ਅਕਾਲੀ ਦਲ ਪੁਨਰ ਸੁਰਜੀਤ ਤੇ ਵਾਰਿਸ ਪੰਜਾਬ ਦੇ ਵਿਚਾਲੇ ਹੋ ਸਕਦਾ ਹੈ ਚੋਣ ਸਮਝੌਤਾ
ਲੁਧਿਆਣਾ/ਏ.ਟੀ.ਨਿਊਜ਼ : ਪੰਜਾਬ ਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਅਤੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਿਚਾਲੇ ਸਿਆਸੀ ਗਠਜੋੜ ਦੀਆਂ ਕੋਸ਼ਿਸ਼ਾਂ ਮੁੜ ਤੇਜ਼ ਹੋ ਗਈਆਂ ਹਨ। ਦੋਵਾਂ ਧਿਰਾਂ ਵੱਲੋਂ ਪੰਥਕ ਏਕਤਾ ਦੇ ਆਧਾਰ ’ਤੇ ਸਾਂਝਾ ਸਿਆਸੀ ਮੰਚ ਬਣਾਉਣ ਲਈ ਗੱਲਬਾਤ ਸ਼ੁਰੂ ਕੀਤੇ ਜਾਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। ਹਾਲਾਂਕਿ, ਲੀਡਰਸ਼ਿਪ, ਪੰਥਕ ਜਵਾਬਦੇਹੀ ਅਤੇ ਕੁਝ ਸੀਨੀਅਰ ਆਗੂਆਂ ਦੀ ਚੋਣਾਂ ਵਿੱਚ ਭੂਮਿਕਾ ਵਰਗੇ ਮੁੱਦੇ ਅਜੇ ਵੀ ਸਮਝੌਤੇ ਦੇ ਰਾਹ ਵਿੱਚ ਚੁਣੌਤੀ ਬਣੇ ਹੋਏ ਹਨ।
ਦੋਵਾਂ ਧਿਰਾਂ ਵਿਚਾਲੇ ਗਠਜੋੜ ਦੀ ਪਹਿਲੀ ਗੰਭੀਰ ਕੋਸ਼ਿਸ਼ 18 ਅਪ੍ਰੈਲ 2026 ਨੂੰ ਜਲੰਧਰ ਵਿੱਚ ਹੋਈ ਮੀਟਿੰਗ ਦੌਰਾਨ ਹੋਈ ਸੀ। ਦੋਵਾਂ ਪਾਰਟੀਆਂ ਦੀਆਂ ਚਾਰ-ਚਾਰ ਮੈਂਬਰੀ ਕਮੇਟੀਆਂ ਦੀ ਬੈਠਕ ਤੋਂ ਬਾਅਦ ਅੱਠ ਮੈਂਬਰੀ ਪੰਥਕ ਏਕਤਾ ਤਾਲਮੇਲ ਕਮੇਟੀ ਬਣਾਈ ਗਈ ਸੀ। ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੂੰ ਇਸ ਦਾ ਕਨਵੀਨਰ ਬਣਾਇਆ ਗਿਆ। ਕਮੇਟੀ ਦਾ ਮਕਸਦ ਵਿਚਾਰਧਾਰਕ ਸਹਿਮਤੀ ਬਣਾਉਣ, ਪੰਥਕ ਮੁੱਦਿਆਂ ’ਤੇ ਸਾਂਝਾ ਰੁਖ਼ ਤਿਆਰ ਕਰਨ ਅਤੇ ਚੋਣਾਂ ਇਕੱਠਿਆਂ ਲੜਨ ਦੀਆਂ ਸੰਭਾਵਨਾਵਾਂ ਤਲਾਸ਼ਣਾ ਸੀ। ਪਰ ਸਹਿਮਤੀ ਨਾ ਬਣਨ ਕਾਰਨ 17 ਮਈ ਨੂੰ ਵਾਰਿਸ ਪੰਜਾਬ ਦੇ ਨੇ ਤਾਲਮੇਲ ਪ੍ਰਕਿਰਿਆ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ।
ਵਾਰਿਸ ਪੰਜਾਬ ਦੇ ਨਾਲ ਜੁੜੇ ਆਗੂਆਂ ਦਾ ਇਤਰਾਜ਼ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 2 ਦਸੰਬਰ ਨੂੰ ਜਾਰੀ ਹੁਕਮਨਾਮੇ ਦੀ ਭਾਵਨਾ ਅਨੁਸਾਰ ਜਿਨ੍ਹਾਂ ਆਗੂਆਂ ਦੀ ਪੰਥਕ ਜਵਾਬਦੇਹੀ ’ਤੇ ਸਵਾਲ ਉੱਠੇ ਹਨ, ਉਨ੍ਹਾਂ ਨੂੰ ਅਹਿਮ ਅਹੁਦਿਆਂ ਅਤੇ ਜ਼ਿੰਮੇਵਾਰੀਆਂ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ। ਅਕਤੂਬਰ ਵਿੱਚ ਗੱਲਬਾਤ ਮੁੜ ਸ਼ੁਰੂ ਹੋਣ ਤੋਂ ਬਾਅਦ ਵੀ ਇਹ ਮੁੱਦਾ ਉੱਭਰਿਆ। 24 ਅਕਤੂਬਰ ਨੂੰ ਸਾਹਮਣੇ ਆਈਆਂ ਰਿਪੋਰਟਾਂ ਅਨੁਸਾਰ ਵਾਰਿਸ ਪੰਜਾਬ ਦੇ ਵੱਲੋਂ ਪੁਨਰ ਸੁਰਜੀਤ ਧੜੇ ਦੇ ਛੇ ਸੀਨੀਅਰ ਆਗੂਆਂ ਨੂੰ 2027 ਦੀਆਂ ਚੋਣਾਂ ਵਿੱਚ ਉਮੀਦਵਾਰ ਨਾ ਬਣਾਉਣ ਅਤੇ ਅਹਿਮ ਸਿਆਸੀ ਭੂਮਿਕਾਵਾਂ ਤੋਂ ਦੂਰ ਰੱਖਣ ਦੀ ਸ਼ਰਤ ਰੱਖੇ ਜਾਣ ਦੀ ਗੱਲ ਕਹੀ ਗਈ ਸੀ। ਦੂਜੇ ਪਾਸੇ, ਪੁਨਰ ਸੁਰਜੀਤ ਧੜੇ ਦੇ ਆਗੂਆਂ ਨੇ ਇਤਰਾਜ਼ਾਂ ਦਾ ਹੱਲ ਕੱਢ ਕੇ ਏਕਤਾ ਦੀ ਕੋਸ਼ਿਸ਼ ਅੱਗੇ ਵਧਾਉਣ ਦੀ ਹਮਾਇਤ ਕੀਤੀ।
ਇਸੇ ਦੌਰਾਨ 11 ਨਵੰਬਰ ਨੂੰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ ਯੂਨਾਈਟਿਡ ਅਕਾਲੀ ਦਲ, ਕਿਸਾਨ ਜਥੇਬੰਦੀਆਂ, ਮਜ਼ਦੂਰ ਸੰਗਠਨਾਂ, ਸਾਬਕਾ ਫ਼ੌਜੀਆਂ ਅਤੇ ਹੋਰ ਸਮਾਜਿਕ ਜਥੇਬੰਦੀਆਂ ਨਾਲ ਮਿਲ ਕੇ ਸੰਯੁਕਤ ਪੰਜਾਬ ਮੋਰਚਾ ਬਣਾਉਣ ਦਾ ਐਲਾਨ ਕੀਤਾ। ਮੋਰਚੇ ਵੱਲੋਂ 23 ਨਵੰਬਰ ਨੂੰ ਸਾਂਝੇ ਏਜੰਡੇ ਬਾਰੇ ਮੀਟਿੰਗ ਕਰਨ ਦੀ ਗੱਲ ਵੀ ਕਹੀ ਗਈ ਹੈ।











Comments (0)