ਇੰਡਿਆਨਾ ਵਿਚ ਐਫ ਬੀ ਆਈ ਟਾਸਕ ਫੋਰਸ ਅਧਿਕਾਰੀ ਦੀ ਗੋਲੀਆਂ ਮਾਰ ਕੇ ਹੱਤਿਆ

ਇੰਡਿਆਨਾ ਵਿਚ ਐਫ ਬੀ ਆਈ ਟਾਸਕ ਫੋਰਸ ਅਧਿਕਾਰੀ ਦੀ ਗੋਲੀਆਂ ਮਾਰ ਕੇ ਹੱਤਿਆ

* ਦੋਸ਼ੀ ਨੇ ਘਾਤ ਲਾ ਕੇ ਕੀਤਾ ਹਮਲਾ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)ਇੰਡੀਆਨਾ ਵਿਚ ਇਕ ਬੰਦੂਕਧਾਰੀ ਨੇ ਇਕ ਸੰਘੀ ਇਮਾਰਤ ਦੇ ਬਾਹਰ ਐਫ ਬੀ ਆਈ ਟਾਸਕ ਫੋਰਸ ਦੇ ਅਧਿਕਾਰੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਪ੍ਰਾਪਤੀ ਜਾਣਕਾਰੀ ਅਨੁਸਾਰ 30 ਸਾਲਾ ਗਰੇਗ ਫਰੇਂਸੀ ਨਾਮੀ ਅਧਿਕਾਰੀ ਦੀ ਬੰਦੂਕਧਾਰੀ ਇਮਾਰਤ ਦੇ ਬਾਹਰ ਉਡੀਕ ਕਰ ਰਿਹਾ ਸੀ ਤੇ ਜਿਉਂ ਹੀ ਫਰੇਂਸੀ ਇਮਾਰਤ ਵਿਚੋਂ ਬਾਹਰ ਆਇਆ ਤਾਂ ਉਸ ਵਲੋਂ ਘਾਤ ਲੈ ਕੇ ਚਲਾਈਆਂ ਗੋਲੀਆਂ ਨਾਲ ਫਰੇਂਸੀ ਦੀ ਮੌਤ ਹੋ ਗਈ। ਇਸ ਦੌਰਾਨ ਇਮਾਰਤ ਵਿਚੋਂ ਐਫ ਬੀ ਆਈ ਦਾ ਇਕ ਵਿਸ਼ੇਸ਼ ਅਧਿਕਾਰੀ ਬਾਹਰ ਨਿਕਲਿਆ ਤੇ ਉਸ ਨੇ ਹਮਲਾਵਰ ਨੂੰ ਚੁਣੌਤੀ ਦਿੱਤੀ। ਵਿਸ਼ੇਸ਼ ਅਧਿਕਾਰੀ ਵੱਲੋਂ ਚਲਾਈਆਂ ਗੋਲੀਆਂ ਨਾਲ ਹਮਲਾਵਰ ਵੀ ਜ਼ਖਮੀ ਹੋ ਗਿਆ ਪਰ ਉਹ ਮੌਕੇ ਤੋਂ ਆਪਣੇ ਟਰੱਕ ਵਿਚ ਭੱਜਣ ਵਿੱਚ ਸਫਲ ਰਿਹਾ। ਬਾਅਦ ਵਿਚ ਪੁਲਿਸ ਨੇ ਉਸ ਨੂੰ ਇਕ ਹਸਪਤਾਲ ਵਿਚੋਂ ਲੱਭ ਲਿਆ ਜਿਥੇ ਉਸ ਦਾ ਇਲਾਜ਼ ਚੱਲ ਰਿਹਾ ਹੈ। ਯੂ ਐਸ ਅਟਾਰਨੀ ਦੇ ਦਫਤਰ ਨੇ ਦੋਸ਼ੀ ਦੀ ਪਛਾਣ ਸ਼ੇਨ ਮੀਹਨ ਵਜੋਂ ਕੀਤੀ ਹੈ। 44 ਸਾਲਾ ਮੀਹਨ ਵਿਰੁੱਧ ਇਕ ਸੰਘੀ ਅਧਿਕਾਰੀ ਦੀ ਹੱਤਿਆ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਉਸ ਨੂੰ ਉਮਰ ਕੈਦ ਹੋ ਸਕਦੀ ਹੈ। ਯੂ ਐਸ ਅਟਾਰਨੀ ਜੌਹਨ ਈ ਚਾਈਲਡਰੈਸ ਨੇ ਕਿਹਾ ਹੈ ਕਿ ਲਾਅ ਇਨਫੋਰਸਮੈਂਟ ਅਧਿਕਾਰੀ ਉਪਰ ਹਮਲਾ ਸਾਡੇ ਸਾਰਿਆਂ ਉਪਰ ਹਮਲਾ ਹੈ। ਮੈ ਨਿਆਂ ਵਿਭਾਗ ਦੀ ਤਰਫੋਂ ਫਰੇਂਸੀ ਦੇ ਪਰਿਵਾਰ ਤੇ ਉਸ ਦੇ ਸਾਥੀਆਂ ਨਾਲ ਡੂੰਘੀ ਹਮਦਰਦੀ ਤੇ ਦੁੱਖ ਪ੍ਰਗਟ ਕਰਦਾ ਹਾਂ। ਫਰੇਂਸੀ ਨੇ ਆਪਣੇ ਕਰੀਅਰ ਦੌਰਾਨ ਬੇਲਾਗ ਪੂਰੀ ਸਮਰਪਿਤ ਭਾਵਨਾ ਨਾਲ ਆਪਣੀਆਂ ਸੇਵਾਵਾਂ ਦਿੱਤੀਆਂ।