ਸਿੱਖ ਕਤਲੇਆਮ ਦਾ ਦਰਦ ਬਿਆਨਦੀ ‘ਸੱਚ ਦੀ ਕੰਧ’ ਪੰਥ ਨੂੰ ਸਮਰਪਿਤ

ਸਿੱਖ ਕਤਲੇਆਮ ਦਾ ਦਰਦ ਬਿਆਨਦੀ ‘ਸੱਚ ਦੀ ਕੰਧ’ ਪੰਥ ਨੂੰ ਸਮਰਪਿਤ

ਕੈਪਸ਼ਨ-ਨਵੀਂ ਦਿੱਲੀ ਵਿੱਚ ਗੁਰਦੁਆਰਾ ਰਕਾਬ ਗੰਜ ਵਿਖੇ 1984 ਦੇ ਸਿੱਖ ਕਤਲੇਆਮ ਦੀ ਯਾਦਗਾਰ ਸੰਗਤ ਨੂੰ ਸਮਰਪਿਤ ਕੀਤੇ ਜਾਣ ਦਾ ਦ੍ਰਿਸ਼।
ਨਵੀਂ ਦਿੱਲੀ/ਬਿਊਰੋ ਨਿਊਜ਼ :
ਲੰਬੀ ਉਡੀਕ ਮਗਰੋਂ ਆਖਿਰਕਾਰ 1984 ਸਿੱਖ ਕਤਲੇਆਮ ਦੇ ਦਰਦ ਨੂੰ ਬਿਆਨ ਕਰਦੀ ਯਾਦਗਾਰ ਮਨੁੱਖਤਾ ਨੂੰ ਸਮਰਪਿਤ ਕਰ ਦਿੱਤੀ ਗਈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਭਗ ਸਾਢੇ ਤਿੰਨ ਸਾਲ ਵਿੱਚ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕੰਪਲੈਕਸ ਵਿੱਚ 2.5 ਕਰੋੜ ਰੁਪਏ ਦੀ ਲਾਗਤ ਨਾਲ ‘ਸੱਚ ਦੀ ਕੰਧ’ ਯਾਦਗਾਰ ਤਿਆਰ ਕੀਤੀ ਗਈ ਹੈ। ਇਹ ਯਾਦਗਾਰ ਪੰਜ ਪੀੜਤ ਵਿਧਵਾਵਾਂ ਵੱਲੋਂ ਸੰਗਤ ਨੂੰ ਭੇਟ ਕੀਤੀ ਗਈ। ਇਨ੍ਹਾਂ ਔਰਤਾਂ ਵਿੱਚ ਬੀਬੀ ਜਸਵੀਰ ਕੌਰ, ਬੀਬੀ ਗੰਗਾ ਕੌਰ, ਬੀਬੀ ਜਸਪਾਲ ਕੌਰ, ਭਰਥੀ ਬਾਈ ਅਤੇ ਅਰਵਿੰਦ ਕੌਰ ਸ਼ਾਮਲ ਸਨ। ਮੌਕੇ ‘ਤੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਅਤੇ ਸਾਬਕਾ ਰਾਜ ਸਭਾ ਮੈਂਬਰ ਤ੍ਰਿਲੋਚਨ ਸਿੰਘ ਵੀ ਮੌਜੂਦ ਸਨ।
ਇਸ ਤੋਂ ਪਹਿਲਾਂ ਗੁਰਦੁਆਰਾ ਬੰਗਲਾ ਸਾਹਿਬ ਤੋਂ ਗੁਰਦੁਆਰਾ ਰਕਾਬਗੰਜ ਸਾਹਿਬ ਤੱਕ ਸੰਗਤ ਵੱਲੋਂ ਨਗਰ ਕੀਰਤਨ ਸਜਾਇਆ ਗਿਆ। ਇਸ ਵਿੱਚ ਪੀੜਤ ਪਰਿਵਾਰਾਂ ਦੇ ਮੈਂਬਰਾਂ ਨੇ ਗੁਰੂ ਜਸ ਦਾ ਗਾਇਨ ਕੀਤਾ। ਐਨ.ਸੀ.ਸੀ. ਦੇ ਕੈਡਿਟਾਂ ਨੇ ਵੀ ਨਗਰ ਕੀਰਤਨ ਵਿੱਚ ਹਿੱਸਾ ਲਿਆ। ਨਗਰ ਕੀਰਤਨ ਦੇ ਯਾਦਗਾਰ ਵਾਲੀ ਥਾਂ ‘ਤੇ ਪੁੱਜਣ ਮੌਕੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਬੈਂਡ ਵਿੱਚ ਸ਼ਾਮਲ ਬੱਚਿਆਂ ਵੱਲੋਂ ਬਿਗਲ ਵਜਾ ਕੇ ਮਾਰੇ ਗਏ ਸਿੱਖਾਂ ਨੂੰ ਮਾਤਮੀ ਧੁਨ ਨਾਲ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮਗਰੋਂ ਸੰਗਤ ਨੇ 2 ਮਿੰਟ ਦਾ ਮੌਨ ਧਾਰ ਕੇ ਵਿਛੜੀਆਂ ਰੂਹਾਂ ਨੂੰ ਯਾਦ ਕੀਤਾ। ਜੀ.ਕੇ. ਨੇ ਯਾਦਗਾਰ ਬਣਾਉਣ ਵਿਚ ਸਹਿਯੋਗ ਦੇਣ ਲਈ ਸਮੁੱਚੇ ਪੰਥ ਦਾ ਧੰਨਵਾਦ ਕੀਤਾ।