ਮੈਕਡੋਨਲਡ ਥੈਂਕਸਗਿਵਿੰਗ ਪਰੇਡ ‘ਚ ਪੰਜਾਬੀਆਂ ਨੇ ਪਾਈਆਂ ਧੂੰਮਾਂ

ਮੈਕਡੋਨਲਡ ਥੈਂਕਸਗਿਵਿੰਗ ਪਰੇਡ ‘ਚ ਪੰਜਾਬੀਆਂ ਨੇ ਪਾਈਆਂ ਧੂੰਮਾਂ

ਸ਼ਿਕਾਗੋ/ਬਿਊਰੋ ਨਿਊਜ਼ :
ਪੰਜਾਬੀ ਕਲਚਰਲ ਸੁਸਾਇਟੀ ਆਫ਼ ਸ਼ਿਕਾਗੋ ਨੇ ਮੈਕਡੋਨਲਡ ਦੀ ਥੈਂਕਸਗਿਵਿੰਗ ਪਰੇਡ ਵਿਚ ਹਿੱਸਾ ਲੈ ਕੇ ਆਪਣੀ ਰਵਾਇਤ ਜਾਰੀ ਰੱਖੀ। ਇਹ ਪਰੇਡ ਸ਼ਿਕਾਗੋ ਦੀ ਸਟੇਟ ਸਟਰੀਟ ਵਿਚ ਕੱਢੀ ਗਈ। ਮੈਕਡੋਨਲਡ ਦੀ ਥੈਂਕਸਗਿਵਿੰਗ ਪਰੇਡ ਸ਼ਿਕਾਗੋ ਵਿਚ ਸਭ ਤੋਂ ਵੱਡੀ ਮੰਨੀ ਜਾਂਦੀ ਹੈ।
ਪੰਜਾਬੀ ਕਲਚਰਲ ਸੁਸਾਇਟੀ ਦੇ ਮੁਖੀ ਗੁਰਮੀਤ ਸਿੰਘ ਢਿਲੋਂ ਨੇ ਦੱਸਿਆ, ”ਪੀ.ਸੀ.ਐਸ. ਇਸ ਪਰੇਡ ਵਿਚ 2005 ਤੋਂ ਸ਼ਿਰਕਤ ਕਰਦੀ ਆ ਰਹੀ ਹੈ। ਇਸ ਨੇ ਸਾਡੇ ਭਾਈਚਾਰੇ ਨੂੰ ਵੱਡੇ ਪੱਧਰ ‘ਤੇ ਵੱਖਰੀ ਪਛਾਣ ਦਿੱਤੀ ਹੈ ਤੇ ਇਸ ਨਾਲ ਸਾਡੀ ਅਮਰੀਕੀ ਤਿਉਹਾਰ ਮਨਾਉਣ ਦੀ ਰੁਚੀ ਅਤੇ ਵਚਨਬੱਧਤਾ ਵੀ ਜ਼ਾਹਰ ਹੁੰਦੀ ਹੈ।’ ਪੀ.ਸੀ.ਐਸ. ਫਲੋਟ ਦਾ ਥੀਮ ਭਾਰਤੀ ਮਹਾਰਾਜਾ ਦੀ ਬਾਰਾਤ ਦਾ ਦ੍ਰਿਸ਼ ਪੇਸ਼ ਕਰਨਾ ਸੀ ਜਿਸ ਵਿਚ ਲਾੜਾ- ਲਾੜੀ ਰਵਾਇਤੀ ਪੰਜਾਬੀ ਗਹਿਣਿਆਂ ਤੇ ਪਹਿਰਾਵੇ ਨਾਲ ਸ਼ਾਮਲ ਹੋਏ। ਇਹ ਫਲੋਟ ਢੋਲ ਦੀ ਥਾਪ ‘ਤੇ ਨੱਚਦੀ ਹੋਈ ਸੜਕਾਂ ‘ਤੇ ਖੜ੍ਹੀ ਭੀੜ ਨਾਲ ਰਾਬਤਾ ਕਾਇਮ ਕਰ ਰਹੀ ਸੀ। ਪੀ.ਸੀ.ਐਸ. ਬੋਰਡ ਆਫ਼ ਗਵਰਨਰਜ਼ ਅਤੇ ਪਰੇਡ ਵਿਚ ਪੀ.ਸੀ.ਐਸ. ਦੀ ਸ਼ਮੂਲੀਅਤ ਦੇ ਕੋਆਰਡੀਨੇਟਰ ਰਜਿੰਦਰ ਸਿੰਘ ਮਗੋ ਨੇ ਦੱਸਿਆ ਕਿ ਕੇਵਿਨ ਅਟਵਾਲ ਨੇ ਢੋਲ ਵਜਾਇਆ। ਪੰਜਾਬੀ ਭੰਗੜਾ ਪਾਉਂਦੇ ਹੋਏ ਭੀੜ ਵਿਚ ਸ਼ਾਮਲ ਹੋ ਗਏ। ਮੋਨਾ ਅਤੇ ਮਨਜੀਤ ਭੱਲਾ ਨੇ ਲਾੜਾ-ਲਾੜੀ ਦੇ ਪਹਿਰਾਵਿਆਂ ਵਿਚ ਸੱਜ-ਧੱਜ ਕੇ ਭੰਗੜਾ ਪਾਇਆ।
ਇਸ ਵਰ੍ਹੇ ਮੈਕਡੋਨਲਡ ਦੀ ਥੈਂਕਸਗਿਵਿੰਗ ਪਰੇਡ ਨੇ ਸ਼ਿਕਾਗੋ ਦੀ ਛੁੱਟੀ ਦੀ ਇਸ ਰਵਾਇਤ ਦੇ 83 ਸਾਲਾ ਜਸ਼ਨ ਮਨਾਏ। 1930 ਦੇ ਸ਼ੁਰੂ ਵਿਚ ਇਸ ਕ੍ਰਿਸਮਿਸ ਕਾਰਵਾਂ ਕਿਹਾ ਜਾਂਦਾ ਸੀ ਤੇ 1934 ਵਿਚ ਡਿਪਰੈਸ਼ਨ ਨਾਲ ਜੂਝ ਰਹੇ ਮਰੀਜ਼ਾਂ ਨੂੰ ਇਸ ਵਿਚੋਂ ਬਾਹਰ ਕੱਢਣ ਲਈ ਇਹ ਪਰੇਡ ਸ਼ੁਰੂ ਕੀਤੀ ਗਈ। ਹੌਲੀ ਹੌਲੀ ਇਹ ਵੱਡਾ ਇਵੈਂਟ ਬਣ ਗਈ, ਜਿਸ ਵਿਚ ਹਜ਼ਾਰਾਂ-ਹਜ਼ਾਰਾਂ ਲੋਕ ਸ਼ਿਰਕਤ ਕਰਦੇ ਹਨ।
ਟੀ.ਵੀ. ਸਟਾਰ ਐਕਟਰ ਅਤੇ ਕਾਮੇਡੀਅਨ ਮੈਟ ਵਾਲਸ਼ ਨੇ ਪਰੇਡ ਦੀ ਗਰੈਂਡ ਮਸ਼ਾਲ ਜਗਾਈ। ਗਾਇਕ ਕਰੇਗ ਕੈਂਪਬੈੱਲ, ਕਾਮੇਡੀਅਨ ਸਬਾਸਟੀਅਨ ਮੈਨੀਸਕਾਲੋ, ਸੈਫ਼ ਗਰਾਹਮ ਇਲੀਅਟ, ਸ਼ਿਕਾਗੋ ਫਾਇਰ ਦੇ ਯੂਰੀ ਸਰਦਾਰੋਵ, ਅਦਾਕਾਰ ਡੈਂਟੇ ਬਰਾਊਨ, ਅਦਾਕਾਰਾ ਐਮਾ ਕੈਨੀ ਨੇ ਇਸ ਪਰੇਡ ਵਿਚ ਸ਼ਿਰਕਤ ਕੀਤੀ। ਇਸ ਪਰੇਡ ਦਾ ਅਨੰਦ ਮਾਣਨ ਲਈ ਸੜਕ ਦੇ ਦੋਵੇਂ ਕਿਨਾਰਿਆਂ ‘ਤੇ ਲੋਕਾਂ ਦੀ ਭੀੜ ਸੀ। ਕੂਕੀ ਮੋਂਨਸਟਰ, ਕੁੰਗ ਫੂ ਪਾਂਡਾ ਤੇ ਟੈਡੀ ਟਰਕੀ ਬਲੂਨਸ, ਮਾਰਚਿੰਗ ਬੈਂਡ ਲੋਕਾਂ ਦਾ ਮਨੋਰੰਜਨ ਕਰ ਰਹੇ ਸਨ। ਫੈਸਟਿਵ ਫਲੋਟਸ, ਕਲਚਰਲ ਗਰੁੱਪ, ਥੀਏਟਰ ਪੇਸ਼ਕਾਰੀਆਂ ਤੇ ਸੈਲਿਬਰੀਟੀ ਸ਼ਖ਼ਸੀਅਤਾਂ ਨੇ ਖੂਬ ਰੌਣਕਾਂ ਲਾਈਆਂ।
ਪੀ.ਸੀ.ਐਸ. ਦੇ ਬਾਕੀ ਮੈਂਬਰਾਂ ਵਿਚ ਸੁਰਿੰਦਰ ਸਿੰਘ ਸੰਘਾ, ਮਨਜੀਤ ਸਿੰਘ ਭੱਲਾ, ਬਿਕਰਮ ਸਿੰਘ ਚੌਹਾਨ, ਬਲਵਿੰਦਰ ਸਿੰਗ ਗਿਰਨ, ਵਿਕ ਸਿੰਘ, ਜਸਕਰਨ ਸਿੰਘ ਸੈਣੀ, ਤਰਨਪ੍ਰੀਤ ਸਿੰਘ ਨਾਗਰਾ, ਸੰਦੀਪ ਸਿੰਘ, ਮਨਪ੍ਰੀਤ ਭੱਲਾ ਤੇ ਰਸ਼ਪਾਲ ਸਿੰਘ ਡੀ.ਜੀ. ਦੇ ਸਹਿਯੋਗ ਰਿਹਾ।