ਮੋਦੀ ਮਹਿਮਾਨ ਬਣ ਕੇ ਨਹੀਂ ਸੀ ਆਇਆ 

ਮੋਦੀ ਮਹਿਮਾਨ ਬਣ ਕੇ ਨਹੀਂ ਸੀ ਆਇਆ 

ਗਜਿੰਦਰ ਸਿੰਘ, ਦਲ ਖਾਲਸਾ 

ਮੋਦੀ ਮਹਿਮਾਨ ਬਣ ਕੇ ਨਹੀਂ ਸੀ ਆਇਆ ਕਿ ਉਸ ਦਾ ਸਵਾਗਤ ਕੀਤਾ ਜਾਂਦਾ । ਇਹ ਉਸ ਦਾ ਪੰਜਾਬ ਉਤੇ ਸਿਆਸੀ ਹਮਲਾ ਸੀ, ਜਿਸ ਦੀ ਤਿਆਰੀ ਉਸ ਦੀ ਪਾਰਟੀ ਕਾਫੀ ਦਿਨ੍ਹਾਂ ਤੋਂ ਕਰ  ਰਹੀ ਸੀ । ਜਿੱਥੋਂ ਤੱਕ ਉਸ ਦਾ ਇਹ ਬਿਆਨ ਹੈ ਕਿ ਉਹ ਬੱਚ ਕੇ ਆ ਗਿਆ ਹੈ’, ਜੁਮਲੇ-ਬਾਜ਼ੀ ਤੋਂ ਵੱਧ ਕੁੱਝ ਨਹੀਂ ਹੈ, ਜਿਸ ਦਾ ਉਹ ਬਹੁਤ ਮਾਹਿਰ ਹੈ ।  ਜਦੋਂ ਸਾਡੇ ਕੁੱਝ ਲੋਕ, ਉਸ ਵੱਲੋਂ ਕੁੱਝ ਦੇ ਕੇ ਜਾਣ ਦੀ ਗੱਲ ਕਰਦੇ ਹਨ, ਤਾਂ ਇਹ ਉਹਨਾਂ ਦੀ ਹੱਥ ਅੱਢਣ ਵਾਲੀ ਮਾਨਸਿਕਤਾ ਦਾ ਇਜ਼ਹਾਰ ਹੁੰਦਾ ਹੈ ।  

ਇਹ ਸਮਝਣ ਦੀ ਲੋੜ੍ਹ ਹੈ ਕਿ ਉਹ ਦੇਣ ਨਹੀਂ, ਲੈਣ ਆ ਰਿਹਾ ਸੀ, ਤੇ ਉਹ ਜੋ ਲੈਣਾ ਚਾਹੁੰਦਾ ਹੈ, ਅਗਰ ਉਸ ਵਿੱਚ ਕਾਮਯਾਬ ਹੋ ਗਿਆ, ਉਸ ਤੋਂ ਬਾਦ ਪੰਜਾਬ ਤੇ ਪੰਜਾਬੀਆਂ ਨੂੰ ਪਛਤਾਵੇ ਬਿਨ੍ਹਾਂ ਕੁੱਝ ਹੱਥ ਨਹੀਂ ਲੱਗਣਾ । ਪੰਜਾਬੀ ਇੱਕ ਗ਼ੈਰਤਮੰਦ ਕੌਮ ਹੈ, ਤੇ ਗ਼ੈਰਤਮੰਦ ਲਈ ਸੱਭ ਤੋਂ ਅਹਿਮ ਉਸ ਦੀ ਆਜ਼ਾਦੀ ਹੁੰਦੀ ਹੈ । ਪੰਥ ਅਤੇ ਪੰਜਾਬ, ਉਪਰਲੀ ਸਤਹਾ ਤੇ ਭਾਵੇਂ ਕਿਸੇ ਵੀ ਪਾਰਟੀ ਨਾਲ ਚੱਲ ਰਿਹਾ ਹੋਵੇ, ਪਰ ਉਸ ਦੇ ਅੰਦਰ ਆਪਣੇ ਆਜ਼ਾਦ ਰਾਜ ਭਾਗ ਦੀ ਤਮੰਨਾ ਇੱਕ ਲੁਕੀ ਹੋਈ ਲਹਿਰ ਵਾਂਗ ਹਮੇਸ਼ਾਂ ਰਹੀ ਹੈ । ਕੁੱਝ ਲੋਕ, ਮੋਦੀ ਦੀ ਬੇਰੰਗ ਵਾਪਸੀ ਬਾਦ ਗਵਰਨਰ ਰਾਜ, ਤੇ ਹੋਰ ਕਈ ਕਿਸਮ ਦੀਆਂ ਸੰਭਾਵਤ ਜ਼ਿਆਦਤੀਆਂ ਦੇ ਖਦਸ਼ਾਤ ਦਾ ਇਜ਼ਹਾਰ ਕਰ ਰਹੇ ਹਨ । ਅਗਰ ਇੰਝ ਕੀਤਾ ਜਾਂਦਾ ਹੈ, ਤਾਂ ਇਸ ਵਿੱਚ ਪੰਥ ਅਤੇ ਪੰਜਾਬ ਲਈ ਨਵਾਂ ਕੁੱਝ ਨਹੀਂ ਹੋਵੇਗਾ । ਇੰਝ ਕਰ ਕੇ ਉਹ ਟੱਕਰਾਓ ਦੇ ਇੱਕ ਨਵੇਂ ਦੌਰ ਦੀ ਸ਼ੁਰੂਆਤ ਕਰ ਰਿਹਾ ਹੋਵੇਗਾ, ਜਿਸ ਲਈ ਪੰਥ ਅਤੇ ਪੰਜਾਬ ਬੀਤੇ ਸੱਤਰ ਸਾਲ ਤੋਂ, ਤੇ ਖਾਸ ਕਰ ਜੂਨ 84 ਬਾਦ ਹਰ ਵੇਲੇ ਤਿਆਰ ਹੀ ਰਹਿੰਦਾ ਆ ਰਿਹਾ ਹੈ । ਇੱਕ ਗੱਲ ਹੋਰ, ਸਾਡੀ ਮੋਦੀ ਜਾਂ ਬੀਜੇਪੀ ਦੀ ਮੁਖਾਲਫਤ ਦਾ ਮਤਲਬ, ਕਾਂਗਰਸ ਦੀ ਹਮਾਇਤ ਨਹੀਂ ਹੈ । ਅਸੀਂ ਦੁਸ਼ਮਣੀਆਂ ਇੰਨੀ ਛੇਤੀ ਭੁੱਲਣ ਵਾਲੇ ਨਹੀਂ ਹਾਂ । ਹਾਂ, ਜਦੋਂ ਦੁਸ਼ਮਣ ਇੱਕ ਤੋਂ ਵੱਧ ਹੋਣ ਤਾਂ ਉਹਨਾਂ ਦੀ ਨੰਬਰਿੰਗ ਕਰਨੀ ਪੈਂਦੀ ਹੈ ।