ਪੰਜਾਬ ਸਰਕਾਰ ਨੇ ਆਖ਼ਰ ਭਾਸ਼ਾ ਵਿਭਾਗ ਨੂੰ ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਲਈ ਪੰਜ ਲੱਖ ਰੁਪਏ ਦਿੱਤੇ

ਪੰਜਾਬ ਸਰਕਾਰ ਨੇ ਆਖ਼ਰ ਭਾਸ਼ਾ ਵਿਭਾਗ ਨੂੰ ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਲਈ ਪੰਜ ਲੱਖ ਰੁਪਏ ਦਿੱਤੇ

ਪਟਿਆਲਾ/ਬਿਊਰੋ ਨਿਊਜ਼ :
ਪੰਜਾਬ ਸਰਕਾਰ ਵੱਲੋਂ ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਦੇ ਜਸ਼ਨ ਮਨਾਉਣ ਲਈ ਭਾਸ਼ਾ ਵਿਭਾਗ ਪੰਜਾਬ ਨੂੰ ਪੈਸੇ ਦੇ ਦਿੱਤੇ ਗਏ ਹਨ। ਪਹਿਲਾਂ ਭਾਸ਼ਾ ਵਿਭਾਗ ਵਿਤੀ ਤੋਟ ਕਾਰਨ ਸਮਾਗਮ ਰੱਖਣ ਤੋਂ ਝਿਜਕ ਰਿਹਾ ਸੀ। ਭਾਸ਼ਾ ਵਿਭਾਗ ਨੂੰ ਪੰਜਾਬ ਸਰਕਾਰ ਵੱਲੋਂ ਤਿੰਨ ਪ੍ਰੋਗਰਾਮ ਦਿੱਤੇ ਗਏ ਹਨ, ਜਿਨ੍ਹਾਂ ਵਿਚੋਂ ਪਹਿਲਾ ਸਮਾਗਮ 17 ਅਕਤੂਬਰ ਨੂੰ ਭਾਸ਼ਾ ਵਿਭਾਗ ਦੇ ਮੁੱਖ ਦਫਤਰ ਭਾਸ਼ਾ ਭਵਨ ਵਿੱਚ ਕਰਵਾਇਆ ਜਾਣਾ ਹੈ।
ਪੰਜਾਬ ਸਰਕਾਰ ਵੱਲੋਂ ਭਾਸ਼ਾ ਵਿਭਾਗ ਨੂੰ ਪਹਿਲੇ ਸਮਾਗਮ ਲਈ 5 ਲੱਖ ਰੁਪਏ ਦਿੱਤੇ ਗਏ ਹਨ। ਅਜਿਹੇ ਵਿਚ ਭਾਸ਼ਾ ਵਿਭਾਗ ਵੱਲੋਂ ਸਮਾਗਮ ਲਈ ਖੁੱਲ੍ਹੇ ਦਿਲ ਨਾਲ ਤਿਆਰੀਆਂ ਕੀਤੀਆਂ ਗਈਆਂ ਹਨ ਤੇ ਮੁੱਖ ਦਫ਼ਤਰ ਦੇ ਵਿਹੜੇ ਵਿਚ ਵੱਡਾ ਪੰਡਾਲ ਸਜਾਇਆ ਗਿਆ ਹੈ। ਇਸ ਸਬੰਧੀ ਸਾਹਿਤ ਪ੍ਰੇਮੀਆਂ, ਸਾਹਿਤਕ ਸ਼ਖ਼ਸੀਅਤਾਂ, ਪੰਜਾਬੀ ਬੋਲੀ ਪ੍ਰਤੀ ਚਿੰਤਕਾਂ, ਰਾਜ ਸਲਾਹਕਾਰ ਬੋਰਡ ਦੇ ਨੁਮਾਇੰਦਿਆਂ, ਸਿੱਖਿਆ ਸ਼ਾਸਤਰੀਆਂ ਨੂੰ ਸੱਦਾ ਪੱਤਰ ਭੇਜੇ ਗਏ ਹਨ। ਭਾਸ਼ਾ ਵਿਭਾਗ ਦੀ ਡਾਇਰੈਕਟਰ ਗੁਰਸ਼ਰਨ ਕੌਰ ਨੇ ਦੱਸਿਆ ਕਿ ਸਮਾਗਮ ਵਿੱਚ ਵੱਖ-ਵੱਖ ਵਿਦਵਾਨਾਂ ਵੱਲੋਂ ਪੰਜਾਬੀ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਸਬੰਧੀ ਪਰਚੇ ਪੜ੍ਹੇ ਜਾਣਗੇ ਅਤੇ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਸੁਰਜੀਤ ਸਿੰਘ ਰੱਖੜਾ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਪੰਜਾਬੀ ਸਾਹਿਤ ਰਤਨ ਡਾ. ਰਤਨ ਸਿੰਘ ਜੱਗੀ ਪ੍ਰਧਾਨਗੀ ਕਰਨਗੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਭਗਵਾਨ ਦਾਸ ਜੁਨੇਜਾ ਅਤੇ ਵਿਧਾਇਕ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ  ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਲ ਹੋਣਗੇ।
ਸਮਾਗਮ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ ਸਰਕਾਰ ਵੱਲੋਂ ਪਲੇਠੇ ਸਮਾਗਮ ਦੇ ਖਰਚੇ ਵਾਸਤੇ ਪੰਜ ਲੱਖ ਰੁਪਏ ਵਿਭਾਗ ਦੇ ਖਾਤੇ ਵਿਚ ਵੀ ਪਾ ਦਿੱਤੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਬਾਕੀ ਸਮਾਗਮਾਂ ਵਾਸਤੇ ਵੀ ਪੈਸੇ ਛੇਤੀ ਪੁੱਜ ਜਾਣਗੇ। 22 ਅਕਤੂਬਰ ਨੂੰ ਮਾਤਾ ਗੁਜਰੀ ਕਾਲਜ, ਫ਼ਤਿਹਗੜ੍ਹ ਸਾਹਿਬ ਵਿਖੇ ਰਾਜ ਪੱਧਰੀ ਕੁਇਜ਼ ਕਰਵਾਇਆ ਜਾ ਰਿਹਾ ਹੈ ਤੇ 26 ਅਕਤੂਬਰ ਨੂੰ ਕੇ.ਐਲ. ਸਹਿਗਲ ਮੈਮੋਰੀਅਲ ਹਾਲ, ਜਲੰਧਰ ਵਿੱਚ ਰਾਜ ਪੱਧਰੀ ਪੰਜਾਬੀ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ। ਮੰਤਰੀ ਸੁਰਜੀਤ ਸਿੰਘ ਰੱਖੜਾ ਦਾ ਕਹਿਣਾ ਹੈ ਕਿ ਭਾਸ਼ਾ ਵਿਭਾਗ ਲਈ ਸਰਕਾਰ ਵੱਲੋਂ ਪੈਸੇ ਦੀ ਤੋਟ ਨਹੀਂ ਰਹਿਣ ਦਿੱਤੀ ਜਾਵੇਗੀ।