ਦੂਜਾ ਸਿੱਖ ਯੂਥ ਕੀਰਤਨ ਦਰਬਾਰ ਕਰਵਾਇਆ

ਦੂਜਾ ਸਿੱਖ ਯੂਥ ਕੀਰਤਨ ਦਰਬਾਰ ਕਰਵਾਇਆ

ਮਿਲਪੀਟਸ/ਬਿਊਰੋ ਨਿਊਜ਼ :
ਗੁਰਦੁਆਰਾ ਸਾਹਿਬ ਸਿੰਘ ਸਭਾ ਬੇ ਏਰੀਆ ਮਿਲਪੀਟਸ ਵਿਖੇ ਇੰਸਟੀਟਿਊਟ ਆਫ਼ ਗੁਰਮਤਿ ਗਿਆਨ ਆਨਲਾਈਨ ਸਟੱਡੀਜ਼ ਸੈਂਟਰ ਵੱਲੋਂ ਦੂਜਾ ਮਹੀਨਾਵਾਰੀ ਸਿੱਖ ਯੂਥ ਕੀਰਤਨ ਦਰਬਾਰ ਕਰਵਾਇਆ ਗਿਆ ਜਿਸ ਵਿਚ ਆਈ.ਜੀ.ਓ.ਐੱਸ. (ਇੰਸਟੀਟਿਊਟ ਆਫ਼ ਗੁਰਮਤਿ ਗਿਆਨ ਆਨਲਾਈਨ ਸਟੱਡੀਜ਼) ਮਿਲਪੀਟਸ ਦੇ ਵਿਦਿਆਰਥੀਆਂ ਅਤੇ ਹੋਰ ਸ਼ਹਿਰਾਂ ਦੇ ਬੱਚਿਆਂ ਨੇ ਕੀਰਤਨ ਦੁਆਰਾ ਹਾਜ਼ਰੀ ਭਰੀ। ਜ਼ਿਕਰਯੋਗ ਹੈ ਕਿ ਇਸ ਮਹੀਨਾਵਾਰੀ ਸਿੱਖ ਯੂਥ ਕੀਰਤਨ ਦਰਬਾਰ ਦਾ ਆਰੰਭ ਪਿਛਲੇ ਮਹੀਨੇ ਪ੍ਰਸਿੱਧ ਗੁਰਮਤਿ ਸੰਗੀਤ ਆਚਾਰੀਆ ਡਾ. ਗੁਰਨਾਮ ਸਿੰਘ ਨੇ ਰਾਗਮਈ ਸ਼ਬਦ ਗਾਇਨ ਦੁਆਰਾ ਕੀਤਾ ਸੀ। ਉਨ੍ਹਾਂ ਨੇ ਇਸ ਤਰ੍ਹਾਂ ਦੇ ਉਪਰਾਲਿਆਂ ਨੂੰ ਆਉਣ ਵਾਲੀ ਪੀੜ੍ਹੀ ਲਈ ਸਿੱਖੀ ਜੀਵਨ ਜਾਚ ਅਤੇ ਸਿੱਖ ਸਭਿਆਚਾਰਕ ਸੇਧ ਦੇਣ ਦਾ ਵਿਸ਼ੇਸ਼ ਉੱਦਮ ਦੱਸਿਆ। ਉਨ੍ਹਾਂ ਨੇ ਗੁਰਦੁਆਰਾ ਸਾਹਿਬ ਸਿੰਘ ਸਭਾ ਬੇ ਏਰੀਆ ਦੀ ਸਮੁੱਚੀ ਪ੍ਰਬੰਧਕ ਕਮੇਟੀ ਨੂੰ ਇਹੋ ਜਿਹੇ ਸਮਾਗਮ ਕਰਵਾਉਣ ਲਈ ਧੰਨਤਾਯੋਗ ਕਿਹਾ ਅਤੇ ਹਾਰਦਿਕ ਵਧਾਈ ਦਿੱਤੀ।
ਵਰਣਨਯੋਗ ਹੈ ਕਿ ਦੂਜੇ ਕੀਰਤਨ ਦਰਬਾਰ ਦੇ ਸ਼ਾਮ ਦੇ ਸੰਪੂਰਨ ਦੀਵਾਨ ਦੀਆਂ ਸੇਵਾਵਾਂ ਬੱਚਿਆਂ ਵੱਲੋਂ ਖ਼ੁਦ ਨਿਭਾਈਆਂ ਗਈਆਂ। ਦੀਵਾਨ ਦੀ ਅਰੰਭਤਾ ਬੱਚਿਆਂ ਦੀ ਮਨੋਹਰ ਆਵਾਜ਼ ਵਿਚ ਰਹਿਰਾਸ ਸਾਹਿਬ ਦੇ ਪਾਠ ਨਾਲ ਹੋਈ ਜਿਸ ਵਿਚ ਸਮੁੱਚੀ ਸੰਗਤ ਨੇ ਸੰਗਤੀ ਰੂਪ ਵਿਚ ਸ਼ਾਮਲ ਹੋ ਕੇ ਆਪਣੀ ਹਾਜ਼ਰੀ ਲਗਵਾਈ। ਉਪਰੰਤ ਧੁਰ ਕੀ ਬਾਣੀ ਦੇ ਅਨੰਦਦਾਇਕ ਰਾਗਮਈ ਕੀਰਤਨ ਸ਼ੁਰੂ ਹੋਏ। ਬੱਚਿਆਂ ਨੇ ਆਪਣੀਆਂ ਮਿੱਠੀਆਂ ਆਵਾਜ਼ਾਂ ਵਿਚ ਰਾਗਾਤਮਕ ਸ਼ਬਦ ਗਾਇਨ ਦੁਆਰਾ ਵਿਸ਼ੇਸ਼ ਵਿਸਮਾਦੀ ਮਾਹੌਲ ਸਿਰਜ ਦਿੱਤਾ। ਵਿਸਮਾਦੀ ਕੀਰਤਨ ਦਾ ਇਹ ਪ੍ਰਵਾਹ ਲਗਭਗ ਡੇਢ ਘੰਟਾ ਪ੍ਰਵਾਹਿਤ ਰਿਹਾ। ਉਪਰੰਤ ਸੰਗਤੀ ਰੂਪ ਵਿਚ ਅਨੰਦ ਸਾਹਿਬ ਦਾ ਗਾਇਨ ਰਾਗ ਰਾਮਕਲੀ ਵਿਚ ਕੀਤਾ ਗਿਆ। ਅਰਦਾਸ ਮਗਰੋਂ ਸੁੱਖ-ਆਸਨ ਸਾਹਿਬ ਦੀ ਸੇਵਾ ਵੀ ਸਮੂਹ ਵਿਦਿਆਰਥੀਆਂ ਨੇ ਕੀਤੀ ਅਤੇ ਦੇਗ਼ ਵਰਤਾਈ। ਸਮੂਹ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ। ਗੁਰਦੁਆਰਾ ਸਾਹਿਬ ਸਿੰਘ ਸਭਾ ਬੇ ਏਰੀਆ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਜਸਵੰਤ ਸਿੰਘ ਹੋਠੀ ਨੇ ਬੱਚਿਆਂ ਨੂੰ ਆਸ਼ੀਰਵਾਦ ਦੇਣ ਲਈ ਵਿਸ਼ੇਸ਼ ਸ਼ਮੂਲੀਅਤ ਕੀਤੀ। ਉਨ੍ਹਾਂ ਨੇ ਸਮੂਹ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਦਾ ਧੰਨਵਾਦ ਕੀਤਾ ਅਤੇ ਬੱਚਿਆਂ ਨੂੰ ਗੁਰਬਾਣੀ ਅਤੇ ਗੁਰਸਿੱਖੀ ਨਾਲ ਜੋੜਨ ਲਈ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਭਵਿੱਖ ਵਿਚ ਅਜਿਹੇ ਹੋਰ ਉਪਰਾਲੇ ਕਰਨ ਦਾ ਯਕੀਨ ਦਵਾਇਆ।