ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਗੁਜਰਾਤ ਦੰਗਿਆਂ ਦੀ ਦੋਸ਼ੀ ਮਾਇਆ ਕੋਡਨਾਨੀ ਦੇ ਹੱਕ ਵਿੱਚ ਦਿੱਤੀ ਗਵਾਹੀ

ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਗੁਜਰਾਤ ਦੰਗਿਆਂ ਦੀ  ਦੋਸ਼ੀ ਮਾਇਆ ਕੋਡਨਾਨੀ ਦੇ ਹੱਕ ਵਿੱਚ ਦਿੱਤੀ ਗਵਾਹੀ

ਭਾਜਪਾ ਦੀ ਮਹਿਲਾ ਆਗੂ ਵਿਰੁਧ ਦਰਜ਼ ਮਾਮਲੇ ਤੇ ਉਨ੍ਹਾਂ ਦੀ ਮੌਜੂਦਾ ਸਥਿਤੀ
ਚੰਡੀਗੜ੍ਹ/ਸਿੱਖ ਸਿਆਸਤ ਬਿਊਰੋ:
ਗੁਜਰਾਤ ਦੀ ਸੀਨੀਅਰ ਭਾਜਪਾ ਆਗੂ ਮਾਇਆ ਕੋਡਨਾਨੀ 2002 ਗੁਜਰਾਤ ਕਤਲੇਆਮ ਦੇ ਮਾਮਲੇ ਵਿਚ ਭਾਜਪਾ ਦੀ ਸਜਾ-ਜ਼ਾਫਤਾ ਸਾਬਕਾ ਵਿਧਾਇਕ ਹੈ। ਬੀਤੇ ਦਿਨੀਂ ਭਾਜਪਾ ਦੇ ਕੇਂਦਰੀ ਪ੍ਰਧਾਨ ਅਮਿਤ ਸ਼ਾਹ ਨੇ ਮਾਇਆ ਕੋਡਨਾਨੀ ਵਿਰੁਧ ਚੱਲਦੇ ਇਕ ਮਾਮਲੇ ਵਿਚ ਬਚਾਅ ਪੱਖ ਦੇ ਗਵਾਹ ਵੱਜੋਂ ਅਦਾਲਤ ਵਿਚ ਗਵਾਹੀ ਦਿੱਤੀ ਹੈ। ਮਾਇਆ ਕੋਡਨਾਨੀ ਵਿਰੁੱਧ 2002 ਗੁਜਰਾਤ ਕਤਲੇਆਮ ਨਾਲ ਜੁੜੇ ਦੋ ਮਾਮਲੇ ਦਰਜ਼ ਕੀਤੇ ਗਏ ਸਨ, ਜਿਨ੍ਹਾਂ ਬਾਰੇ ਮੀਡੀਆ ਰਿਪੋਰਟਾਂ ਤੋਂ ਮਿਲੇ ਵੇਰਵੇ ਹੇਠ ਲਿਖੇ ਅਨੁਸਾਰ ਹਨ:
ਨਰੋਦਾ ਪਾਟੀਆ ਕਤਲੇਆਮ ਮਾਮਲਾ: ਨਰੋਦਾ ਪਾਟੀਆ ਕਤਲੇਆਮ ਮਾਮਲੇ ਵਿਚ ਮਾਇਆ ਕੋਡਨਾਨੀ ਸਮੇਤ ਕੁੱਲ 61 ਮੁਲਜਮ ਸਨ ਜਿਨ੍ਹਾਂ ਵਿਚੋਂ ਮਾਇਆ ਕੋਡਨਾਨੀ ਸਮੇਤ 32 ਨੂੰ ਅਦਾਲਤ ਵੱਜੋਂ ਦੋਸ਼ੀ ਐਲਾਨਦਿਆਂ ਸਜ਼ਾ ਸੁਣਾਈ ਗਈ ਹੈ।
ਨਰੋਦਾ ਪਾਟੀਆ ਮੁਸਲਮਾਨ ਵਸੋਂ ਵਾਲਾ ਇਲਾਕਾ ਹੈ ਜੋ ਕਿ ਨਰੋਦਾ ਗਾਮ (ਇਕ ਹੋਰ ਕਤਲੇਆਮ ਵਾਲੀ ਥਾਂ) ਤੋਂ ੨ ਕਿਲੋਮੀਟਰ ਤੋਂ ਵੀ ਘੱਟ ਦੂਰੀ ਉੱਤੇ ਹੈ28 ਫਰਵਰੀ, 2002 ਨੂੰ ਇੱਥੇ ਭਿਆਨਕ ਕਤਲੇਆਮ ਹੋਇਆ ਸੀ ਜਿਸ ਵਿਚ ਹਿੰਦੂਤਵੀਆਂ ਨੇ 97 ਮੁਸਲਮਾਨਾਂ ਨੂੰ ਕਤਲ ਕਰ ਦਿੱਤਾ ਸੀ। ਨਰੋਦਾ ਪਾਟੀਆ ਕਤਲੇਆਮ ਮਾਮਲੇ ਵਿਚ ਮਾਇਆ ਕੋਡਨਾਨੀ ਵਿਰੁਧ ਇਹ ਦੋਸ਼ ਸੀ ਕਿ ਉਸ ਨੇ ਹਿੰਦੂਆਂ ਦੀ ਭਾੜ ਨੂੰ ਭੜਕਾਇਆ ਅਤੇ ਹਾਲਾਤ ਨੂੰ ਲਾਂਬੂ ਲਾਇਆ ਸੀ। ਇਸ ਮਾਮਲੇ ਵਿਚ 11 ਚਸ਼ਮਦੀਦ ਗਵਾਹਾਂ ਨੇ ਗਵਾਹੀ ਦਿੱਤੀ ਕਿ ਮਾਇਆ ਕੋਡਨਾਨੀ ਆਪਣੀ ਗੱਡੀ ਵਿਚੋਂ ਬਾਹਰ ਆਈ ਤੇ ਉਸ ਨੇ ਮੌਕੇ ‘ਤੇ ਇਕੱਠੀ ਹੋਈ ਭੀੜ ਨੂੰ ਮੁਸਲਮਾਨਾਂ ਦਾ ਮਾਰਨ ਲਈ ਉਕਸਾਇਆ।
ਸਾਲਾ 2012  ਵਿਚ ਨਰੋਦਾ ਪਾਟੀਆ ਕਤਲੇਆਮ ਮਾਮਲਾ ਸੁਣ ਰਹੀ ਖਾਸ ਅਦਾਲਤ ਨੇ ਮਾਇਆ ਕੋਡਨਾਨੀ ਨੂੰ ਇਸ ਮਾਮਲੇ ਵਿਚ ਦੋਸ਼ੀ ਐਲਾਣਦਿਆਂ ਉਸ ਨੂੰ 28 ਸਾਲਾਂ ਦੀ ਕੈਦ ਸੁਣਾਈ ਸੀ। ਅਦਾਲਤ ਨੇ ਕਿਹਾ ਸੀ ਕਿ ਮਾਇਆ ਕੋਡਨਾਨੀ ਨਰੋਦਾ ਪਾਟੀਆ ਕਤਲੇਆਮ ਦੀ ਸੂਤਰਧਾਰ ਸਾਜਿਸ਼ਕਰਤਾ ਹੈ ਅਤੇ  ‘ਭਾਵੇਂ ਕਿ ਅਜਿਹਾ ਕੋਈ ਸਬੂਤ ਨਹੀਂ ਹੈ ਕਿ ਉਹ ਆਪ ਦੰਗਈ ਭਾੜ ਦਾ ਬਣੀ ਹਿੱਸਾ ਹੋਵੇ ਪਰ ਉਸ ਵੱਲੋਂ ਨਿਭਾਈ ਸੂਤਰਧਾਰ ਦੀ ਭੂਮਿਕਾ ਬਿਨਾ ਕਿਸੇ ਸ਼ੱਕ ਦੇ ਸਾਬਤ ਹੋਈ ਹੈ’।
ਜੁਲਾਈ 2014 ਵਿਚ ਗੁਜਰਾਤ ਹਾਈ ਕੋਰਟ ਨੇ ਮਾਇਆ ਕੋਡਨਾਨੀ ਨੂੰ ਖਰਾਬ ਸਿਹਤ ਤੇ ਲਗਾਤਾਰ ਘੱਟ ਰਹੇ ਵਜ਼ਨ ਦੇ ਮੱਦੇਨਜ਼ਰ ਜਮਾਨਤ ਦੇ ਦਿੱਤੀ ਸੀ।
ਨਰੋਦਾ ਪਾਟੀਆ ਮਾਮਲੇ ਵਿਚ ਹੇਠਲੀ ਅਦਾਲਤ ਦੇ ਫੈਸਲੇ ਵਿਰੁਧ ਅਪੀਲ ਗੁਜਰਾਤ ਹਾਈਕੋਰਟ ਵੱਲੋਂ ਸੁਣੀ ਜਾ ਰਹੀ ਹੈ ਜਿੱਥੇ ਮਾਇਆ ਕੋਡਨਾਨੀ ਦੇ ਵਕੀਲ ਨੇ ਇਹ ਦਲੀਲ ਦਿੱਤੀ ਹੈ ਕਿ ਉਸ ਵਿਰੁਧ ਪੁਖਤਾ ਸਬੂਤ ਨਹੀਂ ਸਨ। ਇਸ ਮਾਮਲੇ ਵਿਚ ਅਪੀਲ ਦੀ ਸੁਣਵਾਈ ਪਿਛਲੇ ਮਹੀਨੇ ਪੂਰੀ ਹੋ ਗਈ ਸੀ ਅਤੇ ਫੈਸਲਾ ਆਉਣਾ ਅਜੇ ਬਾਕੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਅਪੀਲ ਦੇ ਫੈਸਲੇ ਦਾ ਸਿੱਧਾ ਅਸਰ 2002 ਗੁਜਰਾਤ ਕਤਲੇਆਮ ਦੇ ਦੂਜੇ ਮਾਮਲੇ, ਜੋ ਕਿ ਨਰੋਦਾ ਗਾਮ ਕਤਲੇਆਮ ਨਾਲ ਸੰਬੰਧਤ ਹੈ, ਉੱਤੇ ਪਵੇਗਾ।
ਨਰੋਦਾ ਗਾਮ ਕਤਲੇਆਮ ਮਾਮਲਾ: ਨਰੋਦਾ ਗਾਮ ਕਤਲੇਆਮ ਮਾਮਲੇ ਵਿਚ ਮਾਇਆ ਕੋਡਨਾਨੀ ਸਮੇਤ ਕੁੱਲ 86 ਮੁਲਜਮ ਨਾਮਜਦ ਕੀਤੇ ਗਏ ਸਨ ਜਿਨਹਾਂ ਵਿਚੋਂ ਚਾਰ ਦੀ ਮੌਤ ਮੁਕਦਮੇਂ ਦੀ ਕਾਰਵਾਈ ਦੌਰਾਨ ਹੀ ਹੋ ਗਈ ਸੀ। ਇਸ ਮਾਮਲੇ ਦੀ ਕਾਰਵਾਈ ਹਾਲੀ ਹੇਠਲੀ ਅਦਾਲਤ ਵਿਚ ਹੀ ਚੱਲ ਰਹੀ ਹੈ।
ਨਰੋਦਾ ਗਾਮ ਕਤਲੇਆਮ ਮਾਮਲੇ ਦੀ ਜਾਂਚ ਲਈ ਬਣਾਈ ਗਏ ‘ਖਾਸ ਜਾਂਚ ਦਲ’ (ਸਿੱਟ) ਅਨੁਸਾਰ 28 ਫਰਵਰੀ, 2002 ਨੂੰ ਸਵੇਰੇ ਕਰੀਬ 9:00 ਵਜੇ ਤਕਰੀਬਨ 1500 ਲੋਕਾਂ ਦੀ ਭੀੜ ਭਾਗੋਲ, ਨਰੋਦਾ ਗਾਮ ਵਿਖੇ ਇਕੱਠੀ ਹੋਈ। ਇਹ ਭੀੜ ਵਿਸ਼ਵ ਹਿੰਦੂ ਪ੍ਰੀਸ਼ਦ ਨਾਮੀ ਹਿੰਦੂਤਵੀ ਜਥੇਬੰਦੀ ਵੱਲੋਂ ਐਲਾਨੇ ਗਏ ਬੰਦ ਨੂੰ ਲਾਗੂ ਕਰਵਾਉਣ ਲਈ ਇਕੱਠੀ ਹੋਈ ਸੀ। ਵਿਸ਼ਵ ਹਿੰਦੂ ਪ੍ਰੀਸ਼ਦ ਨੇ ਇਸ ਬੰਦ ਦਾ ਐਲਾਨ ਗੋਦਰਾ ਵਿਚ ਇਕ ਰੇਲ ਡੱਬੇ ਨੂੰ ਅੱਗ ਲੱਗਣ ਕਾਰਨ ਮਾਰੇ ਗਏ ਹਿੰਦੂ ਕਾਰਸੇਵਕਾਂ ਦੀ ਮੌਤ ‘ਤੇ ਵਿਰੋਧ ਦਾ ਪ੍ਰਗਟਾਵਾ ਕਰਨ ਲਈ ਕੀਤਾ ਸੀ।
ਜਾਂਚ ਏਜੰਸੀ ਅਨੁਸਾਰ ਮਾਇਆ ਕੋਡਾਨਾਨੀ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਆਗੂ ਜੈਦੀਪ ਪਟੇਲ 9:00 ਵਜੇ ਤੋਂ 9:30 ਵਜੇ ਦੇ ਦਰਮਿਆਨ ਉਕਤ ਇਕੱਠ ਵਾਲੇ ਥਾਂ ‘ਤੇ ਪਹੁੰਚ ਗਏ ਜਿੱਥੇ ਉਨ੍ਹਾਂ ਨੇ ਭੜਕਾਊ ਤਕਰੀਰਾਂ ਰਾਹੀਂ ਭੀੜ ਨੂੰ ਭੜਕਾਇਆ ਜਿਸ ਤੋਂ ਬਾਅਦ ਇੱਠੇ ਹੋਏ ਲੋਕਾਂ ਨੇ ਹਿੰਸਕ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ। ਜਾਂਚ ਏਜੰਸੀ ਨੇ ਕਿਹਾ ਹੈ ਕਿ ਇਸ ਹਿੰਸਾ ਦੌਰਾਨ ਕੁੱਲ ‘11ਲੋਕ’ ਮਾਰੇ ਗਏ। ਜ਼ਿਕਰਯੋਗ ਹੈ ਕਿ ਗੁਜਰਾਤ 2002  ਕਤਲੇਆਮ ਦੌਰਾਨ ਹਿੰਦੂਤਵੀ ਭੀੜਾਂ ਵੱਲੋਂ ਘੱਟਗਿਣਤੀ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਦਾ ਕਤਲੇਆਮ ਕੀਤਾ ਗਿਆ ਸੀ।
ਇਸ ਮਾਮਲੇ ਵਿਚ ਮਾਇਆ ਕੋਡਨਾਨੀ ਵਿਰੁਧ 14 ਚਸ਼ਮਦੀਦ ਗਵਾਹ ਹਨ ਜਿਨ੍ਹਾਂ ਵਿਚੋਂ ਇਕ ਨੇ ਇਹ ਵੀ ਕਿਹਾ ਹੈ ਕਿ ਉਸ ਨੇ ਉਸ ਮੌਕੇ ਮਾਇਆ ਕੋਡਨਾਨੀ ਨੂੰ ਨਰੋਦਾ ਪੁਲਿਸ ਦੇ ਤਤਕਾਲੀ ਇੰਸਪੈਕਟਰ ਨਾਲ ਬੈਠਿਆਂ ਵੀ ਵੇਖਿਆ ਸੀ। ਇਸੇ ਮਾਮਲੇ ਵਿਚ ਹੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਮਾਇਆ ਕੋਡਨਾਨੀ ਦੇ ਬਚਾਅ ਵਿੱਚ ਗਵਾਹੀ ਦਿੱਤੀ ਹੈ।
ਨਰੋਦਾ ਗਾਮ ਕਤਲੇਆਮ ਮਾਮਲੇ ਵਿਚ 2008 ਵਿਚ ਮਾਇਆ ਕੋਡਨਾਨੀ ਦੀ ਗ੍ਰਿਫਤਾਰੀ ਹੋਈ ਸੀ ਪਰ ਇਸ ਹੁਣ ਉਹ ਬਾਕੀ ਸਾਡੇ ਮੁਲਜਮਾਂ ਸਮੇਤ ਜਮਾਨਤ ਰਿਹਾਅ ‘ਤੇ ਹੈ।
ਸਰੋਤ: ਸਿੱਖ ਸਿਆਸਤ (www.sikhsiyasat.com)