ਪੰਜਾਬ ਸਿਹਤ ਮਹਿਕਮੇ ਨੇ ਸੂਬੇ ਅੰਦਰ 17 ਵੱਧ ਖਤਰੇ ਵਾਲੇ ਇਲਾਕਿਆਂ ਦੀ ਨਿਸ਼ਾਨਦੇਹੀ ਕੀਤੀ

ਪੰਜਾਬ ਸਿਹਤ ਮਹਿਕਮੇ ਨੇ ਸੂਬੇ ਅੰਦਰ 17 ਵੱਧ ਖਤਰੇ ਵਾਲੇ ਇਲਾਕਿਆਂ ਦੀ ਨਿਸ਼ਾਨਦੇਹੀ ਕੀਤੀ

ਚੰਡੀਗੜ੍ਹ: ਪੰਜਾਬ ਸਿਹਤ ਮਹਿਕਮੇ ਨੇ ਸੂਬੇ ਅੰਦਰ ਕੋਰੋਨਾਵਾਇਰਸ ਦੇ 17 ਹਾਟਸਪਾਟ ਨਿਯਤ ਕੀਤੇ ਹਨ। ਜ਼ਿਕਰਯੋਗ ਹੈ ਕਿ ਅੱਜ ਸੂਬੇ ਵਿਚ ਕੋਰੋਨਾਵਾਇਰਸ ਦੇ 12 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਸੂਬੇ ਦੇ ਅਫਸਰਾਂ ਦਾ ਕਹਿਣਾ ਹੈ ਕਿ ਜਿਹੜੇ ਇਲਾਕਿਆਂ ਵਿਚ ਇਕ ਤੋਂ ਵੱਧ ਕੋਰੋਨਾਵਾਇਰਸ ਦੇ ਮਾਮਲੇ ਹਨ ਉਹਨਾਂ ਇਲਾਕਿਆਂ ਨੂੰ ਹਾਟਸਪਾਟ ਮੰਨਿਆ ਜਾਵੇਗਾ। ਪੰਜਾਬ ਵਿਚ ਅੱਜ ਤਕ ਕੁੱਲ ਮਾਮਲੇ 170 ਹੋ ਗਏ ਹਨ। 

ਸਿਹਤ ਮਹਿਕਮੇ ਵੱਲੋਂ ਮੰਨੇ ਗਏ ਜ਼ਿਆਦਾ ਪ੍ਰਭਾਵਿਤ ਇਲਾਕਿਆਂ ਵਿਚ ਮੋਹਾਲੀ ਸਭ ਤੋਂ ਮੂਹਰਲੇ ਥਾਂ 'ਤੇ ਹੈ। ਮੋਹਾਲੀ ਵਿਚ ਹੁਣ ਤਕ ਕੋਰੋਨਾਵਾਇਰਸ ਦੇ 53 ਮਾਮਲੇ ਸਾਹਮਣੇ ਆ ਚੁੱਕੇ ਹਨ। ਮੋਹਾਲੀ ਦੇ 6, ਸ਼ਹੀਦ ਭਗਤ ਸਿੰਘ ਨਗਰ, ਅੰਮ੍ਰਿਤਸਰ, ਜਲੰਧਰ ਦੇ 2-2, ਹੁਸ਼ਿਆਰਪੁਰ, ਮਾਨਸਾ, ਪਠਾਨਕੋਟ ਅਤੇ ਰੋਪੜ ਦੇ 1-1 ਇਲਾਕੇ ਨੂੰ ਹੋਟਸਪੋਟ ਵਿਚ ਸ਼ਾਮਲ ਕੀਤਾ ਗਿਆ ਹੈ।

ਮੋਹਾਲੀ ਵਿਚ ਡੇਰਾ ਬਸੀ ਦੇ ਜਵਾਹਰਪੁਰ ਪਿੰਡ, ਫੇਸ-3ਏ, ਫੇਸ 5, ਫੇਸ 9, ਸੈਕਟਰ 69 ਅਤੇ ਸੈਕਟਰ 91 ਇਲਾਕੇ ਸ਼ਾਮਲ ਹਨ। ਸ਼ਹੀਦ ਭਗਤ ਸਿੰਘ ਨਗਰ ਵਿਚ ਪਠਲਾਵਾ, ਸੂਜੋਂ ਪਿੰਡ; ਜਲੰਧਰ ਵਿਚ ਨਿਜਾਤਮ ਨਗਰ ਕਲੋਨੀ ਅਤੇ ਵਿਰਕ ਪੱਟੀ ਪਿੰਡ; ਅੰਮ੍ਰਿਤਸਰ ਵਿਚ ਡਾਇਮੰਡ ਇਸਟੇਟ ਕਲੋਨੀ ਅਤੇ ਊਧਮ ਸਿੰਘ ਨਗਰ; ਹੁਸ਼ਿਆਰਪੁਰ ਵਿਚ ਮੋਰਾਂਵਾਲੀ ਪਿੰਡ; ਲੁਧਿਆਣਾ ਵਿਚ ਅਮਰਪੁਰਾ; ਮਾਨਸਾ ਵਿਚ ਬੁੱਢਲਾਡਾ; ਪਠਾਨਕੋਟ ਵਿਚ ਸੁਜਾਨਪੁਰ; ਰੋਪੜ ਵਿਚ ਚਤਾਮਲੀ ਪਿੰਡ ਸ਼ਾਮਲ ਕੀਤੇ ਗਏ ਹਨ। 

ਸਰਕਾਰ ਵੱਲੋਂ ਇਹਨਾਂ ਇਲਾਕਿਆਂ ਵਿਚ ਵੱਡੇ ਪੱਧਰ 'ਤੇ ਜਾਂਚ ਮੁਹਿੰਮ ਸ਼ੁਰੂ ਕਰਨ ਦੀ ਨੀਤੀ ਬਣਾਈ ਗਈ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।