ਭਾਈ ਕੇਹਰ ਸਿੰਘ, ਭਾਈ ਸਤਵੰਤ ਸਿੰਘ ਤੇ ਭਾਈ ਗੁਰਦੇਵ ਸਿੰਘ ਕਾਉਂਕੇ ਦਾ ਮਹਾਨ ਸ਼ਹੀਦੀ ਦਿਹਾੜਾ 6 ਜਨਵਰੀ ਨੂੰ

ਭਾਈ ਕੇਹਰ ਸਿੰਘ, ਭਾਈ ਸਤਵੰਤ ਸਿੰਘ ਤੇ ਭਾਈ ਗੁਰਦੇਵ ਸਿੰਘ ਕਾਉਂਕੇ ਦਾ ਮਹਾਨ ਸ਼ਹੀਦੀ ਦਿਹਾੜਾ 6 ਜਨਵਰੀ ਨੂੰ

ਫਰੀਮੌਂਟ/ਬਿਊਰੋ ਨਿਊਜ਼ :
ਸਿੱਖ ਕੌਮ ਦੀ ਆਨ-ਸ਼ਾਨ ਸਨਮਾਨ ਨੂੰ ਕਾਇਮ ਰੱਖਣ ਲਈ, ਧਰਮ ਦੇ  ਬੋਲਬਾਲੇ, ਜ਼ੁਲਮ ਨੂੰ ਠੱਲ੍ਹਣ ਤੇ ਦੁਸ਼ਟਾਂ ਦਾ ਦਮਨ ਕਰਨ ਲਈ ਖ਼ਾਲਸਾਈ ਪਰੰਪਰਾਵਾਂ ਅਨੁਸਾਰ ਅਦੁੱਤੀ ਅਤੇ ਲਾਸਾਨੀ ਕੁਰਬਾਨੀ ਦੇਣ ਵਾਲੇ, ਹੱਸ ਹੱਸ ਕੇ ਫਾਂਸੀਆਂ ਦੇ ਰੱਸੇ ਚੁੰਮਣ ਵਾਲੇ ਖਾਲਸਾ ਪੰਥ ਦੇ ਮਹਾਨ ਸ਼ਹੀਦ ਭਾਈ ਕੇਹਰ ਸਿੰਘ ਜੀ, ਭਾਈ ਸਤਵੰਤ ਸਿੰਘ ਜੀ ਅਤੇ ਗੁਰਦੇਵ ਸਿੰਘ ਕਾਉਂਕੇ ਦਾ ਮਹਾਨ ਸ਼ਹੀਦੀ ਦਿਹਾੜਾ 6 ਜਨਵਰੀ, ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਫਰੀਮੌਂਟ, 300 ਗੁਰਦੁਆਰਾ ਰੋਡ, ਫਰੀਮੌਂਟ 31 94536 ਵਿਖੇ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਕੇਹਰ ਸਿੰਘ ਤੇ ਭਾਈ ਸਤਵੰਤ ਸਿੰਘ ਨੇ ਜੂਨ-੮੪ ਵਿਚ ਸ੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਗੁਰਦੁਆਰਾ ਸਾਹਿਬਾਨ ਉਤੇ ਕੀਤੇ ਗਏ ਵਹਿਸ਼ੀਆਨਾ ਫੌਜੀ ਹਮਲੇ ਦਾ ਬਦਲਾ ਸਿੱਖੀ ਸਿਧਾਂਤਾਂ ਤੇ ਪਰੰਪਰਾ ਮੁਤਾਬਕ ਉਸ ਵੇਲੇ ਦੀ ਹਿੰਦੂਸਤਾਨ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸੋਧਾ ਲਗਾ ਕੇ ਲਿਆ ਸੀ। ਇਸੇ ਤਰ੍ਹਾਂ ਸਿੱਖ ਸੰਘਰਸ਼ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਨੇ ਵੀ ਜ਼ਾਲਮ ਪੁਲਸੀਆ ਕਹਿਰ ਆਪਣੇ ਪਿੰਡੇ ਉਤੇ ਹੰਢਾਉਂਦਿਆਂ ਸ਼ਹਾਦਤ ਪ੍ਰਾਪਤ ਕੀਤੀ ਸੀ।
ਉਪਰੋਕਤ ਸ਼ਹੀਦਾਂ ਨੂੰ ਸਮਰਪਿਤ ਇਸ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ 4 ਜਨਵਰੀ, 2019 ਦਿਨ ਸ਼ੁੱਕਰਵਾਰ ਨੂੰ ਸਵੇਰੇ 10:00 ਵਜੇ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ 6 ਜਨਵਰੀ, 2019, ਦਿਨ ਐਤਵਾਰ ਨੂੰ ਸਵੇਰੇ 10:00 ਵਜੇ ਪਾਏ ਜਾਣਗੇ। ਉਪਰੰਤ ਗੁਰੂ ਘਰ ਦੇ ਮਹਾਨ ਕੀਰਤਨੀਏ, ਕਥਾਵਾਚਕ, ਕਵੀਸ਼ਰ, ਸਿੱਖ ਸਕਾਲਰ ਅਤੇ ਪੰਥਕ ਆਗੂ ਹਾਜ਼ਰੀਆਂ ਭਰਨਗੇ ਅਤੇ ਆਪਣੇ ਕੌਮੀ ਸ਼ਹੀਦਾਂ ਬਾਰੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਨਗੇ।
ਪ੍ਰਬੰਧਕਾਂ ਵੱਲੋਂ ਸਿੰਘ-ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਸਮੂਹ ਸਿੱਖ ਸੰਗਤਾਂ ਨੂੰ ਪਰਿਵਾਰਾਂ ਸਮੇਤ ਉਕਤ ਸ਼ਹੀਦੀ ਸਮਾਗਮ ਵਿਚ ਪਹੁੰਚਣ ਦੀ ਅਪੀਲ ਕੀਤੀ ਗਈ ਹੈ। ਹੋਰ ਵਧੇਰੇ ਜਾਣਕਾਰੀ ਲਈ ਫੋਨ ਨੰ. 510-790-0117 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।