ਪੰਜ ਪਿਆਰਿਆਂ ਨੇ ਸਰਬੱਤ ਖ਼ਾਲਸਾ ਦੇ ਵਿਧੀ-ਵਿਧਾਨ ਲਈ 18 ਨੂੰ ਮੀਟਿੰਗ ਸੱਦੀ

ਪੰਜ ਪਿਆਰਿਆਂ ਨੇ ਸਰਬੱਤ ਖ਼ਾਲਸਾ ਦੇ ਵਿਧੀ-ਵਿਧਾਨ ਲਈ 18 ਨੂੰ ਮੀਟਿੰਗ ਸੱਦੀ

ਚੰਡੀਗੜ੍ਹ/ਬਿਊਰੋ ਨਿਊਜ਼ :
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫ਼ਾਰਗ ਕੀਤੇ ਗਏ ਪੰਜ ਪਿਆਰਿਆਂ ਨੇ 10 ਨਵੰਬਰ ਨੂੰ ਸੱਦੇ ਸਰਬੱਤ ਖ਼ਾਲਸਾ ਲਈ ਵਿਧੀ-ਵਿਧਾਨ ਨੂੰ ਅੰਤਿਮ ਰੂਪ ਦੇਣ ਲਈ ਸਿੱਖ ਜਥੇਬੰਦੀਆਂ ਦੀ 18 ਅਕਤੂਬਰ ਨੂੰ ਮੀਟਿੰਗ ਸੱਦੀ ਹੈ। ਪੰਜ ਪਿਆਰਿਆਂ ਵਿਚੋਂ ਚਾਰ ਸਤਨਾਮ ਸਿੰਘ ਕੰਡਾ, ਮੰਗਲ ਸਿੰਘ, ਸਤਨਾਮ ਸਿੰਘ ਅਤੇ ਤਰਲੋਕ ਸਿੰਘ ਨੇ ਇੱਥੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਇਸ ਮੀਟਿੰਗ ਵਿੱਚ ਉਹ ਸਰਬੱਤ ਖ਼ਾਲਸਾ ਬਾਰੇ ਵਿਧੀ-ਵਿਧਾਨ ‘ਤੇ ਚਰਚਾ ਕਰਨ ਉਪਰੰਤ ਇਸ ਨੂੰ ਅੰਤਿਮ ਰੂਪ ਦੇਣਗੇ। ਸਰਬੱਤ ਖ਼ਾਲਸਾ ਵੱਲੋਂ ਜਥੇਦਾਰ ਥਾਪੇ ਗਏ ਭਾਈ ਜਗਤਾਰ ਸਿੰਘ ਹਵਾਰਾ ਦੇ ਬੁਲਾਰੇ ਵਕੀਲ ਅਮਰ ਸਿੰਘ ਚਾਹਲ ਵੀ ਪ੍ਰੈਸ ਕਾਨਫਰੰਸ ਵਿੱਚ ਮੌਜੂਦ ਸਨ।
ਪੰਜ ਪਿਆਰਿਆਂ ਨੇ ਕਿਹਾ ਕਿ 18 ਅਕਤੂਬਰ ਦੀ ਮੀਟਿੰਗ ਵਿੱਚ ਸਿੱਖਾਂ ਦੀਆਂ ਸਮੂਹ ਜਥੇਬੰਦੀਆਂ ਨੂੰ ਸੱਦਿਆ ਜਾ ਰਿਹਾ ਹੈ, ਜਿਸ ਵਿੱਚ ਸਰਬੱਤ ਖ਼ਾਲਸਾ ਵੱਲੋਂ ਥਾਪੇ ਵੱਖ-ਵੱਖ ਤਖ਼ਤਾਂ ਦੇ ਜਥੇਦਾਰਾਂ ਨੂੰ ਵੀ ਸੱਦਿਆ ਹੈ। ਉਨ੍ਹਾਂ ਕਿਹਾ ਕਿ 18 ਅਕਤੂਬਰ ਦੀ ਮੀਟਿੰਗ ਵਿੱਚ ਇਸ ਸਮੁੱਚੇ ਕਾਰਜ ਲਈ ਇੱਕ ਕਮੇਟੀ ਬਣਾ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਭਾਈ ਹਵਾਰਾ ਵੱਲੋਂ ਤਿਹਾੜ ਜੇਲ੍ਹ ਵਿਚੋਂ ਭੇਜੇ ਪੱਤਰ ਵਿੱਚ ਆਦੇਸ਼ ਦਿੱਤੇ ਗਏ ਸਨ ਕਿ ਸਰਬੱਤ ਖ਼ਾਲਸਾ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਕੀਤਾ ਜਾਵੇ। ਇਸ ਤੋਂ ਬਾਅਦ ਸਰਬੱਤ ਖ਼ਾਲਸਾ ਨਾਲ ਜੁੜੀਆਂ ਧਿਰਾਂ ਵਿੱਚ ਕਾਫੀ ਸ਼ੰਕੇ ਪੈਦਾ ਹੋ ਗਏ ਹਨ। ਸਰਬੱਤ ਖ਼ਾਲਸਾ ਸੱਦਣ ਵਾਲੀ ਪ੍ਰਮੁੱਖ ਧਿਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਸਰਬੱਤ ਖ਼ਾਲਸਾ ਜਥੇਦਾਰਾਂ ਦੀ ਅਗਵਾਈ ਹੇਠ ਹੀ ਹੋਵੇਗਾ ਕਿਉਂਕਿ ਪੰਜ ਪਿਆਰੇ ਆਰਜ਼ੀ ਪ੍ਰਬੰਧ ਵਜੋਂ ਬਣਾਏ ਜਾਂਦੇ ਹਨ। ਇਸ ਕਾਰਨ 18 ਅਕਤੂਬਰ ਵਾਲੀ ਮੀਟਿੰਗ ਕਾਫੀ ਅਹਿਮ ਮੰਨੀ ਜਾਂਦੀ ਹੈ।