101 ਵਰ੍ਹਿਆਂ ਦੀ ਬੇਬੇ ਮਾਨ ਕੌਰ ਨੇ ਆਕਲੈਂਡ ‘ਚ ਜਿੱਤੀ 100 ਮੀਟਰ ਦੌੜ

101 ਵਰ੍ਹਿਆਂ ਦੀ ਬੇਬੇ ਮਾਨ ਕੌਰ ਨੇ ਆਕਲੈਂਡ ‘ਚ ਜਿੱਤੀ 100 ਮੀਟਰ ਦੌੜ
ਫਰਾਟਾ ਦੌੜ ਵਿਚ ਜਿੱਤ ਹਾਸਲ ਕਰਨ ਮਗਰੋਂ ਆਕਲੈਂਡ ਵਿਚ ਤਿਰੰਗੇ ਨਾਲ ਜਸ਼ਨ ਮਨਾਉਂਦੀ ਹੋਈ ਮਾਨ ਕੌਰ।

ਆਕਲੈਂਡ/ਬਿਊਰੋ ਨਿਊਜ਼ :
ਭਾਰਤ ਦੀ 101 ਸਾਲ ਦੀ ਦੌੜਾਕ ਮਾਨ ਕੌਰ ਨੇ ਵਿਸ਼ਵ ਮਾਸਟਰਜ਼ ਖੇਡਾਂ ਵਿਚ 100 ਮੀਟਰ ਦੀ ਦੌੜ ਵਿਚ ਸੋਨੇ ਦਾ ਤਮਗਾ ਜਿੱਤ ਲਿਆ ਜੋ ਉਸ ਦੇ ਕੈਰੀਅਰ ਦਾ 17ਵਾਂ ਸੋਨੇ ਦਾ ਮੈਡਲ ਹੈ। ਚੰਡੀਗੜ੍ਹ ਵਾਸੀ ਮਾਨ ਕੌਰ ਨੇ ਇਕ ਮਿੰਟ 14 ਸੈਕਿੰਡ ਵਿਚ ਦੌੜ ਪੂਰੀ ਕੀਤੀ ਅਤੇ ਉਸ ਨੇ ਉਸੈਨ ਬੋਲਟ ਦੇ 2009 ਵਿਚ ਬਣਾਏ ਗਏ 100 ਮੀਟਰ ਦੇ ਵਿਸ਼ਵ ਰਿਕਾਰਡ ਤੋਂ 64.42 ਸੈਕਿੰਡ ਦਾ ਵੱਧ ਸਮਾਂ ਲਿਆ। ਸਟੇਡੀਅਮ ਵਿਚ ਹਾਜ਼ਰ ਲੋਕਾਂ ਨੇ ਮਾਨ ਕੌਰ ਨੂੰ ਪੂਰੀ ਹਮਾਇਤ ਦਿੱਤੀ। ਉਨ੍ਹਾਂ ਦੀ ਜਿੱਤ ਯਕੀਨੀ ਸੀ ਕਿਉਂਕਿ 100 ਵਰ੍ਹਿਆਂ ਤੋਂ ਵੱਧ ਉਮਰ ਵਰਗ ਵਿਚ ਉਹ ਇਕਲੌਤੀ ਦੌੜਾਕ ਸੀ। ਨਿਊਜ਼ੀਲੈਂਡ ਦੇ ਮੀਡੀਆ ਨੇ ਮਾਨ ਕੌਰ ਨੂੰ ‘ਚੰਡੀਗੜ੍ਹ ਦਾ ਕ੍ਰਿਸ਼ਮਾ’ ਦੱਸਿਆ। ਉਨ੍ਹਾਂ ਲਈ ਦੌੜ ਦਾ ਸਮਾਂ ਨਹੀਂ ਸਗੋਂ ਇਸ ਵਿਚ ਹਿੱਸਾ ਲੈਣਾ ਅਹਿਮ ਸੀ। ਉਨ੍ਹਾਂ ਪੰਜਾਬੀ ਦੁਭਾਸ਼ੀਏ ਰਾਹੀਂ ਪੱਤਰਕਾਰਾਂ ਨੂੰ ਕਿਹਾ, ”ਮੈਂ ਦੌੜ ਦਾ ਆਨੰਦ ਮਾਣਿਆ ਅਤੇ ਮੈਂ ਬਹੁਤ ਖੁਸ਼ ਹਾਂ। ਮੈਂ ਫਿਰ ਤੋਂ ਭੱਜਣ ਜਾ ਰਹੀ ਹਾਂ ਅਤੇ ਅੱਗੇ ਵੀ ਮੁਕਾਬਲਿਆਂ ਵਿਚ ਹਿੱਸਾ ਲੈਂਦੀ ਰਹਾਂਗੀ।”