ਨਕੋਦਰ ਕਾਂਡ ਦੇ ਸ਼ਹੀਦਾਂ ਦੀ 31ਵੀਂ ਬਰਸੀ 4 ਅਤੇ 5 ਫਰਵਰੀ ਨੂੰ ਗੁਰਦੁਆਰਾ ਸਾਹਿਬ ਮਿਲਪੀਟਸ ਤੇ ਫਰੀਮੌਂਟ ਵਿਖੇ ਮਨਾਈ ਜਾਵੇਗੀ

ਨਕੋਦਰ ਕਾਂਡ ਦੇ ਸ਼ਹੀਦਾਂ ਦੀ 31ਵੀਂ ਬਰਸੀ 4 ਅਤੇ 5 ਫਰਵਰੀ ਨੂੰ ਗੁਰਦੁਆਰਾ ਸਾਹਿਬ ਮਿਲਪੀਟਸ ਤੇ ਫਰੀਮੌਂਟ ਵਿਖੇ ਮਨਾਈ ਜਾਵੇਗੀ

ਚੌਹਾਂ ਸ਼ਹੀਦਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਲਾਉਣ ਦੀ ਮੰਗ
ਸੈਨਹੋਜ਼ੇ/ਤਰਲੋਚਨ ਸਿੰਘ ਦੁਪਾਲਪੁਰ:
ਨਕੋਦਰ ਗੋਲੀ ਕਾਂਡ ਦੇ ਸ਼ਹੀਦਾਂ ਭਾਈ ਰਵਿੰਦਰ ਸਿੰਘ ਲਿੱਤਰਾਂ, ਭਾਈ ਹਰਮਿੰਦਰ ਸਿੰਘ ਸ਼ਾਮ ਚੁਰਾਸੀ, ਭਾਈ ਬਲਧੀਰ ਸਿੰਘ ਫੌਜੀ ਰਾਮਗੜ੍ਹ ਅਤੇ ਭਾਈ ਝਲਮਣ ਸਿੰਘ ਰਾਜੋਵਾਲ ਗੋਰਸੀਆਂ ਦੀ 31ਵੀਂ ਬਰਸੀ ਦੇ ਸਬੰਧ ਵਿਚ ਮਿਲਪੀਟਸ ਅਤੇ ਫਰੀਮੌਂਟ ਦੇ ਗੁਰਦੁਆਰਾ ਸਾਹਿਬਾਨ ਵਿਚ ਕ੍ਰਮਵਾਰ 4 ਤੇ 5 ਫਰਵਰੀ ਨੂੰ ਵਿਸ਼ੇਸ਼ ਸਮਾਗਮ ਕੀਤੇ ਜਾਣਗੇ।
ਵਰਨਣਯੋਗ ਹੈ ਕਿ 4 ਫਰਵਰੀ 1986 ਵਾਲੇ ਦਿਨ ਨਕੋਦਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਾਣ ਸਨਮਾਨ ਹਿੱਤ ਇਕੱਠੀ ਹੋਈ ਪੁਰ ਅਮਨ ਸੰਗਤ ‘ਤੇ ਪੁਲਿਸ ਵੱਲੋਂ ਚਲਾਈ ਗੋਲੀ ਨਾਲ ਉਕਤ ਚਾਰ ਨੌਜਵਾਨ ਸਿੰਘ ਸ਼ਹੀਦ ਹੋ ਗਏ ਸਨ।
ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 4 ਫਰਵਰੀ ਸ਼ਨਿਚਰਵਾਰ ਨੂੰ ਸ਼ਾਮੀ 4:00 ਵਜੇ ਤੋਂ 6:00 ਵਜੇ ਤੱਕ ਗੁਰਦੁਆਰਾ ਸਿੰਘ ਸਭਾ ਬੇ-ਏਰੀਆ , 680 ਈਸਟ ਕੈਲਾਵੇਰਸ ਬੁਲੇਵਾਰਡ, ਮਿਲਪੀਟਸ ਵਿਖੇ ਵਿਸ਼ੇਸ਼ ਦੀਵਾਨ ਸਜਾਏ ਜਾ ਰਹੇ ਹਨ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹਾਲ ਵਿੱਚ ”ਸ਼੍ਰੀ ਗੁਰੂ ਗਰੰਥ ਸਾਹਿਬ ਦੇ ਬੇਅਦਬੀ ਅਤੇ ਸਿੱਖ ਪ੍ਰਤੀਕਰਮ ”1986 -2017”  ਵਿਸ਼ੇ ਉੱਤੇ ਇੱਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਜਿਸ ਦੇ ਮੁੱਖ ਬੁਲਾਰੇ ਡਾ. ਅਮਰਜੀਤ ਸਿੰਘ ਵਾਸ਼ਿੰਗਟਨ ਡੀ ਸੀ (ਟੀ ਵੀ 84) ਅਤੇ ਡਾ. ਹਰਿੰਦਰ ਸਿੰਘ (ਸਟੈਨਫੋਰਡ ਯੂਨੀਵਰਸਿਟੀ) ਹੋਣਗੇ।
ਇਸੇ ਤਰ੍ਹਾਂ ਦਾ ਸਮਾਗਮ ਦੂਜੇ ਦਿਨ 5 ਫਰਵਰੀ ਐਤਵਾਰ ਨੂੰ ਗੁਰਦੁਆਰਾ ਫਰੀਮੌਂਟ ਵਿਖੇ ਵੀ ਹੋਵੇਗਾ।
ਅਮਰੀਕਾ ਸਥਿਤ ਲਗਭਗ ਪੰਜਾਹ ਗੁਰਦੁਆਰਾ ਪ੍ਰਬੰਧਕਾਂ ਦੇ ਨੁਮਾਇੰਦਿਆਂ ਦੇ ਅਧਾਰਤ ਬਣੀ ਹੋਈ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਬਿਆਨ ਵਿਚ ਦਸਿਆ ਗਿਆ ਹੈ ਕਿ ਉਕਤ ਚੌਹਾਂ ਸ਼ਹੀਦਾਂ ਦੀਆਂ ਤਸਵੀਰਾਂ ਸ੍ਰੀ ਅੰਮ੍ਰਿਤਸਰ ਸਥਿਤ ਕੇਂਦਰੀ ਸਿੱਖ ਅਜ਼ਾਇਬ ਘਰ ਵਿਖੇ ਸੁਸ਼ੋਭਿਤ ਕਰਨ ਲਈ ਜਥੇਬੰਦੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਖਤ ਲਿਖਿਆ ਗਿਆ ਹੈ। ਜਿਸ ਵਿਚ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਅਮਰੀਕਾ ਕੈਨੇਡਾ ਦੇ ਕਈ ਗੁਰਦੁਆਰਿਆਂ ਵਿਚ ਇਨ੍ਹਾਂ ਸ਼ਹੀਦਾਂ ਦੀਆਂ ਤਸਵੀਰਾਂ ਪਹਿਲੋਂ ਹੀ ਲਗਾਈਆਂ ਜਾਂ ਚੁੱਕੀਆਂ ਹਨ। ਬੀਤੇ ਹਫਤੇ ਸਟਾਕਟਨ ਦੇ ਇਤਿਹਾਸਿਕ ਗੁਰਦੁਆਰੇ ਵਿਖੇ ਸਾਹਿਤਕ ਸਖਸ਼ੀਅਤ ਡਾ. ਨਿਰੰਜਣ ਸਿੰਘ ਢੇਸੀ ਅਤੇ ਡਾ. ਅਮਰਜੀਤ ਸਿੰਘ ਦੇ ਮਿਲਵੇਂ ਉੱਦਮ ਸਦਕਾ, ਉਕਤ ਸ਼ਹੀਦਾਂ ਦੀਆਂ ਤਸਵੀਰਾਂ ਲਗਾ ਦਿੱਤੀਆਂ ਗਈਆਂ। ਇਸੇ ਤਰ੍ਹਾਂ 5 ਫਰਵਰੀ ਨੂੰ ਇਹ ਤਸਵੀਰਾਂ ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ ਲਗਾਈਆਂ ਜਾਣਗੀਆਂ। ਪ੍ਰਬੰਧਕਾਂ ਨੇ ਹੋਰ ਦਸਿਆ ਕਿ ਦੋਹਾਂ ਦਿਨਾਂ ਦੇ ਉਪਰੋਕਤ ਸਮਾਗਮਾਂ ਦਾ ਸਿੱਧਾ ਪ੍ਰਸਾਰਣ ‘ਟੀ ਵੀ ਏਟੀ ਫੋਰ’ ਚੈਨਲ ਵੱਲੋਂ ਟੈਲੀਕਾਸਟ ਕੀਤਾ ਜਾਵੇਗਾ।

ਸਾਕਾ ਨਕੋਦਰ ਦੇ ਸ਼ਹੀਦਾਂ ਦੀ ਯਾਦ ‘ਚ 
ਸ਼ਹੀਦੀ ਕਾਨਫਰੰਸ 5 ਫਰਵਰੀ ਨੂੰ
ਫਰੀਮੌਂਟ/ਬਿਊਰੋ ਨਿਊਜ਼:
ਗੁਰਦੁਆਰਾ ਸਾਹਿਬ ਫਰੀਮੌਂਟ ਦੇ ਸੇਵਾਦਾਰਾਂ ਅਤੇ ਸੰਗਤ ਵਲੋਂ ਸਾਕਾ ਨਕੋਦਰ ਦੇ ਚਾਰਾਂ ਸ਼ਹੀਦਾਂ ਦੀ ਪਾਵਨ ਯਾਦ ਵਿੱਚ 31ਵੇਂ ਸ਼ਹੀਦੀ ਦਿਵਸ ਮੌਕੇ 5 ਫਰਵਰੀ 2017 ਐਤਵਾਰ ਨੂੰ ਸਵੇਰੇ 10:00 ਵਜੇ  ਸ਼ਹੀਦੀ ਕਾਨਫਰੰਸ ਕੀਤੀ ਜਾ ਰਹੀ ਹੈ। ਪ੍ਰਬੰਧਕਾਂ ਵਲੋਂ ਸਮੂਹ ਸਾਧ ਸੰਗਤ ਨੂੰ ਬੇਨਤੀ ਹੈ ਕਿ ਇਸ ਸ਼ਹੀਦੀ ਸਮਾਗਮ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਕੇ ਇਨ੍ਹਾਂ ਸੂਰਬੀਰ ਯੋਧਿਆਂ ਨੂੰ ਜਿਨ੍ਹਾਂ ਗੁਰੂ ਗਰੰਥ ਸਾਹਿਬ ਦੇ ਅਦਬ ਸਤਿਕਾਰ ਲਈ ਆਪਾ ਵਾਰਣ ਵਾਲਿਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਪਰਿਵਾਰਾਂ ਸਮੇਤ ਪਹੁੰਚੋ।