ਕਾਰਵਾਈ ਦੇ ਡਰੋਂ ਲੀਡਰਾਂ ਨੇ ਬਿਜਲੀ ਬਕਾਏ ਭਰਨੇ ਸ਼ੁਰੂ ਕੀਤੇ

ਕਾਰਵਾਈ ਦੇ ਡਰੋਂ ਲੀਡਰਾਂ ਨੇ ਬਿਜਲੀ ਬਕਾਏ ਭਰਨੇ ਸ਼ੁਰੂ ਕੀਤੇ

ਕੈਪਸ਼ਨ-ਅਕਾਲੀ ਦਲ ਮੁਕਤਸਰ ਦਾ ਦਫ਼ਤਰ ਜੋ ਪਾਵਰਕੌਮ ਦਾ ਡਿਫਾਲਟਰ ਹੈ।
ਬਠਿੰਡਾ/ਬਿਊਰੋ ਨਿਊਜ਼ :
ਪਾਵਰਕੌਮ ਵੱਲੋਂ ਦਿੱਤੇ ਝਟਕੇ ਮਗਰੋਂ ਸਿਆਸੀ ਨੇਤਾ ਧੜਾਧੜ ਬਿਜਲੀ ਬਕਾਏ ਤਾਰਨ ਲੱਗੇ ਹਨ। ਕਾਫ਼ੀ ਅਰਸੇ ਤੋਂ ਇਨ੍ਹਾਂ ਲੀਡਰਾਂ ਨੇ ਬਿੱਲ ਭਰਨੇ ਬੰਦ ਕੀਤੇ ਹੋਏ ਸਨ। ਵੇਰਵਿਆਂ ਅਨੁਸਾਰ ਜ਼ੀਰਾ ਦੇ ਅਕਾਲੀ ਆਗੂ ਅਵਤਾਰ ਸਿੰਘ ਦੇ ਲੜਕੇ ਦੀ ਫਰਮ ‘ਹਰਬੀਰ ਪੈਟਰੋ’ ਦਾ ਲੱਖਾਂ ਰੁਪਏ ਦਾ ਬਿੱਲ ਬਕਾਇਆ ਖੜ੍ਹਾ ਸੀ। ਜ਼ੀਰਾ ਦੇ ਐਕਸੀਅਨ ਮਨਜੀਤ ਸਿੰਘ ਨੇ ਦੱਸਿਆ ਕਿ ਇਹ ਪਰਿਵਾਰ ਆਪਣਾ ਬਿਜਲੀ ਦਾ ਬਿੱਲ ਅਤੇ ਬਕਾਏ ਤਾਰ ਗਿਆ ਹੈ। ਉਨ੍ਹਾਂ ਕਰੀਬ ਚਾਰ ਲੱਖ ਰੁਪਏ ਦਾ ਚੈੱਕ ਪਾਵਰਕੌਮ ਨੂੰ ਦੇ ਦਿੱਤਾ ਹੈ। ਪਾਵਰਕੌਮ ਅਫ਼ਸਰਾਂ ਨੇ ਮਰਹੂਮ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੇ ਪਰਿਵਾਰ ਦੇ ਪਿੰਡ ਸਰਾਏਨਾਗਾ ਵਿਚਲੀ ਰਿਹਾਇਸ਼ ਦੇ ਤਿੰਨ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਹਨ, ਜਿਨ੍ਹਾਂ ਵੱਲ ਕਰੀਬ 27 ਲੱਖ ਰੁਪਏ ਦਾ ਬਕਾਇਆ ਖੜ੍ਹਾ ਹੈ। ਬਰਾੜ ਪਰਿਵਾਰ ਨੇ ਬਕਾਏ ਕਲੀਅਰ ਕਰਨ ਦਾ ਭਰੋਸਾ ਦਿੱਤਾ ਸੀ ਪਰ ਜਦੋਂ ਬਕਾਏ ਕਲੀਅਰ ਨਾ ਕੀਤੇ ਤਾਂ ਪਾਵਰਕੌਮ ਦੀ ਟੀਮ ਨੇ ਬਰਾੜ ਪਰਿਵਾਰ ਦੇ ਤਿੰਨ ਕੁਨੈਕਸ਼ਨ ਕੱਟ ਦਿੱਤੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਮੁਕਤਸਰ ਦੇ ਹਲਕਾ ਇੰਚਾਰਜ ਤੇ ਅਕਾਲੀ ਉਮੀਦਵਾਰ ਰੋਜ਼ੀ ਬਰਕੰਦੀ ਦਾ ਕੋਟਕਪੂਰਾ ਰੋਡ ਸਥਿਤ ਦਫ਼ਤਰ ਵੀ ਪਾਵਰਕੌਮ ਦਾ ਡਿਫਾਲਟਰ ਸੀ। ਐਸ.ਡੀ.ਓ. ਕੁਲਦੀਪ ਸ਼ਰਮਾ ਨੇ ਦੱਸਿਆ ਕਿ ਅਕਾਲੀ ਦਫ਼ਤਰ ਦੇ ਬਿੱਲ ਦੀ ਡਿਟੇਲ ਲੈਣ ਵਾਸਤੇ ਇੱਕ ਵਿਅਕਤੀ ਆਇਆ ਸੀ, ਜਿਸ ਨੇ ਬਿੱਲ ਤਾਰਨ ਦਾ ਵਾਅਦਾ ਕੀਤਾ ਹੈ। ਬਠਿੰਡਾ ਜ਼ਿਲ੍ਹੇ ਦੇ ਇੱਕ ਕਾਂਗਰਸੀ ਆਗੂ ਵੱਲ 58 ਹਜ਼ਾਰ ਦਾ ਬਿੱਲ ਬਕਾਇਆ ਖੜ੍ਹਾ ਸੀ। ਜਦੋਂ ਪਾਵਰਕੌਮ ਦੇ ਅਫਸਰਾਂ ਨੇ ਕੁਨੈਕਸ਼ਨ ਕੱਟਣ ਦਾ ਅਲਟੀਮੇਟਮ ਦਿੱਤਾ ਤਾਂ ਉਹ 20 ਹਜ਼ਾਰ ਰੁਪਏ ਦਾ ਬਿੱਲ ਤਾਰ ਗਿਆ ਹੈ। ਪਾਵਰਕੌਮ ਦੇ ਐਕਸੀਅਨ ਨੇ ਦੱਸਿਆ ਕਿ ਦਿਆਲ ਸਿੰਘ ਕੋਲਿਆਂ ਵਾਲੀ ਦੇ ਲੜਕੇ ਨੇ ਵਾਅਦਾ ਕੀਤਾ ਹੈ ਕਿ ਉਹ ਇੱਕ ਦੋ ਦਿਨਾਂ ਵਿੱਚ ਬਿਜਲੀ ਦੇ ਸਾਰੇ ਬਕਾਏ ਕਲੀਅਰ ਕਰ ਦੇਣਗੇ।
ਪਾਵਰਕੌਮ ਨੇ ਸੰਗਤ ਦੇ ਜਲ ਘਰ ਦਾ ਕੁਨੈਕਸ਼ਨ ਕੱਟ ਦਿੱਤਾ ਸੀ, ਜਿੱਥੋਂ ਹੁਣ ਦੋ ਲੱਖ ਰੁਪਏ ਦਾ ਬਿੱਲ ਪ੍ਰਾਪਤ ਹੋ ਗਿਆ ਹੈ। ਪਿੰਡ ਪੱਕਾ ਕਲਾਂ ਦੇ ਜਲ ਘਰ ਦੀ ਪੰਚਾਇਤ ਵੀ ਇੱਕ ਲੱਖ ਰੁਪਏ ਲੈ ਕੇ ਪਾਵਰਕੌਮ ਦਫ਼ਤਰ ਪੁੱਜੀ, ਜਿਸ ਵੱਲ ਕਰੀਬ 12 ਲੱਖ ਰੁਪਏ ਦਾ ਬਕਾਇਆ ਖੜ੍ਹਾ ਹੈ। ਪਾਵਰਕੌਮ ਦੇ ਸ਼ਹਿਰੀ ਐਕਸੀਅਨ ਹਰਦੀਪ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਵੱਡੇ ਡਿਫਾਲਟਰਾਂ ਨੂੰ ਅਲਟੀਮੇਟਮ ਦਿੱਤਾ ਹੋਇਆ ਹੈ ਤੇ ਬਕਾਏ ਨਾ ਆਉਣ ਦੀ ਸੂਰਤ ਵਿੱਚ ਉਹ ਕੁਨੈਕਸ਼ਨ ਕੱਟਣਗੇ।