ਧਾਰਮਿਕ ਕਵੀ ਦਰਬਾਰ ਸਜਾਇਆ

ਧਾਰਮਿਕ ਕਵੀ ਦਰਬਾਰ ਸਜਾਇਆ

ਸੈਂਟਾਕਲਾਰਾ/ਬਿਊਰੋ ਨਿਊਜ਼ :
ਅਮਰੀਕੀ ਪੰਜਾਬੀ ਕਵੀਆਂ ਵਲੋਂ ਸਿਲੀਕਾਨ ਵੈਲੀ ਦੇ ਗੁਰਦੁਆਰਾ ੨੩੫੬, ਵਾਲਸ਼ ਐਵੇਨਿਊ ਵਿਖੇ ਚਲਦੇ ਦੀਵਾਨਾਂ ਵਿਚ ‘ਸ਼ਹੀਦੀ ਗੁਰੂ ਅਰਜਨ ਦੇਵ ਜੀ’ ਨੂੰ ਸਮਰਪਿਤ ਧਾਰਮਿਕ ਕਵੀ ਦਰਬਾਰ ਬੜੀ ਸ਼ਰਧਾ ਭਾਵਨਾ ਨਾਲ ਸਜਾਇਆ ਗਿਆ। ਪ੍ਰਵਾਨਾ ਵਲੋਂ ਮੰਚ ਸੰਭਾਲਦਿਆਂ ਇਤਿਹਾਸ ‘ਤੇ ਰੌਸ਼ਨੀ ਪਾਈ ਗਈ ਕਿ ਕਿਵੇਂ ਉਸ ਵਕਤ ਸਿੱਖ ਧਰਮ ਦੇ ਪ੍ਰਚਾਰ ਦੀ ਵਧ ਰਹੀ ਲਹਿਰ ਨੇ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਵੀ ਸਿੱਖ ਧਰਮ ਅਪਨਾਉਣ ਲਈ ਪ੍ਰੇਰਿਆ। ਇਹ ਗੱਲ ਕੱਟੜ ਸ਼ਰਈ ਮੁਸਲਮਾਨਾਂ ਨੂੰ ਬਹੁਤ ਚੁਭ ਰਹੀ ਸੀ। ਜਹਾਂਗੀਰ ਦੇ ਤਖ਼ਤ ‘ਤੇ ਬੈਠਦਿਆਂ ਹੀ ਕੱਟੜ ਮੁਲਾਣਿਆਂ ਨੇ ਮੁਗ਼ਲ ਬਾਦਸ਼ਾਹ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਕਿ ਸਿੱਖ ਲਹਿਰ ਇਸਲਾਮ ਦੀ ਤਰੱਕੀ ਵਿਚ ਰੋੜਾ ਹੈ। ਜਹਾਂਗੀਰ ਨੇ ਬਹਾਨੇ ਨਾਲ ਗੁਰੂ ਜੀ ਨੂੰ ਅਣ ਮਨੁੱਖੀ ਤਸੀਹੇ ਦੇ ਕੇ ਸ਼ਹੀਦ ਕਰਵਾ ਦਿੱਤਾ। ਗੁਰੂ ਜੀ ਨੇ ਮੀਆਂ ਮੀਰ ਨੂੰ ਦੱਸਿਆ ਕਿ ਉਹ ਤਸੀਹੇ ਕੌਮ ਲਈ ਮਿਸਾਲ ਪੈਦਾ ਕਰਨ ਲਈ ਜ਼ਰ ਰਹੇ ਹਨ। ਇਹ ਕੁਰਬਾਨੀ ਆਉਣ ਵਾਲੇ ਸਮੇਂ ਵਿਚ ਹਥਿਆਰਬੰਦ ਹੋਣ ਦੀ ਸ਼ੁਰੂਆਤ ਹੈ। ਉਨ੍ਹਾਂ ਨੇ ਗੁਰੂ ਨਾਨਕ ਦੇ ਧਰਮ ਸੰਕਲਪ ਨੂੰ ਜਿੰਦਾ ਰੱਖਣ ਲਈ ਅਦੁੱਤੀ ਕੁਰਬਾਨੀ ਦਿੱਤੀ।
ਧਾਰਮਿਕ ਕਵੀ ਦਰਬਾਰ ਦੇ ਦੌਰ ਵਿਚ ਸ਼ਾਮਲ ਕਵੀਆਂ ਵਿਚ ਗੁਰਦਿਆਲ ਸਿੰਘ ਨੂਰਪੁਰੀ, ਤਰਸੇਮ ਸਿੰਘ ਸੁੰਮਨ, ਜਸਦੀਪ ਸਿੰਘ ਫਰੀਮਾਂਟ, ਅਮਰਜੀਤ ਸਿੰਘ ਮੁਲਤਾਨੀ, ਪ੍ਰਮਿੰਦਰ ਸਿੰਘ ਪ੍ਰਵਾਨਾ ਨੇ ਧਾਰਮਿਕ ਤੇ ਸ਼ਹੀਦੀ ਰੰਗ ਦੀਆਂ ਕਵਿਤਾਵਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ।
ਸੰਗਤ ਅਤੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਇਕ ਪ੍ਰੋਗਰਾਮ ਸਫ਼ਲਤਾ ਨਾਲ ਸਿਰੇ ਚੜ੍ਹਿਆ। ਮੁੱਖ ਸੇਵਾਦਾਰ ਅਮਰਜੀਤ ਸਿੰਘ ਮੁਲਤਾਨੀ ਵਲੋਂ ਪ੍ਰੋਗਰਾਮ ਦੀ ਸਫਲਤਾ ਉਤੇ ਖੁਸ਼ੀ ਪ੍ਰਗਟਾਈ ਗਈ ਅਤੇ ਆਏ ਕਵੀਆਂ ਦਾ ਸਨਮਾਨ ਕੀਤਾ ਗਿਆ।