ਅਖੌਤੀ ਦੇਸ਼ਭਗਤ ਭਗਵਿਆਂ ਦੇ ਨਿਸ਼ਾਨੇ ‘ਤੇ ਆਇਆ ਸਿੱਧੂ

ਅਖੌਤੀ ਦੇਸ਼ਭਗਤ ਭਗਵਿਆਂ ਦੇ ਨਿਸ਼ਾਨੇ ‘ਤੇ ਆਇਆ ਸਿੱਧੂ

ਭਗਵੀਂ ਸਿਆਸਤ ‘ਚ ਭੂਚਾਲ ਆ ਗਿਆ ਕਿ ਆਖਿਰ ਇਕ ਸਰਦਾਰ ਨੂੰ ਪਾਕਿਸਤਾਨ ਨਾਲ ਗੱਲਬਾਤ ਕਰਨ ਦਾ ਕੀ ਹੱਕ ਹੈ?
ਬਲਵਿੰਦਰਪਾਲ ਸਿੰਘ (ਪ੍ਰੋ.)
ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਦੇ ਨਾਲ ਲਗਦੀ ਭਾਰਤੀ ਸਰਹੱਦ ਤੋਂ ਪਾਕਿਸਤਾਨ ਵਿੱਚ ਕਰੀਬ 4 ਕਿਲੋਮੀਟਰ ਅੰਦਰ ਪੈਂਦੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਲੈ ਕੇ ਲਾਂਘਾ ਖੋਲ੍ਹਣ ਦੀ ਮੰਗ ਖਾਲਸਾ ਪੰਥ ਵਲੋਂ ਕਾਫੀ ਚਿਰਾਂ ਤੋਂ ਉਠਾਈ ਜਾ ਰਹੀ ਹੈ। ਪ੍ਰਵਾਸੀ ਖਾਲਸਾ ਜੀ ਇਸ ਬਾਰੇ ਪੂਰੀ ਤਰ੍ਹਾਂ ਸਰਗਰਮ ਹਨ। ਗੁਰਪੁਰਵਾਸੀ ਟਕਸਾਲੀ ਆਗੂ ਜਥੇਦਾਰ ਕੁਲਦੀਪ ਸਿੰਘ ਵਡਾਲਾ ਜੀ ਖੁੱਲ੍ਹੇ ਲਾਂਘੇ ਬਾਰੇ ਲਗਾਤਾਰ ਆਵਾਜ਼ ਬੁਲੰਦ ਕਰਦੇ ਰਹੇ ਤੇ ਆਪਣੇ ਮੋਰਚੇ ‘ਤੇ ਡਟੇ ਰਹੇ। ਹੁਣ ਚੰਗੀ ਗੱਲ ਇਹ ਹੋਈ ਕਿ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੀ ਇਹ ਮਾਮਲਾ ਭਖਾ ਦਿੱਤਾ। ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਫੇਰੀ ਨਾਲ ਇਹ ਮੁੱਦਾ ਜਿੱਥੇ ਵੱਡੀ ਪੱਧਰ ‘ਤੇ ਭਖਿਆ ਹੈ ਤੇ ਕੌਮਾਂਤਰੀ ਪੱਧਰ ਦਾ ਬਣ ਗਿਆ ਹੈ, ਉੱਥੇ ਭਗਵੇਂ ਰਾਸ਼ਟਰਵਾਦੀਆਂ ਤੇ ਅਖੌਤੀ ਦੇਸ਼ ਭਗਤਾਂ ਦੇ ਨਿਸ਼ਾਨੇ ‘ਤੇ ਸਿੱਧੂ ਆ ਗਏ ਹਨ। ਇਹ ਕਰਾਮਾਤਾਂ ਸੁੱਤੇ ਸਿਧ ਨਹੀਂ ਵਾਪਰਦੀਆਂ। ਇਸ ਪਿੱਛੇ ਵੱਡੀਆਂ ਤਾਕਤਾਂ ਬੈਠੀਆਂ ਹੁੰਦੀਆਂ ਹਨ, ਦਿਮਾਗ ਉਨ੍ਹਾਂ ਦੇ ਚਲ ਰਹੇ ਹੁੰਦੇ ਹਨ ਕਿ ਸਿੱਖ ਕੌਮ ਨੂੰ ਜ਼ਲੀਲ ਕਿਵੇਂ ਕਰਨਾ ਹੈ? ਸਿੱਧੂ ‘ਤੇ ਰਾਸ਼ਟਰਵਾਦੀਆਂ ਦਾ ਨਫ਼ਰਤ ਭਰਪੂਰ ਹਮਲਾ ਭਗਵੇਂ ਦਿਮਾਗਾਂ ਵਿਚੋਂ ਹੀ ਨਿਕਲਿਆ ਹੈ। ਹੁਣ ਦੇਸ ਰਾਅ ਏਜੰਸੀਆਂ ਜਾਂ ਬਿਉਰੋਕ੍ਰੇਸੀ ਨਹੀਂ ਚਲਾਉਂਦੀਆਂ, ਇਹ ਭਗਵੇਂ ਰਾਸ਼ਟਰਵਾਦੀ ਤੇ ਆਰ ਐਸ ਐਸ ਵਾਲੇ ਹੀ ਚਲਾਉਂਦੇ ਹਨ। ਸਾਰੀਆਂ ਰਾਜਨੀਤਕ ਨੀਤੀਆਂ ਨਾਗਪੁਰੋਂ ਹੀ ਬਣ ਕੇ ਹੀ ਆਉਂਦੀਆਂ ਹਨ। ਦੇਸ ਵਿਚ ਕੀ ਚਲ ਰਿਹਾ ਹੈ, ਭੀੜਾਂ ਦੀ ਹਿੰਸਾ ਕਿਉਂ ਹੋ ਰਹੀ ਹੈ, ਇਹ ਸਭ ਭਗਵੀਂ ਸਿਆਸਤ ਦੀ ਉਪਜ ਹੈ।
ਯਾਦ ਰਹੇ ਕਿ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਖਾਸ ਮਿੱਤਰ ਹਨ ਤੇ ਇਕੱਠੇ ਕ੍ਰਿਕਟ ਖੇਡੇ ਹਨ, ਉਹ ਇਮਰਾਨ ਖਾਨ ਦੇ ਬੁਲਾਵੇ ‘ਤੇ ਸਹੁੰ-ਚੁੱਕ ਸਮਾਗਮ ਵਿੱਚ ਹਿੱਸਾ ਲੈਣ ਪਾਕਿਸਤਾਨ ਗਏ ਸਨ। ਸਹੁੰ-ਚੁੱਕ ਸਮਾਗਮ ਵੇਲੇ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਸਿੱਧੂ ਦੀ ਜੱਫੀ ਪਾਉਣ ਵਾਲੀ ਤਸਵੀਰ ਭਾਰਤੀ ਤੇ ਪਾਕਿਸਤਾਨੀ ਮੀਡੀਆ ‘ਤੇ ਦੇਖੀ ਗਈ ਤਾਂ ਭਗਵੀਂ ਸਿਆਸਤ ਵਿਚ ਭੂਚਾਲ ਆ ਗਿਆ ਕਿ ਆਖਿਰ ਇਕ ਸਰਦਾਰ ਨੂੰ ਪਾਕਿਸਤਾਨ ਨਾਲ ਗੱਲਬਾਤ ਕਰਨ ਦਾ ਕੀ ਹੱਕ ਹੈ?
ਪੰਥਕ ਜਥੇਬੰਦੀਆਂ ਤੇ ਬਹੁਗਿਣਤੀ ਪੰਜਾਬੀ ਸ਼ੋਸ਼ਲ ਮੀਡੀਏ ‘ਤੇ ਇਨ੍ਹਾਂ ਫਿਰਕੂ ਸਿਆਸਤਦਾਨਾਂ, ਅਖੌਤੀ ਰਾਸ਼ਟਰਵਾਦੀਆਂ ਵਿਰੁਧ ਡਟ ਗਏ ਹਨ ਕਿ ਭਾਰਤ-ਪਾਕਿ ਏਕਤਾ ਹੋਣੀ ਚਾਹੀਦੀ ਹੈ, ਬਾਰਡਰ ਖੁੱਲਣੇ ਚਾਹੀਦੇ ਹਨ, ਦੋਹਾਂ ਦੇਸਾਂ ਦਾ ਵਪਾਰ ਹੋਣਾ ਚਾਹੀਦਾ ਹੈ। ਕਰਤਾਰਪੁਰ ਲਈ ਖੁੱਲ੍ਹਾ ਲਾਂਘਾ ਮਿਲਣਾ ਚਾਹੀਦਾ ਹੈ। ਸਿੱਧੂ ਦਾ ਬਿਆਨ ਵੀ ਉਸਾਰੂ ਹੈ, ਉਸ ਨੇ ਭਗਵੇਂ ਰਾਸ਼ਟਰਵਾਦੀਆਂ ਦਾ ਜੁਆਬ ਦੇਂਦਿਆਂ ਕਿਹਾ ਕਿ ਜੇਕਰ ਇਹ ਨਾ ਮੁੜੇ ਤਾਂ ਫਿਰ ਇਨ੍ਹਾਂ ਦੇ ਪੋਤੜੇ ਫੋਲੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ”ਜਦੋਂ ਜਨਰਲ ਬਾਜਵਾ ਨੇ ਕਰਤਾਰਪੁਰ ਤੋਂ ਡੇਰਾ ਬਾਬਾ ਨਾਨਕ ਦਾ ਲਾਂਘਾ ਖੋਲ੍ਹਣ ਦੀ ਗੱਲ ਕੀਤੀ ਤਾਂ ਮੈਂ ਇਸ ਗੱਲ ਉੱਤੇ ਭਾਵੁਕ ਹੋ ਗਿਆ ਅਤੇ ਧੰਨਵਾਦ ਕਰਨ ਲਈ ਉਨ੍ਹਾਂ ਨੂੰ ਜੱਫੀ ਪਾ ਲਈ। ਇਕ ਸਿੱਖ ਦੇ ਲਈ ਵਿਛੜੇ ਗੁਰਧਾਮਾਂ ਦੇ ਦਰਸ਼ਨਾਂ ਦੀ ਕੀ ਕੀਮਤ ਹੁੰਦੀ ਹੈ, ਇਸ ਨੂੰ ਦੂਸਰੇ ਨਹੀਂ ਜਾਣ ਸਕਦੇ। ਅਸੀਂ ਰੋਜ਼ ਅਰਦਾਸ ਕਰਦੇ ਹਾਂ ਕਿ ਹੇ ਵਾਹਿਗੁਰੂ ਸਾਨੂੰ ਵਿਛੜੇ ਹੋਏ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨਾਂ ਦੇ ਦੀਦਾਰ ਬਖਸ਼ੋ।
ਵੱਡੀ ਗੱਲ ਇਹ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੀ ਸਿੱਧੂ ਦੀ ਪਿੱਠ ‘ਤੇ ਆ ਗਏ ਹਨ। ਉਨ੍ਹਾਂ ਨੇ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਪਾਕਿਸਤਾਨੀ ਫ਼ੌਜ ਦੇ ਮੁਖੀ ਨਾਲ ਪਾਈ ਜੱਫੀ ਕਾਰਨ ਉੱਠੇ ਵਿਵਾਦ ਦੌਰਾਨ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸਿੱਧੂ ‘ਸ਼ਾਂਤੀ ਦਾ ਦੂਤ’ ਕਰਾਰ ਦਿੰਦਿਆਂ ਸਿੱਧੂ ਵੱਲੋਂ ਉਨ੍ਹਾਂ ਦੇ ਸਹੁੰ ਚੁਕਾਈ ਸਮਾਰੋਹ ਵਿਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਪਾਕਿਸਤਾਨ ਦੀ ਜਨਤਾ ਨੇ ਨਵਜੋਤ ਸਿੰਘ ਸਿੱਧੂ ਨੂੰ ਬਹੁਤ ਨਿੱਘ ਤੇ ਪਿਆਰ ਦਿੱਤਾ ਹੈ। ਭਾਰਤ ਵਿਚ ਜਿਹੜੇ ਲੋਕ ਉਨ੍ਹਾਂ ਨੂੰ ਹੁਣ ਨਿਸ਼ਾਨਾ ਬਣਾ ਰਹੇ ਹਨ, ਉਨ੍ਹਾਂ ਨੂੰ ਸ਼ਾਂਤੀ ਕਾਇਮ ਰੱਖਣ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਬਿਨਾ ਸ਼ਾਂਤੀ ਦੇ ਸਾਡੇ ਲੋਕ ਤਰੱਕੀ ਨਹੀਂ ਕਰ ਸਕਦੇ।
ਇਹ ਯਾਦ ਰੱਖਣ ਵਾਲੀ ਗੱਲ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਦੀ ਸਿੱਖਾਂ ਵਿੱਚ ਬਹੁਤ ਮਹਾਨਤਾ ਹੈ। ਪਾਕਿਸਤਾਨ ਵਿੱਚ ਸਥਿਤ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਭਾਰਤੀ ਸਰਹੱਦ ‘ਤੇ ਬੀਐਸਐਫ ਵਲੋਂ ਬਣਾਏ ਗਏ ਦਰਸ਼ਨ ਅਸਥਾਨ ‘ਤੇ ਵੱਡੀ ਗਿਣਤੀ ਵਿਚ ਦੂਰ ਦੁਰਾਡੇ ਤੋਂ ਸੰਗਤਾਂ ਇੱਥੇ ਦਰਸ਼ਨ ਕਰਨ ਲਈ ਪਹੁੰਚਦੀਆਂ ਹਨ। ਇਸ ਅਸਥਾਨ ਦਾ ਸੰਬੰਧ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨਾਲ ਹੈ। ਉਨ੍ਹਾਂ ਨੇ ਰਾਵੀ ਦਰਿਆ ਦੇ ਕੰਢੇ ਇਹ ਨਗਰ ਵਸਾਇਆ। ਇਥੇ ਹੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜੀਵਨ ਦੇ 17 ਸਾਲ 5 ਮਹੀਨੇ ਅਤੇ 9 ਦਿਨ ਬਿਤਾਏ ਹਨ ਅਤੇ ਗੁਰੂ ਸਾਹਿਬ ਦਾ ਪੂਰਾ ਪਰਿਵਾਰ ਵੀ ਕਰਤਾਰਪੁਰ ਸਾਹਿਬ ਆ ਕੇ ਵਸ ਗਿਆ ਸੀ। ਗੁਰੂ ਸਾਹਿਬ ਦੇ ਮਾਤਾ-ਪਿਤਾ ਦਾ ਦੇਹਾਂਤ ਵੀ ਇਥੇ ਹੋਇਆ ਸੀ। ਇਥੇ ਖੇਤੀ ਕਰ ਗੁਰੂ ਨਾਨਕ ਦੇਵ ਜੀ ਨੇ ”ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ” ਦਾ ਸਿਧਾਂਤ ਦਿੱਤਾ ਸੀ। ਗੁਰੂ ਨਾਨਕ ਦੇਵ ਜੀ ਵੱਲੋਂ ਭਾਈ ਲਹਿਣਾ ਜੀ ਨੂੰ ਗੁਰਗੱਦੀ ਵੀ ਇਸ ਸਥਾਨ ‘ਤੇ ਹੀ ਸੌਂਪੀ ਗਈ ਸੀ, ਜਿਨ੍ਹਾਂ ਦੂਜੀ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਆਖ਼ਿਰ ਵਿਚ ਗੁਰੂ ਨਾਨਕ ਦੇਵ ਜੀ ਇਸੇ ਸਥਾਨ ‘ਤੇ ਹੀ ਜੋਤੀ ਜੋਤਿ ਸਮਾਏ ਸਨ।
ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੋਲ੍ਹਣ ਦੀ ਮੰਗ ਨੂੰ ਲੈ ਕੇ ਵੱਖ ਵੱਖ ਸਿੱਖ ਜਥੇਬੰਦੀਆਂ ਵੱਲੋਂ ਇਥੇ ਗਾਹੇ ਬਗਾਹੇ ਵੱਡੀ ਗਿਣਤੀ ਵਿਚ ਸੰਗਤਾਂ ਨਾਲ ਸਰਹੱਦ ‘ਤੇ ਬਣੇ ਕਰਤਾਰਪੁਰ ਸਾਹਿਬ ਦਰਸ਼ਨ ਅਸਥਾਨ ‘ਤੇ ਪਹੁੰਚ ਕੇ ਅਰਦਾਸ ਕੀਤੀ ਜਾਂਦੀ ਹੈ। ਅਕਾਲੀ ਦਲ ਦੇ ਆਗੂ ਗੁਰਪੁਰਵਾਸੀ ਕੁਲਦੀਪ ਸਿੰਘ ਵਡਾਲਾ ਵੱਲੋਂ 2001 ਵਿਚ ‘ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ’ ਦੀ ਸ਼ੁਰੂਆਤ ਕੀਤੀ ਗਈ ਅਤੇ 13 ਅਪ੍ਰੈਲ 2001 ਦੀ ਵਿਸਾਖੀ ਤੋਂ ਅਰਦਾਸ ਕਰਨ ਦੀ ਸ਼ੁਰੂਆਤ ਕੀਤੀ ਗਈ। ਲਾਂਘਾ ਖੋਲ੍ਹਣ ਬਾਰੇ ਮੁਹਿੰਮ ਚਲਾਉਣ ਲਈ ਪਿਛਲੇ 17 ਸਾਲਾਂ ਤੋਂ ਲਗਾਤਾਰ ਹਰੇਕ ਮਹੀਨੇ ਅਰਦਾਸ ਕੀਤੀ ਜਾ ਰਹੀ ਹੈ। ਜਥੇਦਾਰ ਕੁਲਦੀਪ ਸਿੰਘ ਵਡਾਲਾ ਤੋਂ ਬਾਅਦ ਵੀ ਇਹ ਪੰਥਕ ਤੇ ਮਨੁੱਖਤਾ ਪੱਖੀ ਮੁਹਿੰਮ ਜਾਰੀ ਹੈ। ਲਾਂਘੇ ਲਈ ਦੋਵਾਂ ਦੇਸਾਂ ਦੀਆਂ ਹਕੂਮਤਾਂ ਨੂੰ ਉਦਮ ਕਰਨਾ ਚਾਹੀਦਾ ਹੈ ਅਤੇ ਇੱਕ ਵਿਸ਼ੇਸ਼ ਕੋਰੀਡੋਰ ਬਣਾਇਆ ਜਾਣਾ ਚਾਹੀਦਾ ਹੈ, ਜਿਸ ਨਾਲ ਸੰਗਤਾਂ ਵੀ ਆਪਣੇ ਮੁਕੱਦਸ ਸਥਾਨ ਦੇ ਦਰਸ਼ਨ ਕਰ ਸਕਣ ਤਾਂ ਜੋ ਗੁਰੂ ਨਾਨਕ ਦਾ ਕਰਤਾਰਪੁਰ  ਦੋਵਾਂ ਦੇਸਾਂ ਵਿਚ ਆਪਸੀ ਭਾਈਚਾਰਕ ਸਾਂਝ ਦਾ ਮਾਡਲ ਬਣ ਸਕੇ, ਜਿਥੋਂ ਗੁਰੂ ਨਾਨਕ ਸਾਹਿਬ ਨੇ ਸਰਬੱਤ ਦੇ ਭਲੇ ਦਾ ਸੁਨੇਹਾ ਦਿੱਤਾ ਸੀ। ਇਹ ਜੋ ਕਰਤਾਰਪੁਰ ਦੇ ਖੁੱਲ੍ਹੇ ਲਾਂਘੇ ਬਾਰੇ ਆਵਾਜ਼ਾਂ ਉੱਠ ਰਹੀਆਂ ਹਨ, ਉਸ ਨੂੰ ਭਗਵੇਂ ਰਾਸ਼ਟਰਵਾਦੀ ਨਹੀਂ ਦਬਾ ਸਕਣਗੇ ਤੇ ਨਾ ਹੀ ਸਿਆਸੀ ਖੇਡਾਂ ਖੇਡਣ ਵਾਲੇ। ਇਹ ਪੰਥ ਦੀ ਆਵਾਜ਼ ਹੈ, ਮਨੁੱਖਤਾ ਦੀ ਆਵਾਜ਼ ਹੈ, ਗੁਰੂ ਨਾਨਕ ਦੀ ਆਵਾਜ਼ ਹੈ।
ਨਵੀਂ ਸਰਕਾਰ ਬਣਨ ‘ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਧਾਈ ਦਿੱਤੀ ਤੇ ਦੋਨਾਂ ਦੇਸਾਂ ਦੇ ਵਿਚਾਲੇ ਚੰਗੇ ਸੰਬੰਧਾਂ ਦੀ ਆਸ ਪ੍ਰਗਟਾਈ। ਇਸ ਦੀ ਸ਼ਲਾਘਾ ਕਰਨੀ ਬਣਦੀ ਹੈ, ਕਿਉਂਕਿ ਭਾਰਤ ਸਰਕਾਰ ਨੇ ਸਾਕਾਰਾਤਮਕ ਅਤੇ ਸ਼ਿਸ਼ਟਾਚਾਰ ਪੂਰਨ ਦ੍ਰਿਸ਼ਟੀਕੋਣ ਦਾ ਪ੍ਰਗਟਾਵਾ ਕੀਤਾ ਹੈ। ਦੂਜੇ ਪਾਸੇ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਵੀ ਤਾਰੀਫ ਕਰਨੀ ਬਣਦੀ ਹੈ ਕਿ ਉਨ੍ਹਾਂ ਨੇ ਵੀ ਸਾਕਾਰਾਤਮਕ ਰੁਖ ਪ੍ਰਗਟਾਇਆ ਹੈ। ਇਮਰਾਨ ਖਾਨ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਨੂੰ ਕਸ਼ਮੀਰ ਸਮੇਤ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਗੱਲਬਾਤ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਜੋ ਇਸ ਉਪ ਮਹਾਂਦੀਪ ਵਿਚ ਗਰੀਬੀ, ਬੇਰੁਜ਼ਗਾਰੀ ਦਾ ਸੰਤਾਪ ਮੁੱਕ ਸਕੇ।
ਇਥੇ ਇਹ ਵੀ ਦੱਸਣਯੋਗ ਹੈ ਕਿ ਨਵੇਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਖਰਚਿਆਂ ਵਿਚ ਕਟੌਤੀ ਅਤੇ ਸਾਦਗੀ ਦੀ ਮਿਸਾਲ ਖੁਦ ਪੇਸ਼ ਕਰਨ ਮਗਰੋਂ ਆਪਣੇ ਮੰਤਰੀ ਮੰਡਲ ਵਿਚ ਸਾਥੀਆਂ ਨੂੰ ਵੀ ਇਸਨੂੰ ਅਮਲ ਵਿਚ ਲਿਆਉਣ ਲਈ ਉਤਸ਼ਾਹਿਤ ਕੀਤਾ ਹੈ। ਮੰਤਰੀ ਮੰਡਲ ਦੀ ਪਹਿਲੀ ਰਵਾਇਤੀ ਬੈਠਕ ਵਿਚ ਮੰਤਰੀਆਂ ਨੂੰ ਸਿਰਫ ਚਾਹ ਦਿੱਤੀ ਗਈ। ਨਾ ਕੋਈ ਬਿਸਕੁਟ ਤੇ ਨਾ ਕੋਈ ਹੋਰ ਕਿਸਮ ਦਾ ਨਾਸ਼ਤਾ। ਇਮਰਾਨ ਨੇ ਕਿਹਾ ਕਿ ਉਹ ਖੁਦ 16 ਘੰਟੇ ਕੰਮ ਕਰਨਗੇ ਅਤੇ ਮੰਤਰੀ ਮੰਡਲ ਦੇ ਮੈਂਬਰਾਨ ਵੀ 14 ਘੰਟੇ ਕੰਮ ਕਰਨ।
ਸਹੁੰ ਚੁੱਕਣ ਤੋਂ ਬਾਅਦ ਜੋ ਇਮਰਾਨ ਖਾਨ ਨੇ ਸਾਕਾਰਾਤਮ ਰੁਖ ਭਾਰਤ ਪ੍ਰਤੀ ਦਿਖਾਇਆ ਹੈ, ਉਹੀ ਭਾਵ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦਾ ਹੈ। ਚੰਗੀ ਗੱਲ ਹੈ ਕਿ ਦੋਵੇਂ ਦੇਸ ਏਕਤਾ ਦਾ ਪ੍ਰਦਰਸ਼ਨ ਕਰਨ, ਦੁਸ਼ਮਣੀਆਂ ਦਾ ਰਾਹ ਛੱਡਣ ਤੇ ਵਿਕਾਸ ਵਲ ਧਿਆਨ ਦੇਣ। ਜੰਗ ਲਗਾਉਣ ਤੇ ਨਫ਼ਰਤ ਦੀ ਸਿਆਸਤ ਕਦੇ ਵੀ ਗਰੀਬ ਦੇਸਾਂ ਲਈ ਫਿੱਟ ਨਹੀਂ ਬੈਠਦੀ। ਇਸ ਦਾ ਲਾਭ ਭਾਵੇਂ ਸਿਆਸਤਦਾਨਾਂ ਨੂੰ ਹੁੰਦਾ ਹੈ ਤੇ ਉਨ੍ਹਾਂ ਦੀ ਕੁਰਸੀ ਬਹਾਲ ਰਹਿੰਦੀ ਹੈ, ਪਰ ਇਸ ਦਾ ਨੁਕਸਾਨ ਲੋਕਾਂ ਨੂੰ ਹੁੰਦਾ ਹੈ, ਜੋ ਗਰੀਬੀ ਵਿਚ ਘੁਟਦੇ ਮਰਦੇ ਹਨ। ਸਮੁੱਚੇ ਵਿਸ਼ਵ ਵਿਚ ਵਸਦੇ ਪੰਜਾਬੀਆਂ ਨੂੰ ਪੰਜਾਬ ਦੇ ਵਿਕਾਸ ਦੇ ਲਈ ਭਾਰਤ-ਪਾਕਿ ਏਕਤਾ ਦੇ ਲਈ ਮੁਹਿੰਮ ਉਸਾਰਨੀ ਚਾਹੀਦੀ ਹੈ, ਕਿਉਂਕਿ ਪੰਜਾਬੀ ਰੱਬ ਦੇ ਦੂਤ ਹਨ, ਜੋ ਦੁਨੀਆਂ ਵਿਚ ਸਰਬੱਤ ਦੇ ਭਲੇ ਦਾ ਸੁਨੇਹਾ ਦੇਣ ਆਏ ਹਨ। ਇਸ ਲਈ ਸਾਨੂੰ ਅਖੌਤੀ ਰਾਸ਼ਟਰਵਾਦੀਆਂ, ਭਗਵੇਂ ਰਾਸ਼ਟਰਵਾਦੀਆਂ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ ਤੇ ਮਨੁੱਖਤਾ ਦਾ ਸੁਨੇਹਾ ਸਮੁੱਚੇ ਵਿਸ਼ਵ ਵਿਚ ਦੇਣਾ ਚਾਹੀਦਾ ਹੈ। ਜੇਕਰ ਭਾਰਤ ਦੇ ਪ੍ਰਧਾਨ ਮੰਤਰੀ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਏਕਤਾ ਵਲ ਵਧਦੇ ਹਨ ਤਾਂ ਪੰਜਾਬੀਆਂ ਨੂੰ ਦ੍ਰਿੜ੍ਹਤਾ ਦੇ ਨਾਲ ਇਸ ਦਾ ਸੁਆਗਤ ਕਰਨਾ ਚਾਹੀਦਾ ਹੈ। ਜੰਗਬਾਜ਼ ਨਫ਼ਰਤ ਦਾ ਪ੍ਰਗਟਾਵਾ ਕਰਨ ਵਾਲੇ ਔਰੰਗਜ਼ੇਬ, ਬਾਬਰ, ਹਿਟਲਰ, ਮੁਸੋਲਿਨੀ, ਚੰਗੇਜ਼ ਖਾਨ ਵਰਗੇ ਹੋ ਸਕਦੇ ਹਨ। ਪਰ ਮਨੁੱਖਤਾ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਲਾਡਲੇ ਭਾਈ ਘਨੱਈਆ ਵਰਗੇ ਮਨੁੱਖਾ ਦੀ ਲੋੜ ਹੈ, ਜੋ ਵਿਸ਼ਵ ਵਿਚ ਸ਼ਾਂਤੀ ਫੈਲਾ ਸਕਣ।

ਕਰਤਾਰਪੁਰ ਲਾਂਘਾ ਖੁੱਲ੍ਹਵਾਉਣ ਲਈ ਬਾਰਡਰ ‘ਤੇ ਨਵਜੋਤ ਸਿੱਧੂ ਨੇ ਕੀਤੀ ਅਰਦਾਸ
ਗੁਰਦਾਸਪੁਰ : ਹੁਣ ਖ਼ਬਰ ਕਰਤਾਰਪੁਰ ਸਾਹਿਬ ਲਾਂਘਾ ਨਾਲ ਜੁੜੀ ਹੋਈ ਹੈ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਾਕਿਸਤਾਨੀ ਫੇਰੀ ਮੌਕੇ ਉੱਠੇ ਵਿਵਾਦ ਨੂੰ ਮਿਸ਼ਨਰੀ ਰੁਖ਼ ਦੇਣਾ ਸ਼ੁਰੂ ਕਰ ਦਿੱਤਾ ਹੈ। ਸਿੱਧੂ ਨੇ ਕਰਤਾਰਪੁਰ ਸਾਹਿਬ ਲਾਂਘਾ ਖੱਲ੍ਹਵਾਉਣ ਲਈ ਚਾਰਾਜੋਈ ਸ਼ੁਰੂ ਆਰੰਭ ਦਿੱਤੀ ਹੈ। ਸ਼ਨੀਵਾਰ ਨੂੰ ਗੁਰਦਾਸਪੁਰ ਦੇ ਜ਼ਿਲ੍ਹੇ ਦੇ ਸਭ ਤੋਂ ਅਖੀਰਲੇ ਪਿੰਡ ਡੇਰਾ ਬਾਬਾ ਨਾਨਕ ਪਹੁੰਚ ਕੇ ਸਿੱਧੂ ਨੇ ਕਰਤਾਰਪੁਰ ਦਾ ਲਾਂਘਾ ਖੋਲ੍ਹਣ ਲਈ ਅਰਦਾਸ ਕੀਤੀ।
ਪਾਕਿਸਤਾਨ ਵਿੱਚ ਸਿੱਧੂ ਦੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਵਾਉਣ ਦੀ ਜੋ ਉਮੀਦ ਜਾਗੀ ਸੀ ਉਸ ਉਮੀਦ ਨੂੰ ਭਾਰਤ ਵਿੱਚ ਵੀ ਸਰਹੱਦ ਤੋਂ ਪੂਰਾ ਹੁੰਦੇ ਵੇਖ ਰਹੇ ਹਨ। ਤਸਵੀਰਾਂ ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਦੀਆਂ ਨੇ, ਜਿਥੇ ਸਿੱਧੂ ਨੇ ਦੂਰਬੀਨ ਜ਼ਰੀਏ ਪਾਕਿਸਤਾਨ ਵਿੱਚ ਮੌਜੂਦ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਤੇ ਨਾਲ ਹੀ ਕਰਤਾਰਪੁਰ ਲਾਂਘੇ ਦੇ ਖੁੱਲ੍ਹਣ ਦੀ ਅਰਦਾਸ ਕੀਤੀ। ਇਸ ਮੌਕੇ ਸਿੱਧੂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਪਵਿੱਤਰ ਸਥਾਨ ਲਈ ਅਰਦਾਸ ਕਰਨੀ ਚਾਹੀਦੀ ਹੈ ਤਾਂ ਜੋ ਸਿੱਖ ਕੌਮ ਆਪਣੇ ਪਵਿੱਤਰ ਸਥਾਨ ਕਾਰਤਾਰਪੁਰ ਸਾਹਿਬ ਦੇ ਖੁੱਲੇ ਦਰਸ਼ਨ ਦੀਦਾਰ ਕਰ ਸਕੇ।  ਸਿੱਧੂ ਨੇ ਕਿਹਾ ਕਿ ਉਹ ਪੂਰੀ ਕੋਸ਼ਿਸ਼ ਕਰਨਗੇ ਕਿ ਇਹ ਮੰਗ ਪੂਰੀ ਹੋਵੇ।
ਉੱਧਰ ਲਾਂਘੇ ਨੂੰ ਲੈ ਕੇ ਪੰਜਾਬ ਵਿੱਚ ਜਾਰੀ ਸਿਆਸਤ ਤੇ ਸਿੱਧੂ ਨੇ ਕਿਹਾ ਕਿ ਹਰ ਕਿਸੇ ਨੂੰ ਸਿਆਸਤ ਤੋਂ ਉੱਪਰ ਉਠ ਕੇ ਵਿਸ਼ੇਸ਼ ਕੌਰੀਡੋਰ ਲਈ ਅਰਦਾਸ ਕਰਨੀ ਚਾਹੀਦੀ ਹੈ। ਤਾਂ ਜੋ ਸਾਲਾਂ ਤੋਂ ਅਰਦਾਸ ਕਰ ਰਹੀ ਸਿੱਖ ਸੰਗਤ ਦੀ ਮਨੋਕਾਮਨਾ ਪੂਰੀ ਹੋ ਸਕੇ।