ਪ੍ਰਿੰਸੀਪਲ ਬਰਜਿੰਦਰ ਸਿੰਘ ਸਿੱਧੂ ਦੀ ਪੁਸਤਕ ‘ਬਾਬੇ ਦਾਦੇ ਰੱਬ ਰਜ਼ਾ ਦੇ’ ਦਾ ਲੋਕ ਅਰਪਣ

ਪ੍ਰਿੰਸੀਪਲ ਬਰਜਿੰਦਰ ਸਿੰਘ ਸਿੱਧੂ ਦੀ ਪੁਸਤਕ ‘ਬਾਬੇ ਦਾਦੇ ਰੱਬ ਰਜ਼ਾ ਦੇ’ ਦਾ ਲੋਕ ਅਰਪਣ

ਚੰਡੀਗੜ੍ਹ/ ਬਿਊਰੋ ਨਿਊਜ਼:
ਪਰਵਾਸੀ ਪੰਜਾਬੀ ਲੇਖਕ ਅਤੇ ਕਾਲਮਨਵੀਸ ਪ੍ਰਿੰਸੀਪਲ ਬਰਜਿੰਦਰ ਸਿੰਘ ਸਿੱਧੂ ਦੀ ਵਾਰਤਕ ਪੁਸਤਕ ‘ਬਾਬੇ ਦਾਦੇ ਰੱਬ ਰਜ਼ਾ ਦੇ’ ਪ੍ਰੋ. ਅਮਰਜੀਤ ਸਿੰਘ, ਕਰਨਲ ਅਜੀਤ ਸਿੰਘ ਸਿੱਧੂ, ਪ੍ਰਿੰਸੀਪਲ ਰਾਜਵੰਤ ਕੌਰ, ਡਾਕਟਰ ਹਿੱਤਪ੍ਰੀਤ ਕੌਰ ਯੂਐੱਸਏ ਅਤੇ ਸੀਨੀਅਰ ਪੱਤਰਕਾਰ ਦਲਜੀਤ ਸਿੰਘ ਸਰਾਂ ਵਲੋਂ ਲੋਕ ਅਰਪਣ ਕੀਤੀ ਗਈ।
ਬਠਿੰਡਾ ਜਿਲ੍ਹੇ ਰਾਮਪੁਰਾ (ਫੂਲ) ਪਿੰਡ ਨਾਲ ਸਬੰਧ ਰੱਖਣ ਵਾਲੇ ਪ੍ਰਿੰ. ਬਰਜਿੰਦਰ ਸਿੰਘ ਸਿੱਧੂ ਨੇ ਫਿਜਿਕਸ ਦੇ ਪ੍ਰੋਫੈਸਰ ਵਜੋਂ ਲੰਮਾ ਸਰਕਾਰੀ ਕਾਲਜ (ਲੜਕਿਆਂ) ਸੈਕਟਰ 11 ਚੰਡੀਗੜ੍ਹ ‘ਚ ਪੜ੍ਹਾਉਣ ਬਾਅਦ ਸਰਕਾਰੀ ਕਾਲਜ ਨਾਭਾ ਦੇ ਪ੍ਰਿੰਸੀਪਲ ਵਜੋਂ ਸ਼ਾਨਦਾਰ ਸੇਵਾਵਾਂ ਨਿਭਾਈਆਂ। ਅੱਜ ਕੱਲ੍ਹ ਉਹ ਅਪਣੇ ਪੁੱਤਰ ਇੰਜੀਨੀਅਰ ਅਮਰਦੀਪ ਸਿੰਘ ਸਿੱਧੂ ਨਾਲ ਡੈਨਵਿੱਲ, ਕੈਲੀਫੋਰਨੀਆਂ ਰਹਿ ਰਹੇ ਹਨ ਜਦੋਂ ਕਿ ਉਨ੍ਹਾਂ ਧੀ ਡਾ. ਹਿੱਤਪ੍ਰੀਤ ਕੌਰ ਅਤੇ ਜਵਾਈ ਡਾ. ਪਰਮਿੰਦਰ ਸਿੰਘ ਢੀਂਡਸਾ ਫੀਨਿਕਸ (ਐਰੀਜ਼ੋਨਾ) ਵਿੱਚ ਹਨ।
ਉਤਰੀ ਅਮਰੀਕਾ ਦੇ ਪੰਜਾਬੀ ਅਖ਼ਬਾਰਾਂ ‘ਕੌਮਾਂਤਰੀ ਅੰਮ੍ਰਿਤਸਰ ਟਾਈਮਜ਼’ ਅਤੇ ‘ਪੰਜਾਬ ਟਾਈਮਜ਼’ ਵਿੱਚ ਪਿਛਲੇ ਕਈ ਸਾਲਾਂ ਤੋਂ ਵੱਖ ਵੱਖ ਵਿਸ਼ਿਆਂ ਉੱਤੇ ਪ੍ਰਿੰ. ਬਰਜਿੰਦਰ ਸਿੰਘ ਸਿੱਧੂ ਦੇ ਆਰਟੀਕਲ ਪਾਠਕਾਂ ਵਲੋਂ ਬਹੁਤ ਦਿਲਚਸਪੀ ਨਾਲ ਪੜ੍ਹੇ ਅਤੇ ਸਰਾਹੇ ਜਾਂਦੇ ਹਨ।
ਕਿਤਾਬ ਦੇ ਲੋਕ ਅਰਪਣ ਸਬੰਧੀ ਇੱਥੇ ਚੰਡੀਗੜ੍ਹ ਪ੍ਰੈਸ ਕਲੱਬ ਸੈਕਟਰ 27 ਵਿਖੇ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਮੌਕੇ ਬਲੋਦਿਆਂ ਪ੍ਰਿੰ.ਬਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦੀ ਉਮਰ ਇਸ ਵੇਲੇ 82 ਸਾਲ ਹੈ ਅਤੇ ਪੜ੍ਹਣਾ ਲਿਖਣਾ ਹੀ ਉਨ੍ਹਾਂ ਦਾ ਮੁੱਖ ਰੁਝੇਂਵਾਂ ਹੈ। ਇਸ ਪੁਸਤਕ ਵਿੱਚ 30 ਵਾਰਤਕ ਲੇਖ ਦਰਜ ਕੀਤੇ ਗਏ ਹਨ। ਇਨ੍ਹਾਂ ਵਿੱਚ ਅਣਗੌਲੇ ਵਿਸ਼ਿਆਂ ਨੂੰ ਛੋਹਿਆ ਗਿਆ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਪੰਜਾਬੀ ਪਾਠਕਾਂ ਨੂੰ ਉਨ੍ਹਾਂ ਦਾ ਇਹ ਉਪਰਾਲਾ ਜ਼ਰੂਰ ਪਸੰਦ ਆਵੇਗਾ।
ਪ੍ਰਿੰ. ਸਿੱਧੂ ਦੀਆਂ ਇਨ੍ਹਾਂ ਲਿਖਤਾਂ ਨੂੰ ਕਿਤਾਬੀ ਰੂਪ ਵਿੱਚ ਛਪਾਵਾਉਣ ਲਈ ਉਤਸ਼ਾਹਿਤ ਕਰਨ ਅਤੇ ਅਮਲੀ ਰੂਪ ਦੇਣ ਵਾਲੇ ਪ੍ਰੋ. ਅਮਰਜੀਤ ਸਿੰਘ (ਸਾਬਕਾ ਪ੍ਰੋਫੈਸਰ ਪੰਜਾਬ ਖੇਤੀਬਾੜੀ ਲੁਧਿਆਣਾ) ਨੇ ਕਿਹਾ ਕਿ ਪ੍ਰੋ. ਸਿੱਧੂ ਦਾ ਵਿਗਿਆਨ ਤੋਂ ਸਾਹਿਤ ਵੱਲ ਆਉਣਾ ਚੰਗੀ  ਗੱਲ ਹੈ। ਪੁਸਤਕ ਰਾਹੀਂ ਉਹ ਪਾਠਕ ਨੂੰ ਆਪਣਾ ਬਚਪਨ ਯਾਦ ਕਰਾ ਦਿੰਦੇ ਹਨ। ਲੇਖਕ ਦੀ ਪਤਨੀ ਪ੍ਰਿੰਸੀਪਲ ਰਾਜਵੰਤ ਕੌਰ ਨੇ ਅਪਣੇ ਜੀਵਨ ਸਾਥੀ ਦੇ ਸੁਭਾਅ ਅਤੇ ਲੇਖਣੀ ਅਤੇ ਜ਼ਿੰਦਗੀ ਬਾਰੇ ਉਨ੍ਹਾਂ ਦੇ ਨਜ਼ਰੀਏ ਦੀਆਂ ਗੱਲਾਂ ਕੀਤੀਆਂ। ਉਨ੍ਹਾਂ ਦੇ ਛੋਟੇ ਭਰਾ ਕਰਨਲ (ਰਿਟਾਇਰਡ) ਅਜੀਤ ਸਿੰਘ ਸਿੱਧੂ ਨੇ ਕਿਹਾ ਕਿ ਸਾਹਿਤ ਦੀਆਂ ਵਿਧਾਵਾ੬ ਵਿੱਚ ਸਭ ਤੋਂ ਵੱਧ ਔਖਾ ਵਾਰਤਕ ਲਿਖਣਾ ਹੈ। ਪ੍ਰਿੰਸੀਪਲ ਬਰਜਿੰਦਰ ਸਿੰਘ ਨੇ ਕਾਰਜ ਬਾਖੂਬੀ ਨਿਭਾਇਆ ਹੈ।
ਦਲਜੀਤ ਸਿੰਘ ਸਰਾਂ ਨੇ ਕਿਹਾ ਕਿ ਲੇਖਕ ਜ਼ਿੰਦਗੀ ਵਿਚਲੀ ਮਾਸੂਮੀਅਤ ਨੂੰ ਬੜੇ ਵਧੀਆ ਢੰਗ ਨਾਲ ਪੇਸ਼ ਕਰਦਾ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਲੇਖਕ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਸੇਧ ਮੁਖੀ ਰਚਵਨਾਵਾਂ ਕਰਦੇ ਰਹਿਣਗੇ। ਡਾ. ਹਿਤਪ੍ਰੀਤ ਕੌਰ ਨੇ ਹਾਜ਼ਰ ਲੇਖਕਾਂ, ਦੋਸਤਾਂ ਅਤੇ ਸਨੇਹੀਆਂ ਦਾ ਧੰਨਵਾਦ ਕੀਤਾ।