ਪੰਜਾਬ ਦੇ ਕਿਸਾਨਾਂ ਸਿਰ ਕਰਜ਼ਾ 80,000 ਕਰੋੜ ਤੋਂ ਟੱਪਿਆ

ਪੰਜਾਬ ਦੇ ਕਿਸਾਨਾਂ ਸਿਰ ਕਰਜ਼ਾ 80,000 ਕਰੋੜ ਤੋਂ ਟੱਪਿਆ

ਹਰ ਪਿੰਡ ਵਾਸੀ ਅੱਠ ਲੱਖ ਰੁਪਏ ਦਾ ਕਰਜ਼ਾਈ ਹੋਇਆ
ਚੰਡੀਗੜ੍ਹ/ਬਿਊਰੋ ਨਿਊਜ਼ :
ਤਾਜ਼ਾ ਸਰਵੇਖਣ ਅਨੁਸਾਰ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਦੇ ਕਿਸਾਨਾਂ ਸਿਰ ਕਰਜ਼ਾ 80,000 ਕਰੋੜ ਰੁਪਏ ਨੂੰ ਟੱਪ ਗਿਆ ਹੈ। ਪੰਜਾਬ ਦਾ ਹਰੇਕ ਪਿੰਡ ਵਾਸੀ ਪ੍ਰਤੀ ਜੀਅ ਅੱਠ ਲੱਖ ਰੁਪਏ ਦਾ ਕਰਜ਼ਾਈ ਹੈ।  ਇਸ ਨੂੰ ਇੰਝ ਵੀ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੇ 10.53 ਲੱਖ ਲੋਕਾਂ ਵਿੱਚੋਂ 89 ਫੀਸਦੀ ਲੋਕ ਕਰਜ਼ਾਈ ਹਨ। ਇਸ ਸਰਵੇਖਣ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਸਾਲ 2009-10 ਵਿੱਚ ਸੂਬੇ ਦੇ ਲੋਕਾਂ ਸਿਰ 35000 ਕਰੋੜ ਦਾ ਕਰਜ਼ਾ ਸੀ ਅਤੇ ਇਹ ਕੁੱਝ ਸਾਲਾਂ ਵਿੱਚ ਦੁੱਗਣਾ ਕਿਵੇਂ ਹੋ ਗਿਆ, ਇਹ ਅਤਿ ਚਿੰਤਾਜਨਕ ਅੰਕੜੇ ਸੂਬੇ ਦੀਆਂ ਤਿੰਨ ਯੂਨੀਵਰਸਿਟੀਆਂ ਵੱਲੋਂ ਕਰਵਾਏ ਸਰਵੇਖਣਾਂ ਵਿੱਚ ਸਾਹਮਣੇ ਆਏ ਹਨ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਅਪ੍ਰੈਲ 2010 ਤੋਂ ਮਾਰਚ 2013 ਵਿਚਕਾਰ ਕਿਸਾਨਾਂ ਦੀਆਂ ਆਤਮ ਹੱਤਿਆਵਾਂ ਬਾਰੇ ਪੰਜਾਬ ਦੇ 12500 ਪਿੰਡਾਂ ਬਾਰੇ ਘਰ ਘਰ ਜਾ ਕੇ  ਕਰਵਾਏ ਸਰਵੇਖਣ ਤੋਂ ਬਾਅਦ ਸਥਿਤੀ ਦੀ ਗੰਭੀਰਤਾ ਦਾ ਪਤਾ ਲੱਗਾ ਹੈ। ਇਹ ਸਰਵੇਖਣ ਪੰਜਾਬ ਸਰਕਾਰ ਦੀ ਤਰਫੋਂ ਕਰਵਾਇਆ ਗਿਆ ਸੀ ਅਤੇ ਇਸ ਸਬੰਧੀ ਫਾਈਨਲ ਰਿਪੋਰਟ ਅਜੇ ਜਾਰੀ ਹੋਣੀ ਹੈ।
ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਵਿੱਚੋਂ 79 ਫੀਸਦੀ ਕਿਸਾਨ ਪੰਜ ਏਕੜ ਤੋਂ ਘੱਟ ਜ਼ਮੀਨ ਦੀ ਮਾਲਕੀ ਵਾਲੇ ਹਨ। ਇਹ ਸਾਰੀਆਂ ਖੁਦਕੁਸ਼ੀਆਂ ਜੋ ਸਾਲ 2010-2013 ਦਰਮਿਆਨ ਹੋਈਆਂ ਹਨ, ਵਿੱਚੋਂ 74 ਫੀਸਦੀ  ਉਹ ਲੋਕ ਹਨ, ਜਿਨ੍ਹਾਂ ਨੇ ਕਰਜ਼ੇ ਕਾਰਨ ਆਤਮਹੱਤਿਆਵਾਂ ਕੀਤੀਆਂ ਹਨ। ਡਾਕਟਰ ਸੁਖਪਾਲ ਸਿੰਘ ਅਨੁਸਾਰ ਖ਼ੁਦਕੁਸ਼ੀਆਂ ਸਬੰਧੀ ਰਿਪੋਰਟ 15 ਮਾਰਚ ਤੱਕ ਦਾਖਲ ਕਰਵਾਈ ਜਾਵੇਗੀ। ਖ਼ੁਦਕੁਸ਼ੀਆਂ ਕਰਨ ਵਾਲਿਆਂ ਵਿੱਚ 3954 ਕਿਸਾਨ ਹਨ ਅਤੇ 2972 ਮਜ਼ਦੂਰ ਹਨ। 74 ਫੀਸਦੀ ਕਿਸਾਨਾਂ ਨੇ ਅਤੇ 58.6 ਫੀਸਦੀ ਮਜ਼ਦੂਰਾਂ ਨੇ ਕਰਜ਼ੇ ਕਾਰਨ ਖੁਦਕੁਸ਼ੀਆਂ ਕੀਤੀਆਂ ਹਨ। ਪੰਜਾਬ ਸਰਕਾਰ ਨੇ ਇਸ ਸਮੇਂ ਅਨੁਸਾਰ ਮਰੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ ਹੈ। ਹੁਣ ਤਕ 302 ਮ੍ਰਿਤਕ ਕਿਸਾਨ ਨੂੰ ਤਿੰਨ ਲੱਖ ਰੁਪਏ ਦੇ ਹਿਸਾਬ ਨਾਲ ਸਰਕਾਰ ਮੁਆਵਜ਼ਾ ਦੇ ਚੁੱਕੀ ਹੈ। ਚੋਣ ਜ਼ਾਬਤਾ ਲੱਗਣ ਕਾਰਨ 30 ਪਰਿਵਾਰ ਮੁਆਵਜ਼ੇ ਤੋਂ ਵਾਂਝੇ ਰਹਿ ਗਏ ਹਨ।

ਖੁਦਕੁਸ਼ੀਆਂ ਕਰਨ ਵਾਲੇ ਬਹੁਤੇ ਕਿਸਾਨ ਕਪਾਹ ਪੱਟੀ ਨਾਲ ਸਬੰਧਤ
ਸਰਵੇਖਣ ਦੇ ਕੋਆਰਡੀਨੇਟਰ ਡਾਕਟਰ ਸੁਖਪਾਲ ਸਿੰਘ ਨੇ ਸਰਵੇਖਣ ਉੱਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਪਰ ਉਨ੍ਹਾਂ ਮੰਨਿਆ ਕਿ ਖੁਦਕੁਸ਼ੀਆਂ ਕਰਨ ਵਾਲੇ 80 ਫੀਸਦੀ ਕਿਸਾਨ ਕਪਾਹ ਪੱਟੀ ਵਿੱਚੋਂ ਹਨ। ਇਹ ਜ਼ਿਕਰਯੋਗ ਹੈ ਕਿ ਕਿਸੇ ਨਾ ਕਿਸੇ ਕਾਰਨ ਨਰਮਾਂ ਉਤਪਾਦਕਾਂ ਨੂੰ ਮਨਇੱਛਤ ਨਤੀਜੇ ਨਹੀਂ ਮਿਲੇ ਅਤੇ ਝਾੜ ਕਾਫੀ ਘੱਟ ਰਿਹਾ ਹੈ। ਕਿਸਾਨਾਂ ਵਿੱਚ ਖ਼ੁਦਕੁਸ਼ੀਆਂ ਕਰਨ ਦਾ ਵਧੇਰੇ ਰੁਝਾਨ ਬਠਿੰਡਾ, ਮਾਨਸਾ, ਮੁਕਤਸਰ, ਫ਼ਰੀਦਕੋਟ, ਸੰਗਰੂਰ, ਬਰਨਾਲਾ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਨਾਲ ਸਬੰਧਤ ਹਨ।