ਬੁੱਢੇ ਨਾਲੇ ਦੇ ਪ੍ਰਦੂਸ਼ਣ ਦਾ ਸਥਾਈ ਹੱਲ ਕੀ ਹੋਵੇ?

ਪਿਛਲੇ ਦਿਨੀਂ ਲੁਧਿਆਣਾ ਵਿਖੇ ਕੁਝ ਜਥੇਬੰਦੀਆਂ ਵਲੋਂ ਸਾਂਝੇ ਤੌਰ 'ਤੇ ਇਕ ਮੋਰਚਾ ਲਾਇਆ ਗਿਆ, ਜਿਸ ਨੂੰ ਕਿ 'ਕਾਲੇ ਪਾਣੀ ਦਾ ਮੋਰਚਾ' ਕਿਹਾ ਗਿਆ।
ਇਸ ਮੋਰਚੇ ਦੀ ਪ੍ਰਮੁੱਖ ਮੰਗ ਲੁਧਿਆਣਾ ਨਗਰ 'ਚੋਂ ਲੰਘ ਰਹੇ ਬੁੱਢੇ ਨਾਲੇ ਦੇ ਪ੍ਰਦੂਸ਼ਣ ਨੂੰ ਰੋਕਣਾ ਸੀ। ਲਗਭਗ 5-6 ਦਹਾਕੇ ਪਹਿਲਾਂ ਇਸ ਨਾਲੇ ਦੀ ਇੰਨੀ ਮੰਦੀ ਹਾਲਤ ਨਹੀਂ ਸੀ। ਇਕ ਸਮਾਂ ਸੀ ਕਿ ਇਸ ਨੂੰ 'ਬੁੱਢਾ ਦਰਿਆ' ਕਿਹਾ ਜਾਂਦਾ ਸੀ ਅਤੇ ਇਸ 'ਚ ਸਾਫ਼ ਪਾਣੀ ਵਗਦਾ ਸੀ। ਇਥੋਂ ਤੱਕ ਕਿ ਜੇ ਕੋਈ ਸਿੱਕਾ ਇਸ ਦੇ 'ਚ ਡਿੱਗ ਪੈਂਦਾ ਤਾਂ ਉਹ ਵੀ ਦੂਰੋਂ ਦਿਖਾਈ ਦਿੰਦਾ ਸੀ। ਮੋਟੇ ਤੌਰ 'ਤੇ ਮੁੱਕਦੀ ਗੱਲ ਕਿ ਇਸ 'ਚ ਪਾਣੀ ਜੋ ਕਿ ਬਿਲਕੁਲ ਸਾਫ ਹੁੰਦਾ ਸੀ ਅਤੇ ਉਹ ਲਗਾਤਾਰ ਵਗਦਾ ਰਹਿੰਦਾ ਸੀ। ਪਰ ਸਮਾਂ ਬਦਲਿਆ, ਆਬਾਦੀ ਵਧੀ, ਉਦਯੋਗ ਵਧੇ ਜਿਸ ਦੇ ਨਾਲ ਸਮੁੱਚੇ ਤੌਰ 'ਤੇ ਪ੍ਰਦੂਸ਼ਣ ਵਧਿਆ ਅਤੇ ਇਸ ਬੁੱਢੇ ਦਰਿਆ ਨੇ ਬੁੱਢੇ ਨਾਲੇ ਦਾ ਰੂਪ ਲੈ ਲਿਆ।ਇਸ 'ਚ ਖੇਤੀਬਾੜੀ ਤੇ ਗ਼ੈਰ-ਖੇਤੀਬਾੜੀ ਨਾਲ ਸੰਬੰਧਿਤ ਦੋਵਾਂ ਕਿਸਮਾਂ ਦੇ ਪ੍ਰਦੂਸ਼ਿਤ ਪਾਣੀ ਪੈਣ ਲੱਗੇ। ਇਹ ਦਰਿਆ ਲੁਧਿਆਣਾ 'ਚ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਮਾਛੀਵਾੜਾ ਦੇ ਕੋਲ ਦਾਖਲ ਹੁੰਦਾ ਹੈ ਅਤੇ ਲੁਧਿਆਣਾ ਦੇ ਪਿੰਡ ਵਲੀਪੁਰ ਦੇ ਨੇੜੇ ਜਾ ਕੇ ਸਤਲੁਜ ਦਰਿਆ 'ਚ ਪੈਂਦਾ ਹੈ। ਇਸ ਜਗ੍ਹਾ 'ਤੇ ਕਾਲੇ ਤੇ ਚਿੱਟਾ ਪਾਣੀ ਦਾ ਸੰਗਮ ਸਾਫ ਦਿਖਾਈ ਦਿੰਦਾ ਹੈ। ਇਸ ਥਾਂ 'ਤੇ ਵੀ ਬੁੱਢੇ ਨਾਲੇ ਦੇ ਪਾਣੀ ਨੂੰ ਸਾਫ਼ ਕਰਨ ਲਈ ਕੋਈ ਟਰੀਟਮੈਂਟ ਪਲਾਂਟ ਨਹੀਂ ਲੱਗਿਆ ਹੋਇਆ। ਇਸ ਦੀ ਗੰਦਗੀ ਦਾ ਮਾਮਲਾ ਇਸ ਦੇ ਸ਼ਹਿਰ 'ਚੋਂ ਲੰਘਣ ਦੌਰਾਨ ਇਸ 'ਚ ਉਦਯੋਗਾਂ ਵਲੋਂ ਰਸਾਇਣਕ ਪਾਣੀ ਪਾਏ ਜਾਣ ਨਾਲ ਵਧਿਆ, ਖ਼ਾਸ ਤੌਰ 'ਤੇ ਉਨ੍ਹਾਂ ਕਾਰਖਾਨਿਆਂ ਵਲੋਂ ਜਿਹੜੇ ਕਿ ਰੰਗਾਈ ਤੇ ਇਲੈੱਕਟ੍ਰੋਪਲੇਟਿੰਗ ਦਾ ਕੰਮ ਕਰਦੇ ਹਨ। ਘਰੇਲੂ ਨਿਕਾਸ ਵੀ ਇਸ 'ਚ ਪੈਣ ਲੱਗ ਗਿਆ। ਬਹੁਤ ਸਾਰੀਆਂ ਥਾਵਾਂ 'ਤੇ ਸੀਵਰ ਦਾ ਪਾਣੀ ਵੀ ਇਸ 'ਚ ਜਾਣ ਲੱਗ ਪਿਆ। ਇਸ ਦੇ ਨਾਲ-ਨਾਲ ਘਰੇਲੂ ਕੂੜਾ-ਕਰਕਟ ਜਿਸ 'ਚ ਵਧੇਰੇ ਮਾਤਰਾ 'ਚ ਕੀਟਾਣੂ ਹੁੰਦੇ ਹਨ, ਇਸ 'ਚ ਪੈਣ ਲੱਗ ਪਿਆ। ਹੁਣ ਇਸ 'ਚ ਕਈ ਕਿਸਮ ਦੇ ਪ੍ਰਦੂਸ਼ਿਤ ਪਦਾਰਥ ਪੈਂਦੇ ਹਨ, ਜਿਨ੍ਹਾਂ ਵਿਚ ਬੁੱਚੜਖਾਨੇ ਦੀ ਰਹਿੰਦ-ਖੂੰਹਦ ਤੇ ਡੇਅਰੀਆਂ ਤੋਂ ਨਿਕਲਿਆ ਗੋਬਰ ਵੀ ਸ਼ਾਮਿਲ ਹੈ। ਨਾਲੇ ਦੇ ਨੇੜੇ ਜਾਣ 'ਤੇ ਅਹਿਸਾਸ ਹੁੰਦਾ ਹੈ ਕਿ ਇਸ 'ਚ ਕਿੰਨਾ ਗੰਦਾ ਪਾਣੀ ਹੈ ਜੋ ਕਿ ਕਾਲੇ ਰੰਗ ਦਾ ਹੀ ਦਿਖਾਈ ਦਿੰਦਾ ਹੈ, ਇਸ ਲਈ ਬੁੱਢੇ ਨਾਲੇ ਦੇ ਪ੍ਰਦੂਸ਼ਣ ਸੰਬੰਧੀ ਅੰਦੋਲਨ ਦਾ ਨਾਂਅ ਵੀ 'ਕਾਲੇ ਪਾਣੀ ਦਾ ਮੋਰਚਾ' ਪੈ ਗਿਆ।
ਲੋਕਾਂ 'ਚ ਜਾਗਰੂਕਤਾ ਹੋਣੀ ਚੰਗੀ ਗੱਲ ਹੈ ਅਤੇ ਉਸ ਤੋਂ ਵੀ ਚੰਗੀ ਗੱਲ ਹੈ, ਇਕੱਠੇ ਹੋ ਕੇ ਆਵਾਜ਼ ਬੁਲੰਦ ਕਰਨਾ। ਸੰਨ 1992 'ਚ ਉੱਘੇ ਵਿਗਿਆਨੀ ਪ੍ਰੋਫੈਸਰ ਯਸ਼ਪਾਲ ਦੀ ਅਗਵਾਈ 'ਚ ਦੇਸ਼ ਦੇ ਸਾਰੇ ਜ਼ਿਲ੍ਹਿਆਂ 'ਚ ਵਿਗਿਆਨਕ ਦ੍ਰਿਸ਼ਟੀਕੋਣ ਅਪਣਾਉਣ ਅਤੇ ਵਾਤਾਵਰਨ ਦੀ ਸੰਭਾਲ ਲਈ ਲੋਕ ਚੇਤਨਾ ਪੈਦਾ ਕਰਨ ਲਈ 'ਭਾਰਤ ਜਨ ਗਿਆਨ ਵਿਗਿਆਨ ਜਥਾ' ਦੀ ਸਥਾਪਨਾ ਕੀਤੀ ਗਈ। ਉਦੋਂ ਅਸੀਂ ਲੁਧਿਆਣਾ ਜ਼ਿਲ੍ਹੇ 'ਚ ਇਸ ਸਵੈ-ਸੇਵੀ ਸੰਸਥਾ ਵਲੋਂ ਬੁੱਢੇ ਨਾਲੇ ਦੇ ਪ੍ਰਦੂਸ਼ਣ ਅਤੇ ਹੋਰ ਵੱਖੋ-ਵੱਖਰੇ ਕਿਸਮ ਦੇ ਪ੍ਰਦੂਸ਼ਣਾਂ ਬਾਰੇ ਜੋ ਕਿ ਨਗਰ 'ਚ ਫੈਲੇ ਹੋਏ ਸਨ, ਬਾਰੇ ਆਵਾਜ਼ ਬੁਲੰਦ ਕੀਤੀ ਪਰ ਲੋਕਾਂ 'ਚ ਉਸ ਵੇਲੇ ਕੋਈ ਵਿਸ਼ੇਸ਼ ਉਤਸ਼ਾਹ ਨਹੀਂ ਸੀ। ਇਸ ਲਈ ਅਸੀਂ ਸਕੂਲਾਂ, ਕਾਲਜਾਂ, ਮੁਹੱਲਿਆਂ, ਪਿੰਡਾਂ ਤੇ ਅਨੇਕਾਂ ਥਾਵਾਂ 'ਤੇ ਵੱਖੋ-ਵੱਖ ਕਿਸਮ ਦੇ ਸਮਾਗਮ ਕਰਕੇ, ਪੇਂਟਿੰਗ ਮੁਕਾਬਲੇ ਕਰਵਾ ਕੇ, ਸੱਭਿਆਚਾਰਕ ਪ੍ਰੋਗਰਾਮ ਕਰ ਕੇ, ਹੱਥ ਪਰਚੇ ਛਾਪ ਕੇ ਤੇ ਸੈਮੀਨਾਰ ਕਰ ਕੇ ਲੋਕਾਂ ਨੂੰ ਵਾਤਾਵਰਨ 'ਚ ਆਉਂਦੇ ਨਿਘਾਰ ਬਾਰੇ ਜਾਣਕਾਰੀ ਦੇਣੀ ਸ਼ੁਰੂ ਕੀਤੀ। ਸੱਭਿਆਚਾਰਕ ਪ੍ਰੋਗਰਾਮਾਂ ਰਾਹੀਂ ਜਾਣਕਾਰੀ ਦਿੱਤੀ, ਜਿਸ 'ਚ ਇਪਟਾ ਲੁਧਿਆਣਾ ਵਲੋਂ 'ਇਕ ਨਦੀ ਆਂਸੂ ਭਰੀ' ਨਾਂਅ ਦਾ ਨਾਟਕ ਵੱਖ-ਵੱਖ ਥਾਵਾਂ 'ਤੇ 105 ਵਾਰ ਖੇਡਿਆ ਗਿਆ ਜਿਸ ਦਾ ਨਿਰਦੇਸ਼ਨ ਪ੍ਰਦੀਪ ਸ਼ਰਮਾ ਨੇ ਕੀਤਾ। ਸਕੂਟਰਾਂ-ਕਾਰਾਂ ਦੇ ਪਿੱਛੇ ਸਟਿੱਕਰ ਲਾ ਕੇ ਵਾਤਾਵਰਨ ਦੇ ਪ੍ਰਦੂਸ਼ਣ ਬਾਰੇ ਜਾਣਕਾਰੀ ਫੈਲਾਈ। ਅੰਕੜੇ ਇਕੱਤਰ ਕਰਕੇ ਇਕ ਕਿਤਾਬਚਾ ਵੀ ਛਾਪਿਆ ਗਿਆ, ਜਿਸ 'ਚ ਅਨੇਕਾਂ ਵਿਗਿਆਨੀਆਂ ਅਤੇ ਸਿਹਤ ਮਾਹਿਰਾਂ ਦੇ ਵਿਚਾਰ ਛਾਪੇ ਗਏ।
ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਪ੍ਰੀਸ਼ਦ ਨਾਲ ਮਿਲ ਕੇ ਸਕੂਲਾਂ 'ਚ ਇਕੋ ਕਲੱਬ ਬਣਾਏ। ਬੁੱਢੇ ਨਾਲੇ ਦਾ ਮੁੱਢ ਤੋਂ ਲੈ ਕੇ ਅਖੀਰ ਤੱਕ ਦੌਰਾ ਕੀਤਾ। ਭਾਰਤ ਜਨ ਵਿਗਿਆਨ ਜਥਾ ਦੇ ਆਗੂ ਮੇਜਰ ਸ਼ੇਰ ਸਿੰਘ ਔਲਖ, ਕ੍ਰਿਸ਼ਨ ਲਾਲ ਮਲਿਕ, ਡਾ. ਬਲਵੰਤ ਸਿੰਘ, ਐੱਮ.ਐੱਸ. ਭਾਟੀਆ, ਪ੍ਰਦੀਪ ਸ਼ਰਮਾ ਸਹਿਤ ਅਸੀਂ ਬਹੁਤ ਜਾਣਕਾਰੀ ਹਾਸਿਲ ਕੀਤੀ। ਬਾਅਦ 'ਚ ਪੱਤਰਕਾਰ ਰੈਕਟਰ ਕਥੂਰੀਆ ਅਤੇ ਰਾਮਾਧਾਰ ਸਿੰਘ ਨੇ ਇਸ ਨਾਲੇ ਦਾ ਦੌਰਾ ਕਰਕੇ ਕਾਫੀ ਜਾਣਕਾਰੀ ਇਕੱਠੀ ਕਰਨ 'ਚ ਯੋਗਦਾਨ ਪਾਇਆ। ਜ਼ਿਲ੍ਹਾ ਪੱਧਰ 'ਤੇ 'ਪਰਿਆਵਰਨ ਵਾਹੀਨੀ' ਕਾਇਮ ਕੀਤੀ ਗਈ, ਜਿਸ 'ਚ ਵੱਖ-ਵੱਖ ਅਦਾਰਿਆਂ ਦੇ ਅਧਿਕਾਰੀ ਸਨ ਅਤੇ ਸਾਡੀ ਜਥੇਬੰਦੀ ਦੇ ਅਹੁਦੇਦਾਰ ਉਸ ਦੇ ਮੈਂਬਰ ਸਨ। ਇਸ 'ਚ ਵੱਖ-ਵੱਖ ਅਧਿਕਾਰੀਆਂ ਵਲੋਂ ਰਿਪੋਰਟਾਂ ਦਿੱਤੀਆਂ ਜਾਂਦੀਆਂ ਸਨ ਅਤੇ ਚਰਚਾ ਉਪਰੰਤ ਪ੍ਰਦੂਸ਼ਣ ਦੀ ਰੋਕਥਾਮ ਬਾਰੇ ਉਪਰਾਲੇ ਸੁਝਾਏ ਜਾਂਦੇ ਸਨ। ਸਤਲੁਜ ਐਕਸ਼ਨ ਪਲੈਨ ਬਣਾਈ ਗਈ ਅਤੇ ਉਸ ਮੁਤਾਬਿਕ ਇਸ ਨੂੰ ਠੀਕ ਕਰਨ ਦੇ ਕਈ ਉਪਰਾਲੇ ਸੁਝਾਏ ਗਏ।
ਉਸ ਵੇਲੇ ਦੀ ਸਰਕਾਰ ਨੇ ਇਕ ਕਮੇਟੀ ਬਣਾਈ, ਜੋ ਕਿ ਆਈ.ਏ.ਐੱਸ. ਅਧਿਕਾਰੀ ਪੀ. ਰਾਮ ਦੇ ਅਧੀਨ ਬਣੀ ਅਤੇ ਇਹ ਕਮੇਟੀ 'ਪੀ. ਰਾਮ ਕਮੇਟੀ' ਦੇ ਨਾਂਅ 'ਤੇ ਪ੍ਰਚੱਲਿਤ ਹੋਈ। ਸਾਡੀ ਜਥੇਬੰਦੀ ਦੇ ਅਹੁਦੇਦਾਰ ਇਸ ਕਮੇਟੀ 'ਚ ਸ਼ਾਮਿਲ ਸਨ ਅਤੇ ਬੁੱਢੇ ਨਾਲੇ ਦੇ ਰੱਖ-ਰਖਾਅ ਬਾਰੇ ਅਨੇਕਾਂ ਵਾਰ ਕਮੇਟੀ ਦੇ ਨਾਲ ਚਰਚਾ ਕੀਤੀ। ਪੀ. ਰਾਮ ਇਕ ਗਾਂਧੀਵਾਦੀ ਕਿਸਮ ਦੇ ਵਿਅਕਤੀ ਸਨ ਜੋ ਕਿ ਕੁੜਤਾ-ਪਜਾਮਾ ਪਾ ਕੇ ਰੱਖਦੇ ਸਨ ਤੇ ਆਪਣੀ ਰੋਟੀ ਵੀ ਟਿਫਨ 'ਚ ਪਾ ਕੇ ਨਾਲ ਲੈ ਕੇ ਚਲਦੇ ਸਨ। ਇਸ ਲਈ ਬੜੀ ਆਸ ਸੀ ਕਿ ਇਸ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਮੰਨਿਆ ਜਾਏਗਾ। ਮਾਹਿਰਾਂ ਨੂੰ ਬੁਲਾ ਕੇ ਉਨ੍ਹਾਂ ਨਾਲ ਅਨੇਕਾਂ ਵਿਚਾਰ-ਵਟਾਂਦਰੇ ਕੀਤੇ ਗਏ। ਡਾਕਟਰਾਂ ਵਲੋਂ ਇਸ ਫੈਲ ਰਹੇ ਪ੍ਰਦੂਸ਼ਣ ਦੇ ਕੀ ਨੁਕਸਾਨ ਹੋਣਗੇ? ਬਾਰੇ ਵਿਚਾਰਾਂ ਦਿੱਤੀਆਂ ਗਈਆਂ ਅਤੇ ਅਨੇਕਾਂ ਵਿਗਿਆਨੀਆਂ ਵਲੋਂ ਇਹ ਖੋਜ ਵੀ ਕੀਤੀ ਗਈ ਕਿ ਬੁੱਢੇ ਨਾਲੇ 'ਚ ਕਿਸ ਕਿਸਮ ਦੇ ਰਸਾਇਣ ਪਾਏ ਜਾ ਰਹੇ ਹਨ।
ਅਨੇਕਾਂ ਖੋਜਾਂ ਤੋਂ ਪਤਾ ਲੱਗਿਆ ਕਿ ਬੁੱਢਾ ਨਾਲਾ 'ਚ ਆਰਸੈਨਿਕ, ਮੈਗਨੀਸ਼ੀਅਮ, ਸਿੱਕਾ, ਕਰੋਮੀਅਮ, ਕੈਡਮੀਅਮ ਆਦਿ ਅਨੇਕਾਂ ਧਾਤਾਂ ਹਨ, ਜਿਨ੍ਹਾਂ ਦੀ ਮਿਕਦਾਰ ਹਾਨੀਕਾਰਕ ਹੱਦ ਤੱਕ ਹੈ। ਬੁੱਢੇ ਨਾਲੇ ਤੋਂ ਰਿਸਾਵ ਹੋ ਕੇ ਇਹ ਪਾਣੀ ਜ਼ਮੀਨ ਅੰਦਰ ਦੂਰ-ਦੂਰ ਤੱਕ ਫੈਲਦਾ ਹੈ। ਜਾਂਚ ਕਰਨ ਤੋਂ ਬਾਅਦ ਇਸ ਗੱਲ ਦਾ ਪਤਾ ਲੱਗਿਆ ਕਿ ਬੁੱਢੇ ਨਾਲੇ ਦੇ ਦੋਵੇਂ ਪਾਸੇ ਦਾ ਜ਼ਮੀਨੀ ਪਾਣੀ ਸਿਹਤ ਲਈ ਹਾਨੀਕਾਰਕ ਹੱਦ ਤੱਕ ਪ੍ਰਦੂਸ਼ਿਤ ਹੋ ਚੁੱਕਾ ਹੈ।ਇਸ ਕਾਰਨ ਮਨੁੱਖੀ ਸਰੀਰਾਂ 'ਚ ਅਨੇਕਾਂ ਬਿਮਾਰੀਆਂ ਪੈਦਾ ਹੋ ਸਕਦੀਆਂ ਹਨ, ਜਿਵੇਂ ਕਿ ਪੇਟ ਦਰਦ, ਪੇਚਿਸ਼ ਲੱਗਣਾ, ਦਿਮਾਗੀ ਸੰਤੁਲਨ 'ਤੇ ਅਸਰ ਪੈਣਾ, ਨਾੜੀਆਂ ਦੇ ਰੋਗ ਲੱਗਣੇ, ਬਲੱਡ ਪ੍ਰੈਸ਼ਰ ਵਧਣਾ, ਜਿਗਰ ਦੀ ਖਰਾਬੀ ਹੋਣਾ ਅਤੇ ਮਾਨਸਿਕ ਰੋਗ ਪੈਦਾ ਹੋਣੇ ਆਦਿ। ਇਸ ਲਈ ਜੇਕਰ ਸਿਹਤ ਸੰਭਾਲ ਰੱਖਣੀ ਹੈ ਤਾਂ ਬੁੱਢੇ ਨਾਲੇ ਨੂੰ ਪ੍ਰਦੂਸ਼ਣ ਰਹਿਤ ਕਰਨਾ ਪਏਗਾ। ਜੋ ਪਦਾਰਥ ਇਸ ਨੂੰ ਪ੍ਰਦੂਸ਼ਿਤ ਕਰ ਰਹੇ ਹਨ, ਉਨ੍ਹਾਂ ਨੂੰ ਇਸ 'ਚ ਪੈਣ ਤੋਂ ਰੋਕਣਾ ਪਵੇਗਾ। ਪ੍ਰਸ਼ਾਸਨ ਵਲੋਂ ਸਾਂਝੇ ਟਰੀਟਮੈਂਟ ਪਲਾਂਟ ਲਾ ਕੇ ਇਸ 'ਚ ਪੈਣ ਵਾਲੇ ਪਾਣੀ ਨੂੰ ਪ੍ਰਦੂਸ਼ਿਤ ਰਹਿਤ ਕਰਨਾ ਚਾਹੀਦਾ ਹੈ।
ਪਹਿਲਾਂ ਤੋਂ ਲੱਗੇ ਹੋਏ ਟਰੀਟਮੈਂਟ ਪਲਾਂਟ ਲੋੜੀਂਦੀ ਮਾਤਰਾ ਤੋਂ ਕਾਫੀ ਘੱਟ ਹਨ।ਇਕ ਪਲਾਂਟ ਬੱਲੋਕੇ, ਇਕ ਕਾਦੀਆਂ ਤੇ ਇਕ ਤਾਜਪੁਰ ਰੋਡ 'ਤੇ ਲਗਾਇਆ ਗਿਆ।ਬਹੁਤ ਸਾਰੀਆਂ ਥਾਵਾਂ 'ਤੇ ਪਲਾਂਟ ਪੂਰੀ ਤਰ੍ਹਾਂ ਕੰਮ ਨਹੀਂ ਕਰ ਰਹੇ, ਇਸ ਕਾਰਨ ਗੰਦਾ ਪਾਣੀ ਅਖੀਰ ਸਤਲੁਜ 'ਚ ਜਾ ਕੇ ਪੈਂਦਾ ਹੈ। ਫਿਰ ਹਰੀਕੇ ਪੱਤਣ 'ਚ ਜਿਹੜੀ ਇਸ ਤੋਂ ਰਾਜਸਥਾਨ ਨਹਿਰ ਨਿਕਲਦੀ ਹੈ, ਉਸ 'ਚ ਗੰਦਾ ਪਾਣੀ ਜਾਂਦਾ ਹੈ, ਜੋ ਕਿ ਇਕ ਪਾਸੇ ਤਾਂ ਰਾਜਸਥਾਨ ਨੂੰ ਜਾਂਦਾ ਹੈ, ਦੂਜੇ ਪਾਸੇ ਜੋ ਬਚਦਾ ਦਰਿਆ ਦਾ ਪਾਣੀ ਹੈ, ਉਹ ਪਾਕਿਸਤਾਨ ਵੱਲ ਚਲਾ ਜਾਂਦਾ ਹੈ ਅਤੇ ਇਹ ਨਾ ਕੇਵਲ ਲੁਧਿਆਣਾ ਜਾਂ ਪੰਜਾਬ ਬਲਕਿ ਰਾਜਸਥਾਨ ਤੇ ਪਾਕਿਸਤਾਨ ਦੇ ਲੋਕਾਂ ਦੀ ਸਿਹਤ 'ਤੇ ਵੀ ਬੁਰਾ ਪ੍ਰਭਾਵ ਪਾਉਂਦਾ ਹੈ।
ਅਨੇਕਾਂ ਸੈਮੀਨਾਰਾਂ ਤੇ ਮੀਟਿੰਗਾਂ 'ਚ ਇਹ ਵਿਚਾਰ ਵੀ ਆਏ ਕਿ ਇਸ ਨੂੰ ਢਕਿਆ ਜਾਏ ਪਰ ਫਿਰ ਇਹ ਗੱਲ ਸਾਹਮਣੇ ਆਈ ਕਿ ਇਸ ਨੂੰ ਤਕਨੀਕੀ ਕਾਰਨਾਂ ਕਰਕੇ ਢਕਣਾ ਸੰਭਵ ਨਹੀਂ। ਅਸਲ 'ਚ ਤਾਂ ਰੌਲਾ ਇੱਥੇ ਹੀ ਪੈਂਦਾ ਹੈ ਕਿ ਪ੍ਰਸ਼ਾਸਨ ਅਤੇ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਇਸ ਬਾਰੇ ਢੁਕਵੇ ਕਦਮ ਨਹੀਂ ਚੁੱਕੇ ਗਏ। ਪ੍ਰਦੂਸ਼ਣ ਫੈਲਾਉਣ ਵਾਲਿਆਂ ਨਾਲ ਸਖ਼ਤੀ ਨਹੀਂ ਵਰਤੀ ਗਈ, ਜਿਸ ਕਰਕੇ ਪ੍ਰਦੂਸ਼ਣ ਵਧਦਾ ਰਿਹਾ ਅਤੇ ਇਸ ਨਾਲ ਇਸ ਦਾ ਪਾਣੀ ਕਾਲਾ, ਗੰਦਾ ਤੇ ਜ਼ਹਿਰੀਲਾ ਹੁੰਦਾ ਰਿਹਾ। ਹੁਣ ਸਥਿਤੀ ਕਾਫੀ ਗੰਭੀਰ ਬਣ ਗਈ ਹੈ। ਇਸ ਲਈ ਇਹ ਜ਼ਰੂਰੀ ਹੋ ਗਿਆ ਹੈ ਕਿ ਨਾਲੇ ਦੀ ਇਕ ਵਾਰੀ ਚੰਗੀ ਤਰ੍ਹਾਂ ਸਫਾਈ ਕੀਤੀ ਜਾਏ। ਟਰੀਟਮੈਂਟ ਪਲਾਂਟ ਵੱਧ ਤੋਂ ਵੱਧ ਲਾਏ ਜਾਣ ਤਾਂ ਜੋ ਇਸ ਦੇ ਪਾਣੀ ਨੂੰ ਸਾਫ ਕੀਤਾ ਜਾਏ ਅਤੇ ਇਸ ਦੇ 'ਚ ਗੰਦਾ ਨਿਕਾਸ ਪੈਣ ਹੀ ਨਾ ਦਿੱਤਾ ਜਾਏ ਅਤੇ ਇਸ ਬਾਰੇ ਪ੍ਰਸ਼ਾਸਨ ਵਲੋਂ ਸਖ਼ਤੀ ਕੀਤੀ ਜਾਏ। ਸਿੱਧਵਾਂ ਨਹਿਰ ਨੂੰ ਜਿਸ ਢੰਗ ਨਾਲ ਸਾਫ ਕੀਤਾ ਗਿਆ ਹੈ, ਉਸ ਕਿਸਮ ਦਾ ਤਰੀਕਾ ਬੁੱਢੇ ਨਾਲੇ ਬਾਰੇ ਵੀ ਅਪਣਾਇਆ ਜਾਏ। ਇਸ ਦੇ ਨਾਲ ਲੋਕਾਂ 'ਚ ਵੀ ਲਗਾਤਾਰ ਜਨ ਚੇਤਨਾ ਪੈਦਾ ਕਰਨੀ ਜ਼ਰੂਰੀ ਹੈ।
ਜਿਹੜੇ ਛੋਟੇ ਸਨਅਤੀ ਅਦਾਰੇ ਨਿੱਜੀ ਟਰੀਟਮੈਂਟ ਪਲਾਂਟ ਲਗਾਉਣ ਤੋਂ ਅਸਮਰਥ ਹਨ, ਉਨ੍ਹਾਂ ਨੂੰ ਸਰਕਾਰ ਵਲੋਂ ਸਾਂਝੇ ਤੌਰ 'ਤੇ ਟਰੀਟਮੈਂਟ ਪਲਾਂਟ ਲਗਾਉਣ 'ਚ ਸਹਾਇਤਾ ਪ੍ਰਦਾਨ ਕੀਤੀ ਜਾਏ। ਪ੍ਰਦੂਸ਼ਣ ਫੈਲਾਉਣ ਵਾਲੇ ਅਦਾਰਿਆਂ 'ਤੇ ਨਜ਼ਰ ਰੱਖੀ ਜਾਏ ਅਤੇ ਦੂਜੇ ਪਾਸੇ ਲੋਕਾਂ ਵਲੋਂ ਇਸ ਨਾਲੇ 'ਚ ਕੂੜਾ-ਕਰਕਟ ਸੁੱਟਣ 'ਤੇ ਵੀ ਸਖ਼ਤੀ ਨਾਲ ਰੋਕ ਲਾਈ ਜਾਏ।
ਹੁਣੇ-ਹੁਣੇ ਕੌਮੀ ਗਰੀਨ ਟ੍ਰਿਬਿਊਨਲ ਨੇ ਕੁਝ ਉਦਯੋਗਾਂ ਨੂੰ ਬੰਦ ਕਰਨ ਦੀ ਹਦਾਇਤ ਕੀਤੀ ਹੈ। ਇਹ ਸ਼ਲਾਘਾਯੋਗ ਕਦਮ ਹੈ, ਪਰ ਇਸ ਦੇ ਨਾਲ ਜਿਹੜੇ ਹਜ਼ਾਰਾਂ ਮਜ਼ਦੂਰ ਬੇਰੁਜ਼ਗਾਰ ਹੋਣਗੇ, ਉਨ੍ਹਾਂ ਦੀ ਰੋਟੀ-ਰੋਜ਼ੀ ਬਾਰੇ ਸਰਕਾਰ ਨੂੰ ਕਦਮ ਪੁੱਟਣੇ ਪੈਣਗੇ ਅਤੇ ਜਦ ਤੱਕ ਉਨ੍ਹਾਂ ਨੂੰ ਕੋਈ ਢੁਕਵੇਂ ਰੁਜ਼ਗਾਰ ਨਹੀਂ ਮਿਲਦੇ, ਪ੍ਰਤੀ ਮਜ਼ਦੂਰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਉਨ੍ਹਾਂ ਨੂੰ ਸਰਕਾਰ ਵਲੋਂ ਸਹਾਇਤਾ ਦਿੱਤੀ ਜਾਏ।
ਡਾਕਟਰ ਅਰੁਣ ਮਿਤਰਾ
Comments (0)