ਅਮਰੀਕਾ ਨੂੰ 797 ਕਰੋੜ ਰੁਪਏ ਦਾ ਵੱਡਾ ਝਟਕਾ
ਵਾਸ਼ਿੰਗਟਨ/ਏ.ਟੀ.ਨਿਊਜ਼: ਦੁਨੀਆ ਦੀ ਸਭ ਤੋਂ ਤਾਕਤਵਰ ਫ਼ੌਜ ਕਹਾਉਣ ਵਾਲੇ ਅਮਰੀਕਾ ਦੇ ਰੱਖਿਆ ਵਿਭਾਗ (ਪੈਂਟਾਗਨ) ਦੀ ਕਾਰਗੁਜ਼ਾਰੀ ’ਤੇ ਵੱਡੇ ਸਵਾਲ ਖੜ੍ਹੇ ਹੋ ਗਏ ਹਨ। ਅਮਰੀਕਾ ਦੇ ਸਭ ਤੋਂ ਆਧੁਨਿਕ ਅਤੇ ਪੰਜਵੀਂ ਪੀੜ੍ਹੀ ਦੇ ਸਟੀਲਥ ਲੜਾਕੂ ਜਹਾਜ਼ 6-35 ਲਾਈਟਨਿੰਗ-2 ਦੇ 10 ਲੱਖ ਤੋਂ ਵੱਧ ਸਪੇਅਰ ਪਾਰਟਸ (ਪੁਰਜ਼ੇ) ਗਾਇਬ ਹੋ ਗਏ ਹਨ। ਇਨ੍ਹਾਂ ਲਾਪਤਾ ਪੁਰਜ਼ਿਆਂ ਦੀ ਕੀਮਤ ਕਰੀਬ 85 ਮਿਲੀਅਨ ਡਾਲਰ ਦੱਸੀ ਜਾ ਰਹੀ ਹੈ, ਜੋ ਭਾਰਤੀ ਕਰੰਸੀ ਮੁਤਾਬਕ ਲਗਭਗ 797 ਕਰੋੜ ਰੁਪਏ ਬਣਦੀ ਹੈ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਅਮਰੀਕੀ ਰੱਖਿਆ ਵਿਭਾਗ ਕੋਲ ਇਨ੍ਹਾਂ ਪੁਰਜ਼ਿਆਂ ਦਾ ਕੋਈ ਪੱਕਾ ਹਿਸਾਬ-ਕਿਤਾਬ ਨਹੀਂ ਹੈ।
ਸਰਕਾਰੀ ਰਿਪੋਰਟ ਵਿੱਚ ਹੋਇਆ ਵੱਡਾ ਖੁਲਾਸਾ
ਅਮਰੀਕਾ ਦੀ ਸਰਕਾਰੀ ਨਿਗਰਾਨ ਸੰਸਥਾ ‘ਗਵਰਨਮੈਂਟ ਅਕਾਊਂਟੇਬਿਲਟੀ ਆਫਿਸ’ ਦੀ ਤਾਜ਼ਾ ਰਿਪੋਰਟ ਵਿੱਚ ਇਹ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ ਹੈ। ਰਿਪੋਰਟ ਮੁਤਾਬਕ ਕਰੀਬ 31 ਅਰਬ ਡਾਲਰ ਦੇ ਵਿਸ਼ਵਵਿਆਪੀ ਸਾਮਾਨ ਦੇ ਪ੍ਰਬੰਧਨ ਵਿੱਚ ਲਗਾਤਾਰ ਲਾਪਰਵਾਹੀ ਵਰਤੀ ਜਾ ਰਹੀ ਹੈ। ਪੈਂਟਾਗਨ ਦੇ ਐਫ਼-35 ਜੁਆਇੰਟ ਪ੍ਰੋਗਰਾਮ ਆਫਿਸ ਨੂੰ ਅਜੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਇਹ ਪੁਰਜ਼ੇ ਕਿੱਥੇ ਗਏ ਹਨ। ਇਹ ਪੁਰਜ਼ੇ ਕਈ ਸਾਲਾਂ ਤੋਂ ਲਾਪਤਾ ਹਨ ਅਤੇ ਮਾਰਚ 2026 ਤੱਕ ਵੀ ਇਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਇਨ੍ਹਾਂ ਗਾਇਬ ਹੋਏ ਪੁਰਜ਼ਿਆਂ ਵਿੱਚ ਜਹਾਜ਼ ਦੇ ਇੰਜਣ ਅਤੇ ਟਾਇਰਾਂ ਵਰਗੇ ਵੱਡੇ ਹਿੱਸਿਆਂ ਤੋਂ ਲੈ ਕੇ ਨਟ-ਬੋਲਟ ਅਤੇ ਪੇਚ ਵਰਗੀਆਂ ਛੋਟੀਆਂ ਚੀਜ਼ਾਂ ਤੱਕ ਸ਼ਾਮਲ ਹਨ।
ਜਹਾਜ਼ਾਂ ਦੀ ਉਡਾਣ ਅਤੇ ਰੱਖ-ਰਖਾਅ ’ਤੇ ਪਿਆ ਮਾੜਾ ਅਸਰ
ਸਪੇਅਰ ਪਾਰਟਸ ਦੀ ਇਸ ਭਾਰੀ ਕਮੀ ਦਾ ਸਿੱਧਾ ਅਸਰ ਐਫ਼-35 ਜਹਾਜ਼ਾਂ ਦੇ ਬੇੜੇ ’ਤੇ ਪੈ ਰਿਹਾ ਹੈ। ਪੈਂਟਾਗਨ ਦੀਆਂ ਰਿਪੋਰਟਾਂ ਵਿੱਚ ਇਹ ਗੱਲ ਮੰਨੀ ਗਈ ਹੈ ਕਿ ਇਨ੍ਹਾਂ ਜਹਾਜ਼ਾਂ ਦੀ ਭਰੋਸੇਯੋਗਤਾ ਘੱਟ ਹੈ ਅਤੇ ਇਨ੍ਹਾਂ ਨੂੰ ਉਡਾਉਣ ਦਾ ਖਰਚਾ ਬਹੁਤ ਜ਼ਿਆਦਾ ਹੈ। ਰੱਖਿਆ ਵਿਭਾਗ ਦੀ ਇੱਕ ਹੋਰ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਇਨ੍ਹਾਂ ਜਹਾਜ਼ਾਂ ਦੀ ਉਪਲਬਧਤਾ ਦਰ ਸਿਰਫ਼ 50 ਫ਼ੀਸਦੀ ਰਹਿ ਗਈ ਹੈ। ਇਸ ਦਾ ਮਤਲਬ ਹੈ ਕਿ ਅੱਧੇ ਸਮੇਂ ਤੱਕ ਇਹ ਜਹਾਜ਼ ਉਡਾਣ ਭਰਨ ਦੇ ਯੋਗ ਹੀ ਨਹੀਂ ਹੁੰਦੇ। ਐਫ਼-35 ਦੇ ਐਫ਼-135 ਇੰਜਣ ਵਿੱਚ ਆ ਰਹੀਆਂ ਤਕਨੀਕੀ ਸਮੱਸਿਆਵਾਂ ਅਤੇ ਪੁਰਜ਼ਿਆਂ ਦੀ ਘਾਟ ਕਾਰਨ ਅਮਰੀਕੀ ਹਵਾਈ ਸੈਨਾ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ।
ਕੰਪਨੀ ਦੀ ਜਵਾਬਦੇਹੀ ’ਤੇ ਵੀ ਉੱਠੇ ਸਵਾਲ
ਇਸ ਲਾਪਰਵਾਹੀ ਲਈ ਜਹਾਜ਼ ਬਣਾਉਣ ਵਾਲੀ ਮੁੱਖ ਕੰਪਨੀ ‘ਲਾਕਹੀਡ ਮਾਰਟਿਨ’ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਉੱਠ ਰਹੇ ਹਨ। ਮੌਜੂਦਾ ਸਮਝੌਤੇ ਮੁਤਾਬਕ ਜਹਾਜ਼ਾਂ ਦੇ ਰੱਖ-ਰਖਾਅ ਦੀ ਜ਼ਿੰਮੇਵਾਰੀ ਕੰਪਨੀ ਦੀ ਹੈ, ਪਰ ਪੈਂਟਾਗਨ ਵੱਲੋਂ ਖਰਾਬ ਪ੍ਰਦਰਸ਼ਨ ਦੇ ਬਾਵਜੂਦ ਕੰਪਨੀ ਦੀ ਜਵਾਬਦੇਹੀ ਤੈਅ ਨਹੀਂ ਕੀਤੀ ਗਈ। ਇਹ ਮਾਮਲਾ ਸਭ ਤੋਂ ਪਹਿਲਾਂ ਮਈ 2023 ਦੀ ਜਾਂਚ ਵਿੱਚ ਸਾਹਮਣੇ ਆਇਆ ਸੀ, ਜਦੋਂ ਪਤਾ ਲੱਗਾ ਕਿ ਮਈ 2018 ਤੋਂ ਅਕਤੂਬਰ 2022 ਦਰਮਿਆਨ ਇੱਕ ਮੁੱਖ ਠੇਕੇਦਾਰ ਕੋਲੋਂ 10 ਲੱਖ ਤੋਂ ਵੱਧ ਪੁਰਜ਼ੇ ਗਾਇਬ ਹੋ ਗਏ ਸਨ। ਉਸ ਸਮੇਂ ਵੀ ਵਿਭਾਗ ਨੇ 2 ਫ਼ੀਸਦੀ ਤੋਂ ਘੱਟ ਮਾਮਲਿਆਂ ਦੀ ਹੀ ਜਾਂਚ ਕੀਤੀ ਸੀ।
ਡਿਜੀਟਲ ਰਿਕਾਰਡ ਅਤੇ ਸਪਲਾਈ ਚੇਨ ਵਿੱਚ ਵੱਡੀਆਂ ਖਾਮੀਆਂ
ਐਫ਼-35 ਪ੍ਰੋਗਰਾਮ ਤਹਿਤ ਦੁਨੀਆ ਭਰ ਦੇ 700 ਤੋਂ ਵੱਧ ਕੇਂਦਰਾਂ ਵਿੱਚ ਕਰੀਬ 2.6 ਕਰੋੜ ਪੁਰਜ਼ੇ ਮੌਜੂਦ ਹਨ, ਜਿਨ੍ਹਾਂ ਦੀ ਕੁੱਲ ਕੀਮਤ 31 ਬਿਲੀਅਨ ਡਾਲਰ ਹੈ। ਇੰਨੇ ਵੱਡੇ ਪੱਧਰ ’ਤੇ ਫੈਲੀ ਸਪਲਾਈ ਚੇਨ ਨੂੰ ਸੰਭਾਲਣ ਲਈ ਪੈਂਟਾਗਨ ਕੋਲ ਕੋਈ ਭਰੋਸੇਯੋਗ ਡਾਟਾਬੇਸ ਨਹੀਂ ਹੈ। ਸਰਕਾਰੀ ਰਿਕਾਰਡ ਵਿੱਚ ਜਾਣਕਾਰੀ ਪੁਰਾਣੀ ਅਤੇ ਅਧੂਰੀ ਹੈ।
ਜਾਂਚ ਵਿੱਚ ਇਹ ਵੀ ਪਤਾ ਲੱਗਾ ਹੈ ਕਿ ਮਾਰਚ 2026 ਤੱਕ ਮੁਰੰਮਤ ਲਈ ਭੇਜੇ ਗਏ 17,000 ਤੋਂ ਵੱਧ ਪੁਰਜ਼ੇ ਵੀ ਸਿਸਟਮ ਵਿੱਚੋਂ ਗਾਇਬ ਸਨ, ਜਿਨ੍ਹਾਂ ਦੀ ਕੀਮਤ 1.3 ਅਰਬ ਡਾਲਰ ਬਣਦੀ ਹੈ। ਜੇਕਰ ਇਨ੍ਹਾਂ ਦੀ ਖਰੀਦ ਦੇ ਹੋਰ ਖਰਚੇ ਵੀ ਜੋੜ ਲਏ ਜਾਣ ਤਾਂ ਇਹ ਨੁਕਸਾਨ 2.5 ਅਰਬ ਡਾਲਰ ਤੱਕ ਪਹੁੰਚ ਸਕਦਾ ਹੈ। ਹਾਲਾਂਕਿ ਮਾਹਿਰਾਂ ਦਾ ਮੰਨਣਾ ਹੈ ਕਿ ਹੋ ਸਕਦਾ ਹੈ ਇਹ ਪੁਰਜ਼ੇ ਚੋਰੀ ਨਾ ਹੋਏ ਹੋਣ, ਸਗੋਂ ਠੇਕੇਦਾਰਾਂ ਕੋਲ ਪਏ ਹੋਣ ਜਾਂ ਮੁਰੰਮਤ ਅਧੀਨ ਹੋਣ, ਪਰ ਰਿਕਾਰਡ ਸਹੀ ਨਾ ਹੋਣ ਕਾਰਨ ਇਨ੍ਹਾਂ ਦਾ ਪਤਾ ਨਹੀਂ ਲੱਗ ਰਿਹਾ।
ਅਮਰੀਕੀ ਹਵਾਈ ਸੈਨਾ ਲਈ ਕਿਉਂ ਅਹਿਮ ਹੈ ਐਫ਼-35?
ਅਮਰੀਕਾ ਲਈ ਇਹ ਚਿੰਤਾ ਦਾ ਵਿਸ਼ਾ ਇਸ ਲਈ ਵੀ ਵੱਡਾ ਹੈ ਕਿਉਂਕਿ ਪੱਛਮੀ ਦੇਸ਼ਾਂ ਕੋਲ ਪੰਜਵੀਂ ਪੀੜ੍ਹੀ ਦਾ ਕੋਈ ਹੋਰ ਲੜਾਕੂ ਜਹਾਜ਼ ਵੱਡੇ ਪੱਧਰ ’ਤੇ ਉਪਲਬਧ ਨਹੀਂ ਹੈ। ਸਾਲ 2035 ਤੱਕ ਅਮਰੀਕੀ ਹਵਾਈ ਸੈਨਾ ਦੇ ਕੁੱਲ ਲੜਾਕੂ ਬੇੜੇ ਵਿੱਚ ਐਫ਼-35 ਦੀ ਹਿੱਸੇਦਾਰੀ 40 ਫ਼ੀਸਦੀ ਕਰਨ ਦਾ ਟੀਚਾ ਹੈ।
ਕੀ ਹਨ ਐਫ਼-35 ਜਹਾਜ਼ ਦੀਆਂ ਖਾਸੀਅਤਾਂ?
ਲਾਕਹੀਡ ਮਾਰਟਿਨ ਵੱਲੋਂ ਬਣਾਇਆ ਗਿਆ 6-35 ਦੁਨੀਆ ਦੇ ਸਭ ਤੋਂ ਉੱਨਤ ਜਹਾਜ਼ਾਂ ਵਿੱਚੋਂ ਇੱਕ ਹੈ। ਇਸ ਦੀ ਖਾਸ ਬਣਤਰ ਅਤੇ ਰਡਾਰ ਸੋਖਣ ਵਾਲੀ ਸਮੱਗਰੀ ਕਾਰਨ ਦੁਸ਼ਮਣ ਦੇ ਰਡਾਰ ਇਸ ਨੂੰ ਆਸਾਨੀ ਨਾਲ ਨਹੀਂ ਫੜ ਸਕਦੇ। ਇਸ ਦੇ ਪਾਇਲਟ ਨੂੰ ਇੱਕ ਖਾਸ ਹੈਲਮੇਟ ਮਿਲਦਾ ਹੈ, ਜਿਸ ਰਾਹੀਂ ਉਹ ਜਹਾਜ਼ ਦੇ ਢਾਂਚੇ ਦੇ ਆਰ-ਪਾਰ ਅਤੇ ਚਾਰੇ ਪਾਸੇ 360 ਡਿਗਰੀ ਤੱਕ ਦੇਖ ਸਕਦਾ ਹੈ। ਇਹ ਜਹਾਜ਼ ਬਹੁਤ ਛੋਟੇ ਰਨਵੇਅ ਤੋਂ ਉਡਾਣ ਭਰ ਸਕਦਾ ਹੈ ਅਤੇ ਹੈਲੀਕਾਪਟਰ ਵਾਂਗ ਸਿੱਧਾ ਹੇਠਾਂ ਉੱਤਰ ਸਕਦਾ। ਇਹ ਲੁਕਵੇਂ ਢੰਗ ਨਾਲ ਅੰਦਰੂਨੀ ਹਥਿਆਰਾਂ ਨਾਲ ਹਮਲਾ ਕਰ ਸਕਦਾ ਹੈ ਅਤੇ ਲੋੜ ਪੈਣ ’ਤੇ ਬਾਹਰੀ ਹਿੱਸਿਆਂ ’ਤੇ ਭਾਰੀ ਮਾਤਰਾ ਵਿੱਚ ਬੰਬ ਅਤੇ ਮਿਜ਼ਾਈਲਾਂ ਲੱਦ ਕੇ ‘ਬੀਸਟ ਮੋਡ’ ਵਿੱਚ ਵੀ ਕੰਮ ਕਰ ਸਕਦਾ ਹੈ।











Comments (0)