲੀਸ ਨੇ ਇਸ ਮਾਮਲੇ ਸਬੰਧੀ ਇੱਕ ਗ੍ਰੰਥੀ ਨੂੰ ਕਾਬੂ ਕੀਤਾ ਹੈ।
ਖਿਲਰੇ ਹੋਏ ਗੁਟਕੇ ਦੇ ਪੰਨਿਆਂ ਨੂੰ ਸਭ ਤੋਂ ਪਹਿਲਾ ਇੱਕ ਲੜਕੀ ਨੇ ਦੇਖਿਆ ਤੇ ਇਸ ਦੀ ਜਾਣਕਾਰੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ। ਸੂਚਨਾ ਮਿਲਣ ‘ਤੇ ਘਟਨਾ ਵਾਲੀ ਥਾਂ ਸਿੱਖ ਜਥੇਬੰਦੀਆਂ ਦੇ ਮੈਂਬਰ ਇਕੱਠੇ ਹੋ ਗਏ। ਇਸੇ ਦੌਰਾਨ ਐਸ.ਪੀ. (ਜਾਂਚ) ਪਰਮਿੰਦਰ ਸਿੰਘ ਭੰਡਾਲ, ਡੀ.ਐਸ.ਪੀ. (ਆਦਮਪੁਰ) ਤੇਜਬੀਰ ਸਿੰਘ ਹੁੰਦਲ ਅਤੇ ਡੀ.ਐਸ.ਪੀ. ਸਰਬਜੀਤ ਸਿੰਘ ਰਾਏ ਮੌਕੇ ‘ਤੇ ਪੁੱਜੇ। ਐਸ.ਪੀ. ਭੰਡਾਲ ਨੇ ਲੋਕਾਂ ਨੂੰ ਸ਼ਾਂਤ ਕੀਤਾ ਤੇ ਫਿੰਗਰ ਪ੍ਰਿੰਟ ਮਾਹਰਾਂ ਦੀ ਟੀਮ ਸੱਦ ਕੇ ਨਿਸ਼ਾਨ ਲਏ। ਬਾਅਦ ਵਿੱਚ ਗੁਟਕੇ ਨੂੰ ਮਰਿਆਦਾ ਮੁਤਾਬਕ ਆਦਮਪੁਰ ਸਥਿਤ ਨਿਰਮਲ ਕੁਟੀਆ ਲਿਆਂਦਾ ਗਿਆ ਤੇ ਅਰਦਾਸ ਕੀਤੀ ਗਈ। ਨਿਰਮਲ ਕੁਟੀਆ ਵਿਖੇ ਘਟਨਾ ਦੇ ਪਸ਼ਚਾਤਾਪ ਲਈ ਗੁਰੂ ਗ੍ਰੰਥ ਸਾਹਿਬ ਦੇ ਪਾਠ ਆਰੰਭ ਕੀਤੇ ਗਏ। ਪੁਲੀਸ ਨੇ ਨਿਰੰਕਾਰ ਸਿੰਘ ਨਾਮ ਦੇ ਵਿਅਕਤੀ ਦੇ ਬਿਆਨਾਂ ‘ਤੇ ਇਸ ਮਾਮਲੇ ਸਬੰਧੀ ਕੇਸ ਦਰਜ ਕੀਤਾ ਤੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ।
ਬਾਅਦ ਵਿੱਚ ਐਸਐਸਪੀ ਹਰਮੋਹਨ ਸਿੰਘ ਸੰਧੂ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਬੇਅਦਬੀ ਮਾਮਲੇ ਵਿੱਚ ਗੁਰਜੀਤ ਸਿੰਘ ਵਾਸੀ ਵਾਰਡ ਨੰਬਰ 7 ਨੂੰ ਅਲਾਵਲਪੁਰ ਮੋੜ ਤੋਂ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗੁਰਜੀਤ ਸਿੰਘ ਗ੍ਰੰਥੀ ਸਿੰਘ ਹੈ ਤੇ ਇਹ ਖਾਲੀ ਸਮੇਂ ਈ-ਰਿਕਸ਼ਾ ਚਲਾਉਂਦਾ ਹੈ। ਉਨ੍ਹਾਂ ਮੁਤਾਬਕ ਗੁਰਜੀਤ ਸਿੰਘ ਨੇ ਮੰਨਿਆ ਕਿ ਉਹ ਰਾਤ ਕੀਰਤਨ ਦਰਬਾਰ ਤੋਂ ਮੋਟੇ ਅੱਖਰਾਂ ਵਾਲਾ ਗੁਟਕਾ 70 ਰੁਪਏ ਵਿੱਚ ਖ਼ਰੀਦ ਕੇ ਲਿਆਇਆ ਸੀ। ਰਾਤ 1: 30 ਵਜੇ ਦੇ ਕਰੀਬ ਉਹ ਘਰ ਨੇੜੇ ਖਾਲੀ ਦੁਕਾਨਾਂ ਦੀਆਂ ਪੌੜੀਆਂ ‘ਤੇ ਬੈਠ ਗਿਆ ਤੇ ਗੁਟਕੇ ਨੂੰ ਪਾੜ ਦਿੱਤਾ। ਪਿਛਲੇ ਸਾਲ ਆਦਮਪੁਰ ਦੇ ਪਿੰਡ ਘੁੜਿਆਲ ਦੇ ਜਿਸ ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ, ਉਸ ਵਿੱਚ ਗੁਰਜੀਤ ਸਿੰਘ ਨੇ ਹੀ ਗ੍ਰੰਥੀਆਂ ਦਾ ਪ੍ਰਬੰਧ ਕੀਤਾ ਸੀ।