ਭਾਰਤੀ ਸਿੱਖ ਭਾਈਚਾਰੇ ਦੀ ਮੰਗ ‘ਤੇ 178 ਸਾਲਾਂ ਬਾਅਦ ਸ਼ੇਰ-ਏ-ਪੰਜਾਬ ਦੀ ਸਮਾਧ ਲਾਗਿਓਂ ਹਟਾਈਆਂ ਸਮਾਧਾਂ

ਭਾਰਤੀ ਸਿੱਖ ਭਾਈਚਾਰੇ ਦੀ ਮੰਗ ‘ਤੇ 178 ਸਾਲਾਂ ਬਾਅਦ ਸ਼ੇਰ-ਏ-ਪੰਜਾਬ ਦੀ ਸਮਾਧ ਲਾਗਿਓਂ ਹਟਾਈਆਂ ਸਮਾਧਾਂ

ਸਮਾਧਾਂ ਨੂੰ ਲਾਹੌਰ ਸ਼ਾਹੀ ਕਿਲ੍ਹੇ ਵਿਚ ਮੌਜੂਦ ਸਿੱਖ ਗੈਲਰੀ ਵਿਚ ਪ੍ਰਦਰਸ਼ਨੀ ਹਿਤ ਸ਼ਾਮਲ ਕੀਤਾ ਜਾਵੇਗਾ

shere-punjab-smadh
ਲਾਹੌਰ/ਬਿਊਰੋ ਨਿਊਜ਼ :
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਸਤੀ ਹੋਣ ਵਾਲੀਆਂ ਰਾਣੀਆਂ ਦਾਸੀਆਂ, ਕਬੂਤਰਾਂ ਦੇ ਜੋੜੇ ਦੀਆਂ ਸਮਾਧਾਂ 178 ਸਾਲ ਪੁਰਾਣੀ ਥਾਂ ਤੋਂ ਹਟਾ ਦਿੱਤੀਆਂ ਗਈਆਂ ਹਨ। ਇਹ ਸਮਾਧਾਂ ਹੁਣ ਪ੍ਰਦਰਸ਼ਨੀ ਲਈ ਲਾਹੌਰ ਸ਼ਾਹੀ ਕਿਲੇ ਦੀ ਸਿੱਖ ਗੈਲਰੀ ਵਿਚ ਰੱਖ ਦਿੱਤੀਆਂ ਜਾਣਗੀਆਂ। ਦਾ ਲੰਬੀ ਚੱਲੀ ਬਿਮਾਰੀ ਦੇ ਬਾਅਦ ਦਿਹਾਂਤ ਹੋਣ ‘ਤੇ ਅਗਲੇ ਦਿਨ ਉਨ੍ਹਾਂ ਦਾ ਸਸਕਾਰ ਲਾਹੌਰ ਸ਼ਾਹੀ ਕਿਲ੍ਹੇ ਦੇ ਸਾਹਮਣੇ ਮੌਜੂਦ ਗੁਰਦੁਆਰਾ ਡੇਹਰਾ ਸਾਹਿਬ ਨੇੜੇ ਕੀਤਾ ਗਿਆ। ਦੱਸਿਆ ਜਾਂਦਾ ਹੈ ਕਿ ਮਹਾਰਾਜਾ ਦਾ ਸੋਨੇ ਦਾ ਬਣਿਆ ਬਿਬਾਣ ਬੜੀ ਸ਼ਾਨੋ-ਸ਼ੌਕਤ ਨਾਲ ਸ਼ਾਹੀ ਕਿਲ੍ਹੇ ਦੇ ਸਾਹਮਣੇ ਮੌਜੂਦ ਹਜ਼ੂਰੀ ਬਾਗ਼ ਦੇ ਪੱਛਮੀ ਦਰਵਾਜ਼ੇ ਰਾਹੀਂ ਦਰਿਆ ਰਾਵੀ ਦੇ ਕੰਢੇ ਮੌਜੂਦਾ ਸਮਾਧ ਵਾਲੇ ਸਥਾਨ ‘ਤੇ ਲਿਜਾਇਆ ਗਿਆ, ਜਿੱਥੇ ਚੰਦਨ ਦੀ ਚਿਤਾ ‘ਤੇ ਮਹਾਰਾਜਾ ਦੀ ਦੇਹ ਦੇ ਸਿਰਹਾਣੇ ਰਾਣੀ ਹਰਿਦਈ (ਰਾਣੀ ਗੁੱਡਾ), ਰਾਣੀ ਰਾਜ ਦੇਵੀ, ਰਾਣੀ ਦੇਵਨੁ ਤੇ ਰਾਣੀ ਮਹਿਤਾਬ ਦੇਵੀ ਸਹਿਤ ਸੱਤ ਦਾਸੀਆਂ, ਰੇਣ ਚੰਨੋ ਜਮਾਦਾਰਨੀ, ਬਦਾਮੋਂ, ਸੂਬੀ, ਚੰਨੋ, ਜੋਵਾਹਰੋ, ਨਾਮੋ ਕਾਲੀ ਅਤੇ ਭਾਨੀ ਬੈਠ ਗਈਆਂ। ਸਹਿਜ਼ਾਦਾ ਖੜਕ ਸਿੰਘ ਵਲੋਂ ਲਾਂਬੂ ਲਾਏ ਜਾਣ ‘ਤੇ ਜਦੋਂ ਚਿਤਾ ਉੱਪਰ ਘਿਓ, ਸੁਗੰਧੀਆਂ, ਇਤਰ ਫੁਲੇਲ ਛਿੜਕੇ ਗਏ ਤਾਂ ਉਸ ਨਾਲ ਅੱਗ ਦੇ ਲਾਂਬੂ ਅਸਮਾਨ ਨੂੰ ਛੂਹਣ ਲੱਗੇ। ਲਾਂਬੂ ਇੰਨੇ ਉੱਚੇ ਸਨ ਕਿ ਇਕ ਉੱਡਦਾ ਹੋਇਆ ਕਬੂਤਰਾਂ ਦਾ ਜੋੜਾ ਵੀ ਉਸ ਦੀ ਲਪੇਟ ਵਿਚ ਆ ਗਿਆ ਅਤੇ ਮਹਾਰਾਜਾ ਦੀ ਚਿਤਾ ਦੀ ਅੱਗ ਵਿਚ ਭਸਮ ਹੋ ਗਿਆ। ਸਹਿਜ਼ਾਦਾ ਖੜਕ ਸਿੰਘ ਨੇ ਮਹਾਰਾਜਾ ਬਣਨ ਤੋਂ ਬਾਅਦ ਉਪਰੋਕਤ ਸਸਕਾਰ ਵਾਲੇ ਸਥਾਨ ‘ਤੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਸਹਿਤ ਉਨ੍ਹਾਂ ਨਾਲ ਸਤੀ ਹੋਣ ਵਾਲੀਆਂ ਰਾਣੀਆਂ ਤੇ ਕਬੂਤਰਾਂ ਦੇ ਜੋੜੇ ਦੀ ਸਮਾਧ ਦੇ ਨਿਰਮਾਣ ਦਾ ਕੰਮ ਸ਼ੁਰੂ ਕਰਵਾਇਆ ਪਰ ਖੜਕ ਸਿੰਘ ਦਾ ਜਲਦੀ ਬਾਅਦ ਦਿਹਾਂਤ ਹੋਣ ‘ਤੇ ਉਸਾਰੀ ਦਾ ਬਾਕੀ ਰਹਿੰਦਾ ਕੁਝ ਕੰਮ ਮਹਾਰਾਜਾ ਸ਼ੇਰ ਸਿੰਘ ਤੇ ਬਾਕੀ ਅੰਗਰੇਜ਼ੀ ਸ਼ਾਸਨ ਦੇ ਸਮੇਂ ਮੁਕੰਮਲ ਕਰਵਾਇਆ ਗਿਆ। ਉਪਰੋਕਤ ਰਾਣੀਆਂ ਦੀਆਂ ਸਮਾਧਾਂ ਕਮਲ ਦੇ ਫ਼ੁੱਲ ਦੇ ਡਿਜ਼ਾਈਨ ਵਾਲੀਆਂ ਤੇ ਦਾਸੀਆਂ ਤੇ ਕਬੂਤਰਾਂ ਦੇ ਜੋੜੇ ਦੀ ਸਮਾਧ ਸਫ਼ੈਦ ਸੰਗਮਰਮਰ ਨਾਲ ਗੁਲਾਈ ਵਿਚ ਬਣਾਈਆਂ ਗਈਆਂ ਹਨ। ਸ਼ਾਹੀ ਕਿਲ੍ਹੇ ਦੇ ਰੌਸ਼ਨਾਈ ਦਰਵਾਜ਼ੇ ਦੇ ਬਾਹਰ ਬਾਦਸ਼ਾਹੀ ਮਸੀਤ ਦੀ ਪੂਰਬੀ ਕੰਧ ਵਲ ਹਿੰਦੂ ਮੁਸਲਿਮ ਆਰਕੀਟੈਕਚਰ ਦੀ ਸੁਮੇਲ ਮਹਾਰਾਜਾ ਰਣਜੀਤ ਸਿੰਘ ਦੀ ਉਪਰੋਕਤ ਦੋ ਮੰਜ਼ਿਲਾਂ ਸਮਾਧ ਦੇ ਪਾਸ ਹੀ ਮਹਾਰਾਜਾ ਦੇ ਨਾਲ ਸਤੀ ਹੋਣ ਵਾਲੀਆਂ ਰਾਣੀਆਂ, ਦਾਸੀਆਂ ਤੇ ਕਬੂਤਰਾਂ ਦੇ ਜੋੜੇ ਦੀ ਸਮਾਧਾਂ ਕਰੀਬ 178 ਵਰ੍ਹੇ ਤਕ ਪੁਰਾਣੀ ਹਾਲਤ ਵਿਚ ਕਾਇਮ ਰਹੀਆਂ ਪਰ ਹੁਣ ਇਹ ਸਮਾਧਾਂ ਉੱਥੋਂ ਉਖਾੜ ਕੇ ਸਮਾਧ ਦੇ ਹੇਠਾਂ ਬਣੇ ਸਟੋਰ ਵਿਚ ਰੱਖ ਦਿੱਤੀਆਂ ਗਈਆਂ ਹਨ। ਪਾਕਿਸਤਾਨ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਪਰੋਕਤ ਸਮਾਧਾਂ ਦੇ ਪਾਸ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਵਾਲੇ ਸਥਾਨ ‘ਤੇ ਮਹਾਰਾਜੇ ਦੀ ਬਰਸੀ ਮੌਕੇ ਰੱਖੇ ਜਾਣ ਵਾਲੇ ਸ੍ਰੀ ਅਖੰਡ ਪਾਠ ਸਾਹਿਬ ‘ਤੇ ਭਾਰਤੀ ਸਿੱਖ ਸੰਗਤ ਵੱਲੋਂ ਇਤਰਾਜ਼ ਜ਼ਾਹਰ ਕਰਦਿਆਂ ਉਪਰੋਕਤ ਸਮਾਧਾਂ ਨੂੰ ਉੱਥੋਂ ਹਟਾਉਣ ਦੀ ਮੰਗ ਕੀਤੀ ਜਾਂਦੀ ਰਹੀ ਹੈ ਜਿਸ ਕਾਰਨ ਉਪਰੋਕਤ ਸਮਾਧਾਂ ਨੂੰ ਉੱਥੋਂ ਹਟਾਇਆ ਗਿਆ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਹੁਣ ਉਪਰੋਕਤ ਸਮਾਧਾਂ ਨੂੰ ਲਾਹੌਰ ਸ਼ਾਹੀ ਕਿਲ੍ਹੇ ਵਿਚ ਮੌਜੂਦ ਸਿੱਖ ਗੈਲਰੀ ਵਿਚ ਪ੍ਰਦਰਸ਼ਨੀ ਹਿਤ ਸ਼ਾਮਲ ਕੀਤਾ ਜਾਵੇਗਾ।
ਸ਼ੇਰ-ਏ-ਪੰਜਾਬ ਦੀ ਸਮਾਧ ‘ਤੇ ਬਣੇ ਕੰਧ ਚਿੱਤਰ ਅੱਜ ਵੀ ਮੌਜੂਦ
ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਦੇ ਮੁੱਖ ਦਰਵਾਜ਼ੇ ‘ਤੇ ਗਣੇਸ਼ ਜੀ, ਲਕਸ਼ਮੀ ਜੀ ਤੇ ਦੇਵੀ ਸਰਸਵਤੀ ਦੀਆਂ ਮੂਰਤੀਆਂ ਉੱਕਰੀਆਂ ਹੋਈਆ ਹਨ ਅਤੇ ਅੰਦਰ ਦੀਵਾਰਾਂ ‘ਤੇ ਸ਼ੀਸ਼ੇ ਦੀ ਖ਼ੂਬਸੂਰਤ ਮੀਨਾਕਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ ਸਮਾਧ ਦੀ ਓਪਰੀ ਮੰਜ਼ਿਲ ਵਿਚ ਦੀਵਾਰਾਂ ‘ਤੇ ਬਣੇ 24 ਤੇਲ ਚਿੱਤਰਾਂ ਵਿਚੋਂ 16 ਕਿਝਸ਼ਨ ਲੀਲ੍ਹਾ ਦੇ, ਦੋ ਰਾਮ ਦਰਬਾਰ, ਪੰਜ ਮੁਗ਼ਲ ਦਰਬਾਰ ਦੇ ਅਤੇ ਇਕ ਵੈਸ਼ਨੋ ਦੇਵੀ ਦਾ ਅੱਜ ਵੀ ਮੌਜੂਦ ਹਨ ਤੇ ਪਾਕਿ ਪੁਰਾਤਤਵ ਵਿਭਾਗ ਵੱਲੋਂ ਉਨ੍ਹਾਂ ਦੀ ਮੁਰੰਮਤ ਕਰਵਾਈ ਗਈ ਹੈ, ਜਦੋਂ ਕਿ ਸਮਾਧ ਦੀ ਹੇਠਲੀ ਮੰਜ਼ਿਲ ਵਿਚ ਇਕ-ਦੋ ਚਿੱਤਰ ਹੀ ਸਾਬਤ ਬਚੇ ਹਨ।