‘ਬੇਈਮਾਨ ਮੀਡੀਆ’ ਦਾ ਚਿਹਰਾ ਨੰਗਾ ਕਰਾਂਗਾ : ਟਰੰਪ

‘ਬੇਈਮਾਨ ਮੀਡੀਆ’ ਦਾ ਚਿਹਰਾ ਨੰਗਾ ਕਰਾਂਗਾ : ਟਰੰਪ

ਵਾਸ਼ਿੰਗਟਨ/ਬਿਊਰੋ ਨਿਊਜ਼ :
ਰਾਸ਼ਟਰਪਤੀ ਡੋਨਲਡ ਟਰੰਪ ਨੇ ਕਾਰਜਭਾਰ ਸੰਭਾਲਣ ਦੇ ਇਕ ਮਹੀਨੇ ਤੋਂ ਵੀ ਘੱਟ ਸਮੇਂ ਬਾਅਦ ਪ੍ਰਚਾਰ ਵਾਲੇ ਰੌਂਅ ਵਿੱਚ ਪਰਤਦਿਆਂ ਕਿਹਾ ਕਿ ਉਹ ਅਮਰੀਕਾ ਵਾਸੀਆਂ ਨਾਲ ‘ਫ਼ਰਜ਼ੀ ਨਿਊਜ਼ ਫਿਲਟਰ ਬਗ਼ੈਰ’ ਗੱਲ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ‘ਬੇਈਮਾਨ ਮੀਡੀਆ’ ਦਾ ਚਿਹਰਾ ਨੰਗਾ ਕਰਨ ਦਾ ਅਹਿਦ ਲਿਆ। ਫਲੋਰਿਡਾ ਵਿੱਚ ਰੈਲੀ ਦੌਰਾਨ ਰਾਸ਼ਟਰਪਤੀ ਚੋਣ ਮੁਹਿੰਮ ਵਾਲੇ ਰੰਗ ਵਿੱਚ ਪਰਤਦਿਆਂ ਟਰੰਪ ਨੇ ਆਪਣੇ ਹੁਣ ਤਕ ਦੇ ਕਾਰਜਕਾਲ ਦੀਆਂ ਪ੍ਰਾਪਤੀਆਂ ਦਾ ਬਚਾਅ ਵੀ ਕੀਤਾ।
ਭਖੇ ਹੋਏ ਟਰੰਪ ਨੇ ਅਹਿਦ ਲਿਆ ਕਿ ਉਹ ਮੀਡੀਆ ਨੂੰ ‘ਝੂਠ ਬੋਲਣ ਦੇ ਸਿੱਟਿਆਂ ਤੋਂ’ ਬਚਣ ਨਹੀਂ ਦੇਣਗੇ। ਉਨ੍ਹਾਂ ਕਿਹਾ, ‘ਮੈਂ ਉਹ ਸਭ ਕਰਾਂਗਾ ਜੋ ਕਰ ਸਕਦਾ ਹਾਂ ਤਾਂ ਕਿ ਉਹ ਝੂਠ ਬੋਲ ਕੇ ਬਚ ਨਾ ਸਕਣ।’ ਉਨ੍ਹਾਂ ਦੋਸ਼ ਲਾਇਆ ਕਿ ਮੀਡੀਆ ਦਾ ਆਪਣਾ ਹੀ ਏਜੰਡਾ ਹੈ। ‘ਉਨ੍ਹਾਂ ਦਾ ਏਜੰਡਾ ਤੁਹਾਡਾ ਏਜੰਡਾ ਨਹੀਂ ਹੈ।’ ਉਨ੍ਹਾਂ ਵ੍ਹਾਈਟ ਹਾਊਸ ਵਿੱਚ ਮੱਤਭੇਦ ਹੋਣ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਆਪਣੇ ਸਮਰਥਕਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਪ੍ਰਸ਼ਾਸਨ ਵਿੱਚ ਸਭ ਠੀਕ ਹੈ। ਇਹ ਰੈਲੀ ਟਰੰਪ ਦੀ 2020 ਦੀ ਮੁੜ-ਚੋਣ ਬਾਰੇ ਕਮੇਟੀ ਵੱਲੋਂ ਕਰਾਈ ਗਈ ਸੀ। ਮਾਹਰਾਂ ਮੁਤਾਬਕ ਮੌਜੂਦਾ ਸਿਆਸਤ ਵਿਚ ਕਦੇ ਵੀ ਨਾ ਸਮਾਪਤ ਹੋਣ ਵਾਲੀ ਮੁਹਿੰਮ ਦੀ ਇਹ ਤਾਜ਼ਾ ਉਦਾਹਰਣ ਹੈ। ਟਰੰਪ ਨੇ ਕਿਹਾ, ‘ਉਹ (ਮੀਡੀਆ) ਸੱਚ ਪੇਸ਼ ਨਹੀਂ ਕਰਨਾ ਚਾਹੁੰਦੇ। ਪਰ ਸਾਰੇ ਝੂਠਾਂ, ਗਲਤ ਮਤਲਬ ਕੱਢਣ ਤੇ ਝੂਠੀਆਂ ਖ਼ਬਰਾਂ ਦੇ ਬਾਵਜੂਦ ਮੀਡੀਆ ਮੈਨੂੰ ਚੋਣਾਂ ਵਿੱਚ ਹਰਾ ਨਹੀਂ ਸਕਿਆ। ਅਸੀਂ ਉਨ੍ਹਾਂ ਦਾ ਝੂਠ ਲੋਕਾਂ ਸਾਹਮਣੇ ਲਿਆਉਂਦੇ ਰਹਾਂਗੇ ਅਤੇ ਸਭ ਤੋਂ ਅਹਿਮ ਅਸੀਂ ਲਗਾਤਾਰ ਜਿੱਤਾਂ ਦਰਜ ਕਰਦੇ ਜਾਵਾਂਗੇ।’
ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਰੱਖਿਆ ਮੰਤਰੀ ਜਿਮ ਮੈਟਿਸ ਦੀ ਅਗਵਾਈ ਵਾਲੇ ਰੱਖਿਆ ਭਾਈਚਾਰੇ ਨੂੰ ਆਈਐਸ ਨੂੰ ਮੁੱਢੋਂ ਖ਼ਤਮ ਕਰਨ ਅਤੇ ਯੂਐਸ ਫ਼ੌਜ ਨੂੰ ਨਵੇਂ ਸਿਰੇ ਤੋਂ ਖੜ੍ਹੀ ਕਰਨ ਲਈ ਯੋਜਨਾ ਬਣਾਉਣ ਦਾ ਆਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਸੀਰੀਆ ਤੇ ਹੋਰ ਥਾਵਾਂ ਉਤੇ ਸੁਰੱਖਿਅਤ ਜ਼ੋਨ ਬਣਾਉਣਾ ਚਾਹੁੰਦੇ ਹਨ ਜਿਥੇ ਪਰਵਾਸੀ ਠਹਿਰਨ ਅਤੇ ਸੁਰੱਖਿਅਤ ਰਹਿ ਸਕਣ। ਪੰਜ ਮਿਡਲ ਸਕੂਲ ਵਿਦਿਆਰਥੀਆਂ ‘ਤੇ ਕੱਲ੍ਹ ਟਰੰਪ ਦੇ ਕਾਫ਼ਲੇ ‘ਤੇ ਕੋਈ ਵਸਤ ਸੁੱਟਣ ਉਤੇ ਦੋਸ਼ ਲੱਗੇ ਹਨ। ਪਾਮ ਬੀਚ ਕਾਊਂਟੀ ਸਟੇਟਸ ਅਟਾਰਨੀ ਦਫ਼ਤਰ ਮੁਤਾਬਕ ਇਨ੍ਹਾਂ ਖ਼ਿਲਾਫ਼ ਕਾਰਵਾਈ ਹੋਵੇਗੀ।

ਸ਼ਾਹ ਬੋਲੇ- ਟਰੰਪ ਨੂੰ ਹਨੀਮੂਨ ਪੀਰੀਅਡ ਨਹੀਂ ਮਿਲਿਆ :
ਵਾਸ਼ਿੰਗਟਨ: ਵ੍ਹਾਈਟ ਹਾਊਸ ਵਿੱਚ ਭਾਰਤੀ ਮੂਲ ਦੇ ਉਪ ਸੰਚਾਰ ਨਿਰਦੇਸ਼ਕ ਰਾਜ ਸ਼ਾਹ ਨੇ ਕਿਹਾ ਕਿ ਡੋਨਲਡ ਟਰੰਪ ਨੂੰ ਜ਼ਿਆਦਾਤਰ ਨਵੇਂ ਰਾਸ਼ਟਰਪਤੀਆਂ ਵਾਂਗ ਹਨੀਮੂਨ ਪੀਰੀਅਡ ਨਹੀਂ ਮਿਲਿਆ। ਮੀਡੀਆ ਨੇ ‘ਨਿਰਪੱਖ ਤੇ ਸੱਚੀ’ ਰਿਪੋਰਟਿੰਗ ਕਰਨ ਬਜਾਏ ਪਹਿਲੇ ਦਿਨ ਤੋਂ ਰਾਸ਼ਟਰਪਤੀ ਉਤੇ ਨਿਸ਼ਾਨਾ ਸੇਧਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਮੁੱਖ ਧਾਰਾ ਮੀਡੀਆ ਰਾਸ਼ਟਰਪਤੀ ਨਾਲ ਕਠੋਰ ਵਿਹਾਰ ਕਰ ਰਿਹਾ ਹੈ। ਉਹ ਚੋਣ ਮੁਹਿੰਮ, ਹਲਫ਼ਦਾਰੀ ਸਮਾਗਮ ਤੇ ਕਾਰਜਭਾਰ ਸੰਭਾਲ ਤੋਂ ਬਾਅਦ ਵੀ ਰਾਸ਼ਟਰਪਤੀ ਦੇ ਪਿਛੇ ਪਿਆ ਹੋਇਆ ਹੈ। ਟਰੰਪ ਦੇ ਸੀਨੀਅਰ ਸਹਾਇਕਾਂ ਦੇ ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ ਰੂਸੀ ਅਧਿਕਾਰੀਆਂ ਦੇ ਸੰਪਰਕ ਵਿੱਚ ਹੋਣ ਦੀ ਰਿਪੋਰਟ ਛਾਪਣ ‘ਤੇ ਉਨ੍ਹਾਂ ਨੇ ‘ਦਿ ਟਾਈਮਜ਼’ ਤੇ ਹੋਰ ਮੀਡੀਆ ਤੋਂ ਮੁਆਫ਼ੀ ਦੀ ਮੰਗ ਕੀਤੀ ਹੈ।