ਟਰੰਪ ਵੱਲੋਂ ਵਿਵਾਦਗ੍ਰਸਤ ਇਮੀਗ੍ਰੇਸ਼ਨ ਨੀਤੀ ‘ਚ ਸੋਧ ਨੂੰ ਮਨਜ਼ੂਰੀ

ਟਰੰਪ ਵੱਲੋਂ ਵਿਵਾਦਗ੍ਰਸਤ ਇਮੀਗ੍ਰੇਸ਼ਨ ਨੀਤੀ ‘ਚ ਸੋਧ ਨੂੰ ਮਨਜ਼ੂਰੀ

ਵਾਸ਼ਿੰਗਟਨ/ਬਿਊਰੋ ਨਿਊਜ਼ :

ਦੁਨੀਆ ਭਰ ਵਿੱਚ ਫੈਲੇ ਰੋਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੀ ਵਿਵਾਦਗ੍ਰਸਤ ਇਮੀਗ੍ਰੇਸ਼ਨ ਨੀਤੀ ਤਹਿਤ ਮਾਪਿਆਂ ਨੂੰ ਬੱਚਿਆਂ ਤੋਂ ਵੱਖ ਕਰਨ ਦਾ ਫੈਸਲਾ ਵਾਪਿਸ ਲੈ ਲਿਆ ਹੈ। ਰਾਸ਼ਟਰਪਤੀ ਨੇ ਇਸ ਸਬੰਧੀ ਪ੍ਰਸ਼ਾਸਕੀ ਹੁਕਮ ਉੱਤੇ ਹਸਤਾਖ਼ਰ ਕਰ ਦਿੱਤੇ ਹਨ। ਅਮਰੀਕਾ- ਮੈਕਸਿਕੋ ਸਰਹੱਦ ਉੱਤੇ ਪਰਵਾਸੀਆਂ ਦੇ ਪਰਿਵਾਰਾਂ ਵਿਰੁੱਧ ਕਾਰਵਾਈ ਦੌਰਾਨ ਬੱਚਿਆਂ ਨੂੰ ਪਿੰਜਰਿਆਂ ਵਿੱਚ ਪਾਉਣ ਦੀਆਂ ਤਸਵੀਰਾਂ ਅਤੇ ਉਨ੍ਹਾਂ ਦੇ ਰੋਣ ਦੀਆਂ ਆਵਾਜ਼ਾਂ ਦੀਆਂ ਆਡੀਓਜ਼ ਸਾਹਮਣੇ ਆਉਣ ਬਾਅਦ ਵਿਸ਼ਵ ਭਰ ਵਿੱਚ ਅਮਰੀਕੀ ਇਮੀਗ੍ਰੇਸ਼ਨ ਨੀਤੀ ਦਾ ਵਿਰੋਧ ਹੋਣ ਲੱਗਾ ਸੀ।
ਵਾਈਟ ਹਾਊਸ ਵਿੱਚ ਪ੍ਰਸ਼ਾਸਕੀ ਹੁਕਮਾਂ ਉੱਤੇ ਸਹੀ ਪਾਉਂਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਪਰਿਵਾਰਾਂ ਨੂੰ ਵੱਖ ਹੁੰਦੇ ਦੇਖਣਾ ਉਨ੍ਹਾਂ ਨੂੰ ਪਸੰਦ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਹੱਦ ਪਾਰ ਕਰਦਾ ਜੇ ਕੋਈ ਫੜਿਆ ਜਾਂਦਾ ਹੈ ਤਾਂ ਉਸ ਦੇ ਵਿਰੁੱਧ ਫੌਜਦਾਰੀ ਕਾਰਵਾਈ ਹੋਵੇਗੀ ਅਤੇ ਸਰਹੱਦ ਪਾਰ ਤੋਂ ਪਰਵਾਸੀਆਂ ਦੀ ਗੈਰਕਾਨੂੰਨੀ ਆਮਦ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਅਪਣਾਈ ਪਰਵਾਸ ਨੀਤੀ ਤਹਿਤ ਅਧਿਕਾਰੀਆਂ ਵੱਲੋਂ ਸਰਹੱਦ ਪਾਰ ਤੋਂ ਆਏ ਪਰਵਾਸੀਆਂ ਨਾਲੋਂ ਉਨ੍ਹਾਂ ਦੇ ਬੱਚੇ ਵੱਖ ਕਰ ਦਿੱਤੇ ਗਏ ਸਨ। ਇਸ ਤੋਂ ਵਿਸ਼ਵ ਭਰ ਵਿੱਚ ਰੋਹ ਪੈਦਾ ਹੋ ਗਿਆ ਸੀ। ਹੁਣ ਇਹ ਪ੍ਰਸ਼ਾਸਕੀ ਹੁਕਮ ਪਾਸ ਕਰਕੇ ਅਮਰੀਕਾ ਨੇ ਇਮੀਗ੍ਰੇਸ਼ਨ ਨੀਤੀ ਨੂੰ ਵਾਪਿਸ ਲੈ ਲਿਆ ਹੈ। ਪਿਛਲੇ ਕੁੱਝ ਮਹੀਨਿਆਂ ਵਿੱਚ ਇਸ ਨੀਤੀ ਤਹਿਤ ਕਰੀਬ 2500 ਬੱਚੇ ਮਾਪਿਆਂ ਨਾਲੋਂ ਵੱਖ ਕੀਤੇ ਜਾ ਚੁੱਕੇ ਹਨ। ਰਾਸ਼ਟਰਪਤੀ ਟਰੰਪ ਨੇ ਓਵਲ ਆਫਿਸ ਦੇ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਇਸ ਸਮੱਸਿਆ ਦਾ ਹੱਲ ਕੱਢਣ ਲਈ ਪਰਿਵਾਰਾਂ ਨੂੰ ਇਕੱਠਿਆਂ ਕਰ ਰਹੇ ਹਨ।

ਉਧਰ ਭਾਰਤੀ ਮੂਲ ਦੀ ਅਮਰੀਕੀ ਸੰਸਦ ਮੈਂਬਰ ਅਤੇ ਮਨੁੱਖੀ ਅਧਿਕਾਰਾਂ ਦੀ ਕਾਰਕੁਨ ਪ੍ਰੋਮਿਲਾ ਜੈਪਾਲ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਪਾਸ ਕੀਤੇ ਨਵੇਂ ਪ੍ਰਸ਼ਾਸਕੀ ਹੁਕਮਾਂ ਦੀ ਨਿਖੇਧੀ ਕੀਤੀ ਹੈ। ਇਹ ਹੁਕਮ ਗੈਰਕਾਨੂੰਨੀ ਢੰਗ ਦੇ ਨਾਲ ਸਰਹੱਦ ਪਾਰ ਕਰਕੇ ਆਉਣ ਵਾਲੇ ਪਰਵਾਸੀਆਂ ਨੂੰ ਅਣਮਿਥੇ ਸਮੇਂ ਲਈ ਹਿਰਾਸਤ ਵਿੱਚ ਰੱਖਣ ਦੀ ਖੁੱਲ੍ਹ ਦਿੰਦੇ ਹਨ। ਉਨ੍ਹਾਂ ਕਿਹਾ ਕਿ ਪਰਵਾਸੀਆਂ ਨੂੰ ਬੰਦੀ ਬਣਾ ਕੇ ਰੱਖਣ ਵਾਲੇ ਕੈਂਪਾਂ ਦੀ ਹਾਲਤ ਜਾਲਮਾਨਾ ਅਤੇ ਗੈਰਮਨੁੱਖੀ ਹੈ। ਬੱਚਿਆਂ ਨੂੰ ਲੰਬੇ ਸਮੇਂ ਲਈ ਬੰਧਕ ਬਣਾ ਕੇ ਰੱਖਣਾ ਗੈਰਕਾਨੂੰਨੀ ਹੈ। ਉਹ ਇਨ੍ਹਾਂ ਹੁਕਮਾਂ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਨ।