ਮਨੁੱਖੀ ਤਸਕਰੀ ਰੋਕਣ ਲਈ ਸੰਯੁਕਤ ਰਾਸ਼ਟਰ ਦੀ ‘ਬਲਿਊ ਹਾਰਟ ਕੈਂਪੇਨ’ ਦਾ ਹਿੱਸਾ ਬਣੇ ਸਤਿੰਦਰ ਸਰਤਾਜ

ਮਨੁੱਖੀ ਤਸਕਰੀ ਰੋਕਣ ਲਈ ਸੰਯੁਕਤ ਰਾਸ਼ਟਰ ਦੀ ‘ਬਲਿਊ ਹਾਰਟ ਕੈਂਪੇਨ’ ਦਾ ਹਿੱਸਾ ਬਣੇ ਸਤਿੰਦਰ ਸਰਤਾਜ

ਨਿਊਯਾਰਕ/ਬਿਊਰੋ ਨਿਊਜ਼ :
ਪੰਜਾਬੀ ਦੇ ਉੱਘੇ ਸੂਫ਼ੀ ਗਾਇਕ ਸਤਿੰਦਰ ਸਰਤਾਜ ਗਾਇਕੀ ਦੇ ਨਾਲ ਨਾਲ ਕੌਮਾਂਤਰੀ ਪੱਧਰ ‘ਤੇ ਵੀ ਮਨੁੱਖਤਾ ਲਈ ਵੱਡੀ ਜ਼ਿੰਮੇਵਾਰੀ ਨਿਭਾਉਣ ਜਾ ਰਹੇ ਹਨ। ਵਿਸ਼ਵ ਪੱਧਰ ‘ਤੇ ਹੋ ਰਹੀ ਮਨੁੱਖੀ ਤਸਕਰੀ ਖ਼ਿਲਾਫ਼ ਸੰਯੁਕਤ ਰਾਸ਼ਟਰ ਵਲੋਂ ਕੌਮਾਂਤਰੀ ਪੱਧਰ ‘ਤੇ ਵਿੱਢੀ ਜੰਗ ਦਾ ਉਹ ਹਿੱਸਾ ਬਣ ਗਏ ਹਨ, ਜਿਸ ਤਹਿਤ ਉਹ ਇਸ ਨੂੰ ਰੋਕਣ ਖ਼ਿਲਾਫ਼ ਅਹਿਮ ਭੂਮਿਕਾ ਨਿਭਾਉਣਗੇ ਅਤੇ ਲੋਕਾਂ ਵਿਚ ਜਾਗਰੂਕਤਾ ਫੈਲਾਉਣਗੇ। ਮਨੁੱਖੀ ਤਸਕਰੀ ਮੌਜੂਦਾ ਸਮੇਂ ਵਿਚ ਸਭ ਤੋਂ ਸ਼ਰਮਨਾਕ ਪ੍ਰਥਾਵਾਂ ਵਿਚੋਂ ਇਕ ਹੈ ਤੇ ਇਹ ਵੀ ਬਾਲ ਮਜ਼ਦੂਰੀ ਅਤੇ ਯੋਨ ਗੁਲਾਮੀ ਦੀ ਉਤਪਤੀ ਹੈ।
ਸੰਯੁਕਤ ਰਾਸ਼ਟਰ ਦੇ ਡਰੱਗ ਅਤੇ ਅਪਰਾਧ ਵਿਭਾਗ (ਯੂ.ਐਨ.ਓ.ਡੀ.ਸੀ.) ਨੇ ਸਤਿੰਦਰ ਸਰਤਾਜ ਨੂੰ ਆਪਣੇ ਪ੍ਰੋਜੈਕਟ ‘ਬਲਿਊ ਹਾਰਟ ਕੈਂਪੇਨ’ ਦਾ ਹਿੱਸਾ ਬਣਾਇਆ ਹੈ। ਸਤਿੰਦਰ ਸਰਤਾਜ ਦੇ ਨਾਲ-ਨਾਲ ਇਸ ਮੁਹਿੰਮ ਲਈ ਭਾਰਤ ਤੋਂ ਉੱਘੇ ਸੰਗੀਤਕਾਰ ਏ.ਆਰ. ਰਹਿਮਾਨ ਤੇ ਗਾਇਕ ਸੋਨੂੰ ਨਿਗਮ ਵਰਗੇ ਗਾਇਕ ਵੀ ਸ਼ਾਮਲ ਹਨ। ਦੁਨੀਆ ਭਰ ਦੇ 30 ਤੋਂ ਵੱਧ ਗਾਇਕ ਮਨੁੱਖੀ ਤਸਕਰੀ ਨੂੰ ਰੋਕਣ ਲਈ ਇਕੱਠੇ ਹੋ ਕੇ ‘ਮਿਊਜ਼ਿਕ ਟੂ ਇੰਸਪਾਇਰ’ ਨਾਂ ਦੀ ਐਲਬਮ ਲੈ ਕੇ ਆਏ ਹਨ, ਜਿਹੜੀ ਰੁਕੁਸ ਐਵੇਨਿਊ ਦੇ ਬੈਨਰ ਹੇਠ ਆਨਲਾਈਨ ਰਿਲੀਜ਼ ਹੋ ਗਈ ਹੈ।
ਹੋਰਨਾਂ ਗਾਇਕਾਂ ਵਿਚ ਓਜ਼ਾਰਕ ਹੈਨਰੀ, ਕਰਮਿਨ, ਜੋਸ ਸਟੋਨ, ਜੈਕ ਐਟਲਾਂਟਿਸ, ਤਿਸ਼ਾ ਕੈਂਪਬੈੱਲ, ਸਟੀਵ ਲੰਡਨ ਤੇ ਲੀ ਇੰਗਲੈਂਡ ਵੀ ਸ਼ਾਮਲ ਹਨ। ਰੁਕੁਸ ਐਵੇਨਿਊ ਲੇਬਲ ਦੇ ਮਾਲਕ ਸੈਮੀ ਚੰਦ ਦਾ ਕਹਿਣਾ ਹੈ ਕਿ ਇਸ ਐਲਬਮ ਰਾਹੀਂ ਹੋਣ ਵਾਲੀ ਕਮਾਈ ਸੰਯੁਕਤ ਰਾਸ਼ਟਰ ਵਾਲੰਟਰੀ ਟਰੱਸਟ ਫੰਡ ਨੂੰ ਦਿੱਤੀ ਜਾਵੇਗੀ, ਜੋ ਪੀੜਤਾਂ ਦੀ ਭਲਾਈ ਲਈ ਵਰਤੀ ਜਾਵੇਗੀ। ਐਲਬਮ ਸ਼ੁੱਕਰਵਾਰ ਨੂੰ ਆਈਟਿਊੁਨਜ਼, ਐਮਾਜ਼ੋਨ ਤੇ ਗੂਗਲ ਪਲੇਅ ‘ਤੇ ਮੁਹੱਈਆ ਕਰਵਾ ਦਿੱਤੀ ਗਈ ਹੈ।
ਦੁਨੀਆ ਭਰ ਵਿਚ ਮਨੁੱਖੀ ਤਸਕਰੀ ਦੇ ਹੈਰਾਨੀਜਨਕ ਨਤੀਜੇ ਸਾਹਮਣੇ ਆਏ ਹਨ। 168 ਮਿਲੀਅਨ (16 ਕਰੋੜ 80 ਲੱਖ) ਬੱਚੇ ਇਸ ਸਮੇਂ ਬਾਲ ਮਜ਼ਦੂਰੀ ਕਰ ਰਹੇ ਹਨ, ਜਿਨ੍ਹਾਂ ਵਿਚੋਂ 73 ਮਿਲੀਅਨ (7 ਕਰੋੜ 30 ਲੱਖ) ਬੱਚਿਆਂ ਦੀ ਉਮਰ 10 ਸਾਲ ਤੋਂ ਵੀ ਘੱਟ ਹੈ। ਇਹ ਅੰਕੜੇ ਸਥਿਤੀ ਦੀ ਗੰਭੀਰਤਾ ਬਿਆਨ ਕਰ ਰਹੇ ਹਨ। ਇਸ ਸ਼ਰਮਨਾਕ ਭਿਆਨਕਤਾ ਨੇ ਮਨੁੱਖੀ ਤਸਕਰੀ ਨੂੰ ਜੜ੍ਹੋਂ ਖ਼ਤਮ ਕਰਨ ਦਾ ਪੂਰੀ ਦੁਨੀਆ ਨੂੰ ਸੱਦਾ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਸਤਿੰਦਰ ਸਰਤਾਜ ‘ਦਿ ਬਲੈਕ ਪ੍ਰਿੰਸ’ ਨਾਂ ਦੀ ਫਿਲਮ ਰਾਹੀਂ ਹਾਲੀਵੁੱਡ ਡੈਬਿਊ ਵੀ ਕਰ ਰਹੇ ਹਨ, ਜਿਹੜੀ ਪੰਜਾਬ ਦੇ ਆਖਰੀ ਰਾਜਾ ਮਹਾਰਾਜਾ ਦਲੀਪ ਸਿੰਘ ‘ਤੇ ਆਧਾਰਤ ਹੈ। ਆਪਣੀ ‘ਬਲਿਊ ਹਾਰਟ ਕੈਂਪੇਨ’ ਦਾ ਜ਼ਿਕਰ ਕਰਦਿਆਂ ਸਤਿੰਦਰ ਸਰਤਾਜ ਨੇ ਕਿਹਾ ਕਿ ਇਸ ਮੁਹਿੰਮ ਰਾਹੀਂ ਉਨ੍ਹਾਂ ਬੇਦਰਦ ਲੋਕਾਂ ਨੂੰ ਬੇਪਰਦ ਕੀਤਾ ਜਾਵੇਗਾ, ਜੋ ਮਨੁੱਖੀ ਜ਼ਿੰਦਗੀਆਂ ਨੂੰ ਆਪਣੇ ਸਵਾਰਥ ਲਈ ਖਰੀਦਦੇ-ਵੇਚਦੇ ਹਨ। ਇਸ ਸਮੇਂ ਮਨੁੱਖੀ ਤਸਕਰੀ ਰਾਹੀਂ 30 ਮਿਲੀਅਨ ਤੋਂ ਵਧ ਗ਼ੁਲਾਮ ਬਣਾਏ ਜਾ ਚੁੱਕੇ ਹਨ ਤੇ ਇਨ੍ਹਾਂ ਵਿਚੋਂ 80 ਫ਼ੀਸਦੀ ਔਰਤਾਂ ਹਨ। ਬਲਿਊ ਹਾਰਟ ਮੁਹਿੰਮ ਵਿਚ ਹਿੱਸੇਦਾਰੀ ਨੂੰ ਹੱਲਾਸ਼ੇਰੀ ਦੇਣ ਅਤੇ ਕਾਰਵਾਈ ਨੂੰ ਪ੍ਰੇਰਤ ਕਰਨ ਲਈ ਹੋਰ ਵੀ ਲੋਕਾਂ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ ਗਿਆ ਹੈ। ਇਹ ਮੁਹਿੰਮ ਮਨੁੱਖੀ ਤਸਕਰੀ ਖ਼ਿਲਾਫ਼ ਜਾਗਰੂਕਤਾ ਫੈਲਾਉਣ ਅਤੇ ਸਮਾਜ ਉਪਰ ਇਸ ਦੇ ਅਸਰ ਸਾਹਮਣੇ ਲਿਆਉਣ ਦੀ ਪਹਿਲ ਹੈ। ਸਰਤਾਜ ਨੇ ਦੱਸਿਆ ਕਿ ਪ੍ਰੋਜੈਕਟ ‘ਸੋਂਗ ਆਫ਼ ਹੋਪ’ ਸਰਤਾਜ ਫਾਉਂਡੇਸ਼ਨ ਨੂੰ ਪੇਸ਼ਕਸ਼ ਕੀਤਾ ਗਿਆ ਸੀ ਜੋ ਕਿ ਚੈਰੀਟੇਬਲ ਫਾਉਂਡੇਸ਼ਨ ਹੈ। ਇਸ ਦਾ ਮਕਸਦ ਕਲਾ, ਸਭਿਆਚਾਰ, ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿਚ ਹੋਣਹਾਰ ਨੌਜਵਾਨਾਂ ਤਕ ਪਹੁੰਚ ਕਰਨਾ ਤੇ ਉਨ੍ਹਾਂ ਨੂੰ ਮਦਦ ਮੁਹੱਈਆ ਕਰਵਾਉਣਾ ਹੈ। ਸਰਤਾਜ ਦਾ ਕਹਿਣਾ ਹੈ, ‘ਆਪਣੇ ਨੌਜਵਾਨਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਅਸੀਂ ਵਚਨਬੱਧ ਹਾਂ ਅਤੇ ਉਨ੍ਹਾਂ ਨੂੰ ਰੱਬ ਵਲੋਂ ਬਖਸ਼ੀ ਦਾਤ ਨੂੰ ਅਸੀਂ ਹੋਰ ਨਿਖਾਰਣ ਦੀ ਜ਼ਿੰਮੇਵਾਰੀ ਚੁੱਕਦੇ ਹਾਂ।’