ਕੈਪਟਨ ਦੇ ਮੋਤੀ ਮਹਿਲ ਦਾ ਘਿਰਾਓ ਕਰਨ ਜਾ ਰਹੇ 5 ਦਰਜਨ ਕਿਸਾਨ ਗ੍ਰਿਫ਼ਤਾਰ

ਕੈਪਟਨ ਦੇ ਮੋਤੀ ਮਹਿਲ ਦਾ ਘਿਰਾਓ ਕਰਨ ਜਾ ਰਹੇ 5 ਦਰਜਨ ਕਿਸਾਨ ਗ੍ਰਿਫ਼ਤਾਰ

ਆਗੂਆਂ ਦੀਆਂ ਗ੍ਰਿਫ਼ਤਾਰੀਆਂ ਲਈ ਪੁਲੀਸ ਨੇ ਮਾਰੇ ਛਾਪੇ, ਕਈ ਰੂਪੋਸ਼ ਹੋਏ 
22 ਸਤੰਬਰ ਨੂੰ ਮੋਤੀ ਮਹਿਲ ਪੁੱਜਣ ਦਾ ਸੱਦਾ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਦੀਆਂ 7 ਕਿਸਾਨ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਟਿਆਲਾ ਸਥਿਤ ਘਰ ਮੋਤੀ ਮਹਿਲ ਦੇ ਘਿਰਾਓ  ਅਤੇ ਕਿਸਾਨੀ ਮੰਗਾਂ ਨੂੰ ਲੈ ਕੇ ਵਿੱਢੇ ਸੰਘਰਸ਼ ਨੂੰ ਫੇਲ੍ਹ ਕਰਨ ਲਈ ਪੰਜਾਬ ਪੁਲੀਸ ਨੇ ਸੂਬੇ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਫੜੋ ਫੜੀ ਆਰੰਭ ਦਿੱਤੀ ਹੈ। ਪੰਜਾਬ ਪੁਲੀਸ ਦੇ ਡੀ.ਜੀ.ਪੀ. (ਕਾਨੂੰਨ ਵਿਵਸਥਾ) ਹਰਦੀਪ ਸਿੰਘ ਢਿੱਲੋਂ ਵੱਲੋਂ ਸਮੁੱਚੇ ਅਪਰੇਸ਼ਨ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਰਿਪੋਰਟਾਂ ਅਨੁਸਾਰ ਪੁਲੀਸ ਨੇ 5 ਦਰਜਨ ਤੋਂ ਵੱਧ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਕਾਰਵਾਈ ਤੋਂ ਬਾਅਦ ਰੂਪੋਸ਼ ਹੋਏ ਕਿਸਾਨਾਂ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ। ਰੂਪੋਸ਼ ਹੋਏ ਕਿਸਾਨ ਆਗੂਆਂ ਨੇ ਕਿਸਾਨਾਂ ਨੂੰ 22 ਸਤੰਬਰ ਨੂੰ ਰਸਤੇ ਬਦਲ ਕੇ ਮੋਤੀ ਮਹਿਲ ਦੇ ਬਾਹਰ ਪਹੁੰਚਣ ਦਾ ਸੱਦਾ ਦਿੱਤਾ ਹੈ। ਜਥੇਬੰਦੀਆਂ ਨੇ 22 ਸਤੰਬਰ ਤੱਕ ਪੰਜਾਬ ਭਰ ਦੇ ਥਾਣਿਆਂ ਅੱਗੇ ਰੋਸ ਪ੍ਰਦਰਸ਼ਨ ਤੇ ਅਰਥੀ ਫ਼ੂਕ ਮੁਜ਼ਾਹਰੇ ਕਰਨ ਦਾ ਵੀ ਐਲਾਨ ਕੀਤਾ ਹੈ।
ਪੁਲੀਸ ਸੂਤਰਾਂ ਮੁਤਾਬਕ ਮੋਗਾ ਪੁਲੀਸ ਨੇ ਕਿਰਤੀ ਕਿਸਾਨ ਯੂਨੀਅਨ ਆਗੂ ਛਿੰਦਰ ਸਿੰਘ ਪਿੰਡ ਜਲਾਲਾਬਾਦ ਅਤੇ ਨਿਰਮਲ ਸਿੰਘ ਪਿੰਡ ਘੱਲ ਕਲਾਂ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਗੁਰਦੇਵ ਸਿੰਘ ਕਿਸ਼ਨਪੁਰਾ ਅਤੇ ਲਾਭ ਸਿੰਘ ਪਿੰਡ ਗਿੱਲ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਫਿਰੋਜ਼ਪੁਰ ਪੁਲੀਸ ਨੇ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਮਹਿਮਾ, ਰੇਸ਼ਮ ਸਿੰਘ ਮਿੱਡਾ ਜ਼ਿਲ੍ਹਾ ਪ੍ਰਧਾਨ ਫ਼ਾਜ਼ਿਲਕਾ, ਮਲਕੀਤ ਮੁੱਦਕੀ, ਬਲਾਕ ਸੈਕਟਰੀ ਰਣਜੀਤ ਸਿੰਘ ਝੋਕ ਟਹਿਲ ਸਿੰਘ, ਅਮਰਜੀਤ ਸਿੰਘ ਝੋਕ, ਬਲਰਾਜ ਸਿੰਘ ਪਿੰਡ ਮੱਲੋਕੇ, ਦਲਵਿੰਦਰ ਸਿੰਘ ਸ਼ੇਰਖਾਂ, ਸ਼ਿੰਦਰ ਸਿੰਘ ਨੱਥੂਵਾਲਾ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂ ਹਰਨੇਕ ਮਹਿਮਾ ਨੂੰ ਹਿਰਾਸਤ ਵਿੱਚ ਲਿਆ ਹੈ।
ਤਰਨਤਾਰਨ ਜ਼ਿਲ੍ਹੇ ਵਿੱਚ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਟਾਂਡਾ ਅਤੇ ਉਨ੍ਹਾਂ ਦੇ ਇੱਕ ਸਹਿਯੋਗੀ ਆਗੂ ਹਰਭਜਨ ਸਿੰਘ ਵੈਰੋਵਾਲ ਨੂੰ ਹਿਰਾਸਤ ਵਿਚ ਲਿਆ ਹੈ।
ਮੁਕਤਸਰ ਜ਼ਿਲ੍ਹੇ ਵਿਚ ਪੁਲੀਸ ਨੇ 6 ਤੋਂ ਵਧੇਰੇ ਕਿਸਾਨ ਆਗੂਆਂ ਨੂੰ ਪੁਲੀਸ ਨੇ ਦਿਨ ਚੜ੍ਹਨ ਤੋਂ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਹੈ। ਸੰਗਰੂਰ, ਬਰਨਾਲਾ ਅਤੇ ਮਾਨਸਾ ਵਿੱਚ ਵੀ ਕਿਸਾਨ ਆਗੂਆਂ ਦੇ ਘਰੀਂ ਅੱਧੀ ਰਾਤੀਂ ਪੁਲੀਸ ਨੇ ਦਬਸ਼ ਦਿੱਤੀ। ਸੁੱਤੀਆਂ ਪਈਆਂ ਔਰਤਾਂ ਤੇ ਬੱਚਿਆਂ ਨੂੰ ਪ੍ਰੇਸ਼ਾਨ ਕੀਤਾ।
ਭਾਰਤੀ ਕਿਸਾਨ ਯੂਨੀਅਨ ਡਕੌਦਾ ਦੇ ਆਗੂ ਡਾ. ਦਰਸ਼ਨ ਪਾਲ ਨੇ ਇੱਕ ਬਿਆਨ ਰਾਹੀਂ ਕਾਂਗਰਸ ਸਰਕਾਰ ਦੇ ਇਸ ਗੈਰਜਮਹੂਰੀ ਕਦਮ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਕਿਸਾਨ ਜਥੇਬੰਦੀਆਂ ਨੇ ਸਰਕਾਰ ਵੱਲੋਂ ਕਰਜ਼ਿਆਂ ਉਪਰ ਲੀਕ ਮਾਰਨ ਅਤੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਵਾਅਦੇ ਤੋਂ ਭੱਜਣ ਦੀ ਵਾਅਦਾ ਖਿਲਾਫ਼ੀ ਖਿਲਾਫ਼ ਸੰਘਰਸ਼ ਤੇਜ਼ ਕਰਨ ਦੀ ਚੇਤਾਵਨੀ ਦਿੰਦਿਆਂ ਮੰਗ ਕੀਤੀ ਕਿ ਗ੍ਰਿਫ਼ਤਾਰ ਕਿਸਾਨਾਂ ਨੂੰ ਰਿਹਾਅ ਕੀਤਾ ਜਾਵੇ, ਪਟਿਆਲਾ ਵਿੱਚ ਲੱਗਣ ਵਾਲੇ ਪੁਰ ਅਮਨ ਧਰਨੇ ਉੱਤੇ ਸਖਤੀ ਖ਼ਤਮ ਕੀਤੀ ਜਾਵੇ ਅਤੇ ਦਫਾ 144 ਵਾਪਸ ਲਈ ਜਾਵੇ।
ਅੰਦੋਲਨ ਠੁੱਸ ਕਰਨ ਲਈ ਪਟਿਆਲਾ ‘ਚ ਨਾਕਾਬੰਦੀ :
ਪਟਿਆਲਾ : ਕਿਸਾਨਾਂ ਵੱਲੋਂ ਧਰਨੇ ਦੇ ਕੀਤੇ ਗਏ ਐਲਾਨ ਨੂੰ ਠੁੱਸ ਕਰਨ ਲਈ ਪੰਜਾਬ ਪੁਲੀਸ ਨੇ ਉਨ੍ਹਾਂ ਨੂੰ ਮਹਿਲ ਨੇੜੇ ਨਾ ਢੁੱਕਣ ਦੇਣ ਲਈ ਮੋਰਚਾਬੰਦੀ ਸ਼ੁਰੂ ਕਰ ਦਿੱਤੀ ਹੈ। ਪਟਿਆਲਾ ਸ਼ਹਿਰ ਨੂੰ ਆਉਂਦੇ ਸਾਰੇ ਰਸਤਿਆਂ ‘ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਉਧਰ ਡੀਜੀਪੀ ਸੁਰੇਸ਼ ਅਰੋੜਾ ਨੇ ਮਹਿਲ ਸਮੇਤ ਹੋਰ ਥਾਵਾਂ ਦਾ ਦੌਰਾ ਕਰਕੇ ਅਮਨ-ਕਾਨੂੰਨ ਦੀ ਹਾਲਤ ਹਰ ਹਾਲ ਵਿਚ ਕਾਇਮ ਰੱਖਣ ਦੀਆਂ ਹਦਾਇਤਾਂ ਕੀਤੀਆਂ। ਉਨ੍ਹਾਂ ਆਈਜੀ ਅਮਰਦੀਪ ਸਿੰਘ, ਡੀਆਈਜੀ ਸੁਖਚੈਨ ਗਿੱਲ ਤੇ ਐਸਐਸਪੀ ਡਾ. ਐਸ ਭੂਪਤੀ ਸਮੇਤ ਹੋਰ ਅਧਿਕਾਰੀਆਂ ਨਾਲ ਬੈਠਕ ਵੀ ਕੀਤੀ। ਉਨ੍ਹਾਂ ਕਿਹਾ ਕਿ ਇਥੇ ਧਾਰਾ 144 ਲਾਗੂ ਹੈ ਅਤੇ ਬਿਨਾਂ ਪ੍ਰਵਾਨਗੀ ਦੇ ਕਿਸੇ ਨੂੰ ਵੀ ਧਰਨਾ ਮੁਜ਼ਾਹਰਾ ਨਹੀਂ ਕਰਨ ਦਿੱਤਾ ਜਾਵੇਗਾ। ਸ੍ਰੀ ਅਰੋੜਾ ਨੇ ਪੰਜਾਬ ਭਰ ਵਿੱਚੋਂ ਪੌਣੇ ਦੋ ਸੌ ਦੇ ਕਰੀਬ ਕਿਸਾਨਾਂ ਦੀਆਂ ਗ੍ਰਿਫ਼ਤਾਰੀਆਂ ਦੀ ਪੁਸ਼ਟੀ ਕੀਤੀ ਹੈ। ਇਥੇ 600 ਮਹਿਲਾ ਪੁਲੀਸ ਮੁਲਾਜ਼ਮ ਇਥੇ ਪੁੱਜ ਗਈਆਂ, ਜਿਨ੍ਹਾਂ ਨਾਲ ਮੀਟਿੰਗ ਦੌਰਾਨ ਐਸਪੀ ਸਿਟੀ ਕੇਸਰ ਸਿੰਘ ਧਾਲੀਵਾਲ ਨੇ ਉਨ੍ਹਾਂ ਨੂੰ ਡਿਊਟੀਆਂ ਸੌਂਪੀਆਂ।