ਆਨਦੰਪੁਰ ਸਾਹਿਬ ਵਿੱਚ 81 ਫੁੱਟ ਉੱਚਾ ਖੰਡਾ ਮੁੜ ਸਥਾਪਤ

ਆਨਦੰਪੁਰ ਸਾਹਿਬ ਵਿੱਚ 81 ਫੁੱਟ ਉੱਚਾ ਖੰਡਾ ਮੁੜ ਸਥਾਪਤ

ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼ :
ਤਿੰਨ ਹਫਤਿਆਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਰ ਸੇਵਾ ਵਾਲਿਆਂ ਦੇ ਸਹਿਯੋਗ ਨਾਲ ਸਥਾਨਕ ਪੰਜ ਪਿਆਰਾ ਪਾਰਕ ਵਿਖੇ ਸਿੱਖੀ ਦੀ ਸ਼ਾਨ ਦਾ ਪ੍ਰਤੀਕ 81 ਫੁੱਟ ਉੱਚੇ ਖੰਡੇ ਨੂੰ ਮੁੜ ਸਥਾਪਤ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ 17 ਜੂਨ 2015 ਨੂੰ ਖਾਲਸਾ ਪੰਥ ਦੇ ਜਨਮ ਸਥਾਨ ਸ੍ਰੀ ਆਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਵਿਸ਼ਵ ਭਰ ਦੀ ਸੰਗਤ ਨੂੰ ਸਮਰਪਿਤ ਕੀਤਾ ਗਿਆ 81 ਫੁੱਟ ਉੱਚਾ ਖੰਡਾ ਮਹਿਜ਼ ਇੱਕ ਸਾਲ ਵਿਚ ਹੀ ਟੇਢਾ ਹੋਣ ਤੋਂ ਬਾਅਦ ਝੱਖੜ ਕਾਰਨ ਡਿੱਗ ਗਿਆ ਸੀ। ਇਸ ਕਰ ਕੇ ਸੰਗਤ ਵਿੱਚ ਨਿਰਾਸ਼ਾ ਪਾਈ ਜਾ ਰਹੀ ਸੀ। 17 ਜੂਨ 2015 ਨੂੰ ਸ੍ਰੀ ਆਨੰਦਪੁਰ ਸਾਹਿਬ ਦੇ ਪੰਜ ਪਿਆਰਾ ਪਾਰਕ ਵਿਖੇ ਕਾਰ ਸੇਵਾ ਵਾਲੇ ਸੰਤਾਂ ਦੀ ਮਦਦ ਨਾਲ ਸਥਾਪਤ ਕੀਤਾ ਗਿਆ 81 ਫੁੱਟ ਉੱਚਾ ਖੰਡਾ ਮਹਿਜ਼ ਇੱਕ ਸਾਲ ਵਿੱਚ ਹੀ ਆਪਣੀ ਥਾਂ ਤੋਂ ਹਿੱਲਦਾ ਨਜ਼ਰ ਆਉਣ ਲੱਗ ਪਿਆ ਸੀ ਕਿਉਂਕਿ ਇਸ ਖੰਡੇ ਦਾ ਸਟੀਲ ਦਾ ਢਾਂਚਾ ਟੇਢਾ ਹੋ ਗਿਆ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਦੀ ਅਗਵਾਈ ਵਿੱਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਮੁਖਤਿਆਰ ਸਿੰਘ ਅਤੇ ਇਲਾਕਾ ਨਿਵਾਸੀਆਂ ਨੇ ਕਾਰ ਸੇਵਾ ਵਾਲੇ ਸੰਤਾਂ ਦੇ ਸਹਿਯੋਗ ਨਾਲ ਖੰਡੇ ਨੂੰ ਮੁੜ ਸਥਾਪਤ ਕੀਤਾ। ਹਾਲਾਂਕਿ ਵੱਡੀ ਮਸ਼ੀਨ ਨਾਲ ਸਥਾਪਤ ਕੀਤੇ ਜਾ ਰਹੇ ਇਸ ਖੰਡੇ ਨੂੰ ਜਦੋਂ ਲੋੜੀਂਦੀ ਉਚਾਈ ਤੇ ਲਿਜਾ ਕੇ ਟਿਕਾਇਆ ਜਾ ਰਿਹਾ ਸੀ ਉਦੋਂ ਮਸ਼ੀਨ ਦੀ ਬੈਲਟ ਟੁੱਟ ਜਾਣ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਇਸ ਖੰਡੇ ਵਾਲੇ ਥੰਮ ‘ਤੇ ਸੰਗਮਰਮਰ ਲਗਾਉਣ ਦੀ ਜੋ ਕਾਰ ਸੇਵਾ ਅਧੂਰੀ ਰਹਿ ਗਈ ਸੀ ਉਸ ਨੂੰ ਵੀ ਜਲਦੀ ਹੀ ਮੁਕੰਮਲ ਕਰਨ ਲਈ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ।