ਓਬਾਮਾ ਦਾ ਆਖ਼ਰੀ ਭਾਸ਼ਣ-ਜਮਹੂਰੀਅਤ ਨੂੰ ਬਚਾਉਣ ਦਾ ਸੱਦਾ
ਸ਼ਿਕਾਗੋ/ਬਿਊਰੋ ਨਿਊਜ਼ :
ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਥੇ ਭਾਵੁਕ ਤਕਰੀਰ ਵਿੱਚ ਅਮਰੀਕੀ ਨਾਗਰਿਕਾਂ ਤੋਂ ਵਿਦਾਈ ਲਈ। ਉਨ੍ਹਾਂ ਨੇ ਡੋਨਲਡ ਟਰੰਪ ਦੇ ਰਾਸ਼ਟਰਪਤੀ ਚੁਣੇ ਜਾਣ ਬਾਅਦ ਦੇਸ਼ ਵਿੱਚ ‘ਖੋਰਾ ਲਾਊ’ ਰਾਜਸੀ ਮਾਹੌਲ ਦੌਰਾਨ ਜਮਹੂਰੀਅਤ ਨੂੰ ਵਧ ਰਹੇ ਨਸਲਵਾਦ, ਨਾਬਰਾਬਰੀ ਅਤੇ ਭੇਦਭਾਵ ਤੋਂ ਹੋਣ ਵਾਲੇ ਖ਼ਤਰਿਆਂ ਬਾਰੇ ਚਿਤਾਵਨੀ ਦਿੱਤੀ। ਸ੍ਰੀ ਓਬਾਮਾ ਆਪਣੇ ਗ੍ਰਹਿ ਨਗਰ ਵਿੱਚ ਤਕਰੀਬਨ 20 ਹਜ਼ਾਰ ਸਮਰਥਕਾਂ ਨੂੰ ਸੰਬੋਧਨ ਕਰ ਰਹੇ ਸਨ।
55 ਸਾਲਾ ਓਬਾਮਾ ਨੇ ਕਿਹਾ, ‘ਮੈਂ ਤੁਹਾਨੂੰ ਕਹਿ ਰਿਹਾ ਹਾਂ ਕਿ ਬਦਲਾਅ ਲਿਆਉਣ ਲਈ ਮੇਰੀ ਯੋਗਤਾ ਉਤੇ ਭਰੋਸਾ ਨਾ ਕਰੋ ਪਰ ਆਪਣੇ ਆਪ ਉਤੇ ਯਕੀਨ ਰੱਖੋ। ਮੈਂ ਤੁਹਾਨੂੰ ਕਹਿ ਰਿਹਾ ਹਾਂ ਕਿ ਤੁਸੀਂ ਉਸ ਭਰੋਸੇ ਨੂੰ ਬਣਾਈ ਰੱਖੋ ਜੋ ਸਾਡੇ ਸਥਾਪਨਾ ਦੇ ਦੇ ਦਸਤਾਵੇਜ਼ਾਂ ਵਿੱਚ ਲਿਖਿਆ ਹੈਸ਼ਹਾਂ, ਮੈਂ ਕਰ ਸਕਦਾ ਹਾਂ। ਹਾਂ, ਅਸੀਂ ਕੀਤਾ ਹੈ। ਹਾਂ, ਅਸੀਂ ਕਰ ਸਕਦੇ ਹਾਂ।’ ਉਨ੍ਹਾਂ ਅਮਰੀਕੀ ਨਾਗਰਿਕਾਂ ਨੂੰ ਜਮਹੂਰੀਅਤ ਨੂੰ ਖ਼ਤਰਿਆਂ ਬਾਰੇ ਸਾਵਧਾਨ ਕਰਦਿਆਂ ਕਿਹਾ, ‘ਜਦੋਂ ਅਸੀਂ ਡਰ ਸਾਹਮਣੇ ਝੁਕ ਜਾਂਦੇ ਹਾਂ ਤਾਂ ਲੋਕਤੰਤਰ ਪ੍ਰਭਾਵਤ ਹੋ ਸਕਦਾ ਹੈ। ਇਸ ਲਈ ਸਾਨੂੰ ਨਾਗਰਿਕਾਂ ਦੇ ਰੂਪ ਵਿੱਚ ਬਾਹਰੀ ਹਮਲੇ ਬਾਰੇ ਚੌਕਸ ਰਹਿਣਾ ਚਾਹੀਦਾ ਹੈ। ਸਾਨੂੰ ਆਪਣੀਆਂ ਉਨ੍ਹਾਂ ਕਦਰਾਂ ਕੀਮਤਾਂ ਨੂੰ ਕਮਜ਼ੋਰ ਹੋਣ ਤੋਂ ਬਚਾਉਣਾ ਚਾਹੀਦਾ, ਜਿਸ ਕਾਰਨ ਅਸੀਂ ਮੌਜੂਦਾ ਦੌਰ ਵਿੱਚ ਪਹੁੰਚੇ ਹਾਂ।’
ਉਨ੍ਹਾਂ ਨੇ ਅਫਸੋਸ ਜ਼ਾਹਰ ਕੀਤਾ ਕਿ ਸਾਲ 2008 ਵਿੱਚ ਦੇਸ਼ ਦੇ ਪਹਿਲੇ ਸਿਆਹਫਾਮ ਰਾਸ਼ਟਰਪਤੀ ਵਜੋਂ ਉਨ੍ਹਾਂ ਦੀ ਇਤਿਹਾਸਕ ਚੋਣ ਦੇ ਬਾਅਦ ਵੀ ‘ਨਸਲਵਾਦ ਸਾਡੇ ਸਮਾਜ ਵਿੱਚ ਤਾਕਤਵਰ ਤੇ ਵੰਡ ਪਾਊ ਤਾਕਤ ਦੇ ਰੂਪ ਵਿੱਚ ਬਰਕਰਾਰ ਹੈ।’
ਰਾਸ਼ਟਰਪਤੀ ਵਜੋਂ ਓਬਾਮਾ ਦਾ ਕਾਰਜਕਾਲ 20 ਜਨਵਰੀ ਨੂੰ ਸਮਾਪਤ ਹੋਵੇਗਾ ਅਤੇ ਰਿਪਬਲਿਕਨ ਪਾਰਟੀ ਦੇ ਡੋਨਲਡ ਟਰੰਪ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਵਜੋਂ ਕਾਰਜਭਾਰ ਸੰਭਾਲਣਗੇ। ਸ੍ਰੀ ਓਬਾਮਾ ਨੇ ਆਉਣ ਵਾਲੇ ਹਫ਼ਤਿਆਂ ਵਿੱਚ ਟਰੰਪ ਨਾਲ ਸ਼ਾਂਤੀਪੂਰਨ ਸੱਤਾ ਤਬਦੀਲੀ ਦਾ ਵਾਅਦਾ ਕੀਤਾ। ਟਰੰਪ ਦਾ ਨਾਂ ਲਏ ਬਗ਼ੈਰ ਉਨ੍ਹਾਂ ਨੇ ਆਪਣੀ ਤਕਰੀਰ ਵਿੱਚ 2016 ਦੀ ਰਾਸ਼ਟਰਪਤੀ ਚੋਣ ਪ੍ਰਚਾਰ ਮੁਹਿੰਮ ਦੌਰਾਨ ਖਾਸ ਮੁੱਦੇ ਰਹੇ ਕਈ ਵਿਵਾਦਤ ਵਿਸ਼ਿਆਂ ਦਾ ਅਸਿੱਧਾ ਜ਼ਿਕਰ ਕੀਤਾ, ਜਿਨ੍ਹਾਂ ਵਿੱਚ ਮੁਸਲਿਮ ਪਰਵਾਸੀਆਂ ਉਤੇ ਆਰਜ਼ੀ ਰੋਕ ਵੀ ਸ਼ਾਮਲ ਸੀ।
Comments (0)