ਪੁਰਖਿਆਂ ਵਲੋਂ ਹੱਡੀ ਹੰਢਾਏ ਇਤਿਹਾਸ ਦੇ ਰੂਬਰੂ ਹੋਣ ਦੇ ਪਲ

ਪੁਰਖਿਆਂ ਵਲੋਂ ਹੱਡੀ ਹੰਢਾਏ ਇਤਿਹਾਸ ਦੇ ਰੂਬਰੂ ਹੋਣ ਦੇ ਪਲ

ਮਨਦੀਪ ਕੌਰ
ਆਪਣਾ ਇਤਿਹਾਸ ਹਰ ਬੰਦੇ ਨੂੰ ਯਾਦ ਰੱਖਣਾ ਚਾਹੀਦਾ ਹੈ ਕਈ ਵਾਰ ਸਥਿਤੀਆਂ ਐਵੇਂ ਦੀਆਂ ਹੋ ਜਾਂਦੀਆਂ ਹਨ ਕਿ ਇਤਿਹਾਸ ਤੁਹਾਡੇ ਸਾਹਮਣੇ ਆਵੇ ਜਾਂ ਤੁਸੀਂ ਇਤਿਹਾਸ ਤੇ ਝਾਤ ਮਾਰੋ ਇਸ ਤੋਂ ਪਹਿਲਾਂ ਤੁਹਾਡੀਆਂ ਅੱਖਾਂ ਅੱਗੇ ਕਈ ਹਾਲਾਤ ਸਿਰਜ ਦਿੱਤੇ ਜਾਂਦੇ ਹਨ। ਬੰਦਾ ਉਸ ਸਾਹਮਣੇ ਦਿਖਦੇ ਹਾਲਾਤ ਵਿਚ ਉਲਝ ਕੇ ਰਹਿ ਜਾਂਦਾ। ਇਤਿਹਾਸ ਤੇ ਝਾਤ ਮਾਰਨ ਦਾ ਵਕਤ ਹੀ ਨਹੀਂ ਲੱਗਦਾ ਤੁਹਾਡੇ ਸਾਹਮਣੇ ਉਹ ਕੁਝ ਸਿਰਜਿਆ ਜਾਂਦਾ ਜੋ ਬੰਦੇ ਤੁਹਾਡੇ ਬਿੰਬਾਂ ਵਿਚ ਸਿਰਜਣਾ ਚਾਹੁੰਦੇ ਹਨ। ਏਨਾ ਤਾਜਾ ਤੇ ਸੱਚਾ ਸੁੱਚਾ ਲਾਲਸਾ ਰਹਿਤ ਇਤਿਹਾਸ ਦੇਖਣ ਤੇ ਸਮਝਣ ਦੀ ਤੁਹਾਡੀ ਬੁੱਧੀ ਸੋਚਦੀ ਨਹੀ। ਜੋ ਪੁਰਾਣੇ ਸਮੇਂ ਤੋਂ ਪਿੜ੍ਹ ਵਿਚ ਹੁੰਦੇ ਹਨ ਮਿੱਥਾਂ ਦੇ ਆਧਾਰ ਤੇ ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਤੁਹਾਡੇ ਸੱਚੇ ਸੁੱਚੇ ਇਤਿਹਾਸ ਨੂੰ ਕਿਵੇਂ ਤੋੜ ਮਰੋੜ ਕੇ ਤੇ ਆਪਦੇ ਨਾਲ ਜੋੜ ਕਿਵੇਂ ਤੁਹਾਡੇ ਸਾਹਮਣੇ ਪਰੋਸਨਾ, ਮੀਡੀਆ ਸਭ ਕੁਝ ਵਿਚ ਪੂਰੀ ਤਰ੍ਹਾਂ ਸ਼ਾਮਲ ਹੈ। ਬੰਦੇ ਨੂੰ ਸਮਝ ਵੀ ਨਹੀਂ ਪੈਂਦਾ ਕਿ ਕਿਵੇਂ ਮੈਂ ਆਪਣੇ ਇਤਿਹਾਸ ਤੇ ਪੁਰਖਿਆਂ ਤੋਂ ਦੂਰ ਜਾ ਰਿਹਾ ਹੁੰਦਾ।
ਫਿਰ ਹੌਲੀ ਹੌਲੀ ਤੁਹਾਡੇ ਪੁਰਖਿਆਂ ਦਾ ਹੰਢਾਇਆ ਇਤਿਹਾਸ ਤੁਹਾਡੇ ਮਨਾਂ ਵਿਚੋਂ ਮਨਫੀ ਹੋ ਜਾਂਦਾ। ਏਵੇਂ ਦੇ ਹਾਲਾਤ ਵਿਚ ਕੋਈ ਸੂਝਵਾਨ ਬੰਦਾ ਸੋਚਦਾ ਕਿ ਕੁਝ ਕੀਤਾ ਜਾਵੇ ਜਿਸ ਨਾਲ ਨੌਜਵਾਨ ਪੀੜ੍ਹੀ ਮੁੜ ਆਪਣੇ ਵਿਰਸੇ ਵੱਲ ਪਰਤੇ। ਫਿਰ ਕਿਸੇ ਜਗਜੀਤ ਸਿੰਘ ਵਰਗੇ ਬੰਦੇ ਨੂੰ ਜ਼ਰੂਰਤ ਪੈਂਦੀ ਏ ‘ਦ ਬਲੈਕ ਪ੍ਰਿੰਸ’ ਵਰਗੀ ਫਿਲਮ ਬਣਾਉਣ ਦੀ, ਜਿਸ ਤੋਂ ਬਾਅਦ ਮੁੜ ਹੁਲਾਰਾ ਵੱਜਦਾ ਤੇ ਤੁਹਾਡੇ ਸਾਹਮਣੇ ਤਰਜਮਾਨ ਹੁੰਦਾ ਤੇ ਤਰੋਤਾਜਾ ਹੋ ਜਾਂਦਾ ਤੁਹਾਡਾ ਆਪਣਾ ਇਤਿਹਾਸ।  ਪਹਿਲਾਂ ਮੇਰੇ ਵਰਗੇ ਜ਼ਿਆਦਾਤਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਬਾਰੇ ਸੋਚਦੇ। ਫਿਰ ਉਦਾਸ ਤੇ ਦੁਖੀ ਹੋ ਕੇ ਛੱਡ ਦਿੰਦੇ ਕਿ ਸਾਡਾ ਰਾਜ ਕਿਵੇਂ ਖੁੱਸ ਗਿਆ ਸੀ। ਕਦੇ ਅਸੀਂ ਵੀ ਆਜ਼ਾਦ ਹੁੰਦੇ ਸੀ, ਫੇਰ ਇਸ ਮੁੱਦੇ ਨੂੰ ਛੱਡ ਦਿੱਤਾ ਜਾਂਦਾ। ਪਰ ‘ਦ ਬਲੈਕ ਪ੍ਰਿੰਸ’ ਦੇਖਣ ਤੋਂ ਬਾਅਦ ਸਾਡਾ ਧਿਆਨ ਖਾਲਸਾ ਰਾਜ ਦੇ ਉਸ ਫਰਜੰਦ ਵੱਲ ਜਾਂਦਾ ਕਿ ਕਿਵੇਂ ਉਸਦੀ ਪਛਾਣ ਬਦਲ ਦਿੱਤੀ ਗਈ ਸੀ। ਸੱਚੀਂ ‘ਚ ਕਿਵੇਂ ਅਸੀਂ ਰਾਜ ਗੁਆਇਆ ਸੀ। ਕਿਵੇਂ ਸਾਡੇ ਆਖ਼ਰੀ ਮਹਾਰਾਜੇ ਨੇ ਕਿੰਨੀ ਸਿੱਨਾਲ ਸੰਘਰਸ਼ ਕੀਤਾ ਸੀ। ਕਿੰਨੇ ਦੁੱਖ ਤੇ ਮਾਨਸਿਕ ਪੀੜਾ ਝੱਲੀ ਹੋਣੀ ਉਨ੍ਹਾਂ ਨੇ। ਉਸ ਵਕਤ ਦੇ ਦੁਨੀਆਂ ਦੇ ਬੜੇ ਸ਼ਾਸ਼ਕਾਂ ਨੇ ਆਪਣੀ ਪੂਰੀ ਵਾਹ ਲਾ ਲਈ ਸੀ, ਮਹਾਰਾਜਾ ਦਲੀਪ ਸਿੰਘ ਨੂੰ ਬਦਲਣ ਦੀ, ਉਸਦਾ ਆਲਾ-ਦੁਆਲਾ ਤੇ ਮਾਹੌਲ ਜਿਵੇਂ ਸਰਕਾਰ ਚਾਹੁੰਦੀ ਸੀ, ਉਸ ਤਰਾਂ੍ਹ ਦਾ ਹੀ ਸੀ। ਪਰ ਕਿਵੇਂ ਉਹ ਬਹਾਦਰ ਯੋਧਾ ਆਪਣੇ ਇਤਿਹਾਸ, ਜੜ੍ਹਾਂ ਤੇ ਧਰਮ ਨਾਲ ਜੁੜਦਾ। ਇਹ ਕਾਬਿਲ-ਏ-ਤਾਰੀਫ਼ ਏ। ਕੀ-ਕੀ ਝੱਲਦਾ, ਉਹ ਬਹੁਤ ਵਧੀਆ ਤੇ ਸਾਦੇ ਢੰਗ ਨਾਲ ਇਸ ਫਿਲਮ ਵਿਚ ਦਿਖਾਇਆ ਗਿਆ। ਕਿਵੇਂ ਇਕ ਬੱਚੇ ਦਾ ਧਰਮ ਬਦਲ ਦਿੱਤਾ ਜਾਂਦਾ ਪਰ ਸੋਝੀ ਆਉਣ ਤੇ ਕਿਵੇਂ ਮਹਾਰਾਜਾ ਦਲੀਪ ਸਿੰਘ ਸਭ ਸ਼ਾਹੀ ਸਹੂਲਤਾਂ ਛੱਡ ਕੇ ਆਪਣੇ ਧਰਮ ਵਿਚ ਪਰਤਦਾ। ਇਹ ਇਕ ਸੱਚਾ ਸਿੱਖ ਹੀ ਕਰ ਸਕਦਾ। ਜਦ ਜਿਵੇਂ ਜਿਵੇਂ ਫਿਲਮ ਆਪਣੇ ਅਖੀਰ ਵੱਲ ਵਧਦੀ ਏ ਤਿਵੇਂ ਤਿਵੇਂ ਮਨ ਉਦਾਸ ਹੁੰਦਾ ਜਾਂਦਾ, ਕਾਬੂ ਨਹੀਂ ਰਹਿੰਦਾ। ਆਪਣੇ ਮਨ ਤੇ ਉਦਾਸੀ ਛਾ ਜਾਂਦੀ ਏ ਕਿ ਕਿਵੇਂ ਸਾਡਾ ਆਖਰੀ ਬਾਦਸ਼ਾਹ ਆਪਣੇ ਦੇਸ਼ ਪੰਜਾਬ ਦੀ ਮਿੱਟੀ ਨੂੰ ਤਰਸ਼ਦਾ ਹੋਇਆ ਇਹ ਦੁਨੀਆਂ ਛੱਡ ਜਾਂਦਾ। ਕਿਵੇਂ ਮਹਾਰਾਜੇ ਨੇ ਦੇਸ਼ ਪੰਜਾਬ ਪਰਤਨ ਦੀਆਂ ਕੋਸ਼ਿਸ਼ਾਂ ਕੀਤੀਆਂ। ਇਹ ਸਭ ਕੁਝ ਦੇਖ ਕੇ ਹਰ ਬੰਦੇ ਦੇ ਮਨ ਵਿਚ ਤਾਂਘ ਉੱਠਦੀ ਏ ਆਪਣਾ ਵਿਰਸਾ ਜਾਣਨ ਦੀ, ਇਤਿਹਾਸ ਪੜ੍ਹਨ ਦੀ ਤੇ ਆਪਣੇ ਪੁਰਖਿਆਂ ਦੇ ਖਾਲਸਾ ਰਾਜ ਦੇ ਬਾਰੇ ਜਾਣਨ ਦੀ। ਕਿਸ ਤਰ੍ਹਾਂ ਏਨੀਆਂ ਕੁਰਬਾਨੀਆਂ ਕਰਨ ਤੋਂ ਬਾਅਦ ਵੀ ਅਸੀਂ ਉੱਥੇ ਦੇ ਉਥੇ ਹੀ ਖੜ੍ਹੇ ਰਹਿ ਗਏ। ਅਸੀਂ ਤਾਂ ਸੰਤਾਲੀ (1947) ਵਿਚ ਵੀ ਆਜ਼ਾਦ ਨਾ ਹੋਏ। ਸਭ ਕੁਝ ਲੰਘਦਾ ਮਨ ਵਿਚ। ‘ਦ ਬਲੈਕ ਪ੍ਰਿੰਸ’ ਦੇਖਣ ਤੋਂ ਬਾਅਦ ਹੀ ਮਹਿਸੂਸ ਹੋਇਆ ਕਿ ਇਸ ਫਿਲਮ ਨੇ ਆਣ ਕੇ ਸਾਨੂੰ ਸੁੱਤਿਆਂ ਨੂੰ ਜਗ੍ਹਾ ਦਿੱਤਾ। ਫਿਲਮ ਦੇਤੋਂ ਬਾਅਦ ਮਹਿਸੂਸ ਹੋਇਆ ਕਿ ਕੀ ਸਹੀ ਹੈ ਕੀ ਗਲਤ। ਸਭ ਹੁਣ ਤੱਕ ਕਹਿੰਦੇ ਨੇ ਸਿੱਖਾਂ ਨੇ ਗੱਦਾਰੀ ਕੀਤੀ ਤੇ ਰਾਜ ਗੁਆ ਲਿਆ। ਪਰ ਹੁਣ ਦਿਮਾਗ ਵਿਚ ਆਇਆ ਕਿ ਗੱਦਾਰ ਤੇ ਲਾਲਸੀ ਤਾਂ ਕੁਝ ਕੁ ਲੋਕ ਮੁੱਠੀ ਭਰ ਹੀ ਸੀ। ਸਾਡੀ ਕੌਮ ਨੇ ਤਾਂ ਆਜ਼ਾਦੀ ਲਈ ਪੂਰੀ ਵਾਹ ਲਾ ਦਿੱਤੀ ਸੀ। ਕਿਸੇ ਸਿੱਖ ਨੇ ਨਹੀਂ ਸੋਚਿਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਆਖਰੀ ਫਰਜੰਦ ਤੋਂ ਬਾਅਦ ਉਹ ਆਪਣੇ ਆਪ ਨੂੰ ਉਸ ਮਹਾਰਾਜੇ ਦੀ ਉਪਾਧੀ ਤੱਕ ਲੈ ਕੇ ਜਾਣ। ਸਭ ਸਿੱਖਾਂ ਨੇ ਪਿਆਰ ਸਾਹਿਤ ਸਨਮਾਨ ਕੀਤਾ ਉਸ ਅਹੁਦੇ ਦੇ ਵਾਰਿਸ ਦਾ ਤੇ ਮਹਾਰਾਜਾ ਰਣਜੀਤ ਸਿੰਘ ਦਾ। ਉਨ੍ਹਾਂ ਨੇ ਆਪਣੀ ਵਫਾਦਾਰੀ ਤੇ ਪਿਆਰ ਦਾ ਸਬੂਤ ਦਿੱਤਾ। ਸਿੱਖ ਯੋਧਿਆਂ ਨੇ ਕੋਸ਼ਿਸ਼ਾਂ ਕੀਤੀਆਂ ਕਿ ਕਿਵੇਂ ਵੀ ਸਾਡਾ ਮਹਾਰਾਜਾ ਆਪਣੀ ਖਾਲਸਾ ਰਾਜ ਦੀ ਧਰਤੀ ਦੇਸ਼ ਪੰਜਾਬ ਆ ਜਾਵੇ। ਅਸੀਂ ਇਹ ਸਭ ਕੁਝ ਵਿਸਾਰੀ ਹੀ ਬੈਠੇ ਸੀ। ਜਦੋਂ ਫਿਲਮ ਵਿਚ ‘ਦਰਦਾਂ ਵਾਲਾ ਗੀਤ’ ਵੱਜਦਾ ਤਾਂ ਧਾਹਾਂ ਹੀ ਨਿਕਲਦੀਆਂ ਨੇ ਦਿਲੋਂ, ਕਿਵੇਂ ਮਹਾਰਾਣੀ ਜਿੰਦ ਕੌਰ ਤੇ ਮਹਾਰਾਜਾ ਦਲੀਪ ਸਿੰਘ ਤਾਂਘਦੇ ਸੀ ਆਪਦੇ ਦੇਸ਼ ਪੰਜਾਬ ਨੂੰ। ਕਿਵੇਂ ਮਹਾਰਾਣੀ ਜਿੰਦ ਕੌਰ ਨੇ ਵਿਛੋੜਾ ਝੱਲਿਆ ਆਪਣੇ ਪੁੱਤਰ ਦਾ, ਤੇ ਖੁੱਸੇ ਗਏ ਰਾਜ ਦਾ । ਅਸੀਂ ਤਾਂ ਅੱਜ ਕੱਲ ਲੜਾਈਆਂ ਵਿਚ ਉਲਝੇ ਪਏ ਸੀ ਕਿ ਕੌਣ ਬਾਬਾ ਸਹੀ ਹੈ। ਕਿਹੜੀ ਪਾਰਟੀ ਸਹੀ ਹੈ, ਨੋਟ ਉਤੇ ਫੋਟੋ ਕਿਸਦੀ ਚਾਹੀਦੀ ਏ। ਪਰ ਐਨ ਵਕਤ ਸਿਰ ਭਾਵੇਂ ਕਿ ਥੋੜੀ ਦੇਰੀ ਨਾਲ ਆਈ ਏ ਪਰ ਫਿਰ ਇਸ ਫਿਲਮ ਨੇ ਮਨ ਨੂੰ ਏਨ੍ਹਾਂ ਚੀਜ਼ਾਂ ਤੋਂ ਉੱਪਰ ਚੁੱਕ ਦਿੱਤਾ। ਸਾਨੂੰ ਹੁਲਾਰਾ ਦਿੱਤਾ, ਸਾਡੇ ਆਪਣੇ ਵਿਰਸੇ ਨੂੰ ਜਾਣਨ ਦਾ।  ਫਿਲਮ ਨੇ ਸਿੱਖ ਭਾਵਨਾਵਾਂ ਵਾਲੇ ਸਾਰੇ ਲੋਕਾਂ ਨੂੰ ਝੰਜੋੜਿਆ ਹੈ। ਕਿੰਨੀਆਂ ਕੁਰਬਾਨੀਆਂ ਸਿੱਖਾਂ ਦੀਆਂ ਅਜਾਈਂ ਚਲੀਆਂ ਕਿਵੇਂ, ਆਜ਼ਾਦੀ ਦੇ ਨਾਮ ਤੇ ਕੀ ਗੁਆ ਲਿਆ ਅਸੀਂ। ਦੱਸ ਦਿੱਤਾ ਇਸ ਫਿਲਮ ਨੇ। ਹੁਣ ਉਦਾਸ ਹੋਏ ਫਿਰਦੇ ਹਾਂ, ਵਾਰ ਵਾਰ ਫਿਲਮ ਦੇਖਦੇ ਹਾਂ। ਪਰ ਫਿਲਮ ਨੇ ਤਾਂ ਆਪਣਾ ਕੰਮ ਕਰ ਦਿੱਤਾ। ਜੋ ਸੁਨੇਹਾ ਦੇਣਾ ਸੀ ਦੇ ਦਿੱਤਾ, ਬਹੁਤ ਸਫਲਤਾ ਨਾਲ। ਹੁਣ ਰਸਤੇ ਤਾਂ ਖੁਦ ਨੂੰ ਤਲਾਸ਼ਣੇ ਪੈਣੇ ਨੇ। ਫਿਲਮ ਰਸਤਾ ਦਿਖਾ ਸਕਦੀ ਪਰ ਬਣਾਉਣਾ ਤਾਂ ਖੁਦ ਨੂੰ ਹੀ ਪੈਂਦਾ। ਸਾਡੀ ਨੌਜਵਾਨ ਪੀੜ੍ਹੀ ਨੂੰ ਮੁੜ ਇਤਿਹਾਸ ਵੱਲ ਮੁੜਨ ਦਾ ਜਾਗ ਲਾਉਂਦੀ ਇਹ ਫਿਲਮ ਸਿੱਖ ਹਿਰਦਿਆਂ ਵਿਚ ਹਮੇਸ਼ਾ ਯਾਦ ਰਹੇਗੀ। ਸੋਸਲ ਸਾਈਡ ਤੇ ਬਹੁਤ ਕੁਝ ਲਿਖਿਆ ਗਿਆ ਫਿਲਮ ਬਾਰੇ ਪਰ ਇਸ ਤੋਂ ਵੱਧ ਕਿਸੇ ਫਿਲਮ ਦਾ ਕੀ ਮਿਆਰ ਹੋਵੇਗਾ ਕਿ ਬੰਦੇ ਦਾ ਫਿਲਮ ਖ਼ਤਮ ਹੋਣ ਤੇ ਕੁਰਸੀ ਤੋਂ ਉਠਣ ਨੂੰ ਦਿਲ ਨਹੀਂ ਕਰਦਾ। ਖਾਲਸਾ ਰਾਜ ਦੀਆਂ ਹੋਰ ਬਾਤਾਂ ਸੁਣਨ ਨੂੰ ਦਿਲ ਕਰਦਾ। ਉਦਾਸ ਮਨ ਨਾਲ ਉਠਣਾ ਪੈਂਦਾ, ਕਿਸੇ ਨਾਲ ਗੱਲ ਕਰਨ ਨੂੰ ਦਿਲ ਨਹੀਂ ਕਰਦਾ, ਲੱਗਦਾ ਹੁਣੇ ਹੀ ਖਾਲਸਾ ਰਾਜ ਦੀ ਕੋਈ ਕਿਤਾਬ ਮਿਲ ਜਾਵੇ ਤੇ ਬੈਠਾ ਉਸ ਬਾਰੇ ਵਿਚ ਪੜ੍ਹਾਂ, ਜਾਣਾ ਤੇ ਸਮਝਾ। ਆਪਣੇ ਗੌਰਵਮਈ ਵਿਰਸੇ ਬਾਰੇ ਸੋਚਦੇ ਰਹਿ ਜਾਂਦੇ ਹਾਂ ਤੇ ਬਹੁਤ ਵਧੀਆ ਤੇ ਮਾਦ ਮੁਰਾਦੇ ਢੰਗ ਨਾਲ ਬਣੀ ਫਿਲਮ ਸਾਨੂੰ ਸੋਚਾਂ ਵਿਚ ਪਾ ਗਈ।