ਓਮੀਕਰੋਨ ਵਿਚ ਫੈਲਣ ਦੀ ਅਦਭੁੱਤ ਸਮਰੱਥਾ-ਡਾ. ਫੌਸੀ

ਓਮੀਕਰੋਨ ਵਿਚ ਫੈਲਣ ਦੀ ਅਦਭੁੱਤ ਸਮਰੱਥਾ-ਡਾ. ਫੌਸੀ
ਡਾ. ਫੌਸੀ

*ਕਿਹਾ - ਅਮਰੀਕਾ ਵਿਚ ਕੁਲ ਕੋਵਿਡ ਮਾਮਲਿਆਂ ਵਿਚ ਉਮੀਕਰੋਨ ਦਾ ਹਿੱਸਾ 3% 

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ : (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਲਾਗ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਐਨਥਨੀ ਫੌਸੀ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਦਾ ਓਮੀਕਰੋਨ ਰੂਪ ਵਿਸ਼ਵ ਭਰ ਵਿਚ ਫੈਲ ਰਿਹਾ ਹੈ ਤੇ ਇਸ ਗੱਲ ਦੀ ਸੰਭਾਵਨਾ ਹੈ ਕਿ ਓਮੀਕਰੋਨ ਮੌਜੂਦਾ ਕੋਰੋਨਾ ਵਾਇਰਸ ਦੀ ਥਾਂ ਲੈ ਸਕਦਾ ਹੈ। ਉਨ੍ਹਾਂ ਮੀਟ ਦਾ ਪ੍ਰੈਸ ਪ੍ਰੋਗਰਾਮ ਦੌਰਾਨ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਨੇ 89 ਦੇਸ਼ਾਂ ਵਿਚ ਓਮੀਕਰੋਨ ਦੇ ਮਾਮਲੇ ਸਾਹਮਣੇ ਆਉਣ ਦੀ ਗੱਲ ਕਹੀ ਹੈ ਤੇ ਓਮੀਕਰੋਨ ਦੇ ਮਾਮਲੇ ਡੇਢ ਤੋਂ ਤਿੰਨ ਦਿਨਾਂ ਦੇ ਵਿਚ ਦੁੱਗਣੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ''ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਓਮੀਕਰੋਨ ਵਾਇਰਸ ਵਿਚ ਫੈਲਣ ਦੀ ਅਦਭੁੱਤ ਸਮਰਥਾ ਹੈ। ਇਹ ਪੂਰੇ ਵਿਸ਼ਵ ਵਿਚ ਆਪਣੇ ਪੈਰ ਪਸਾਰ ਰਿਹਾ ਹੈ। ਅਮਰੀਕਾ ਵਿਚ ਕੁਲ ਕੋਰੋਨਾ ਮਾਮਲਿਆਂ ਵਿਚ ਓਮੀਕਰੋਨ ਦਾ ਹਿੱਸਾ 3% ਹੋ ਗਿਆ ਹੈ। ਦੇਸ਼ ਦੇ ਕੁਝ ਹਿੱਸਿਆਂ ਵਿਚ ਤਾਂ ਓਮੀਕਰੋਨ ਦੇ ਮਾਮਲੇ 50% ਤੱਕ ਪੁੱਜ ਗਏ ਹਨ।'' ਉਨ੍ਹਾਂ ਕਿਹਾ ਕਿ ਜੇਕਰ ਓਮੀਕਰੋਨ ਪ੍ਰਮੁੱਖ ਵਾਇਰਸ ਦੇ ਰੂਪ ਵਿਚ ਆਪਣੀ ਥਾਂ ਬਣਾ ਲੈਂਦਾ ਹੈ ਤਾਂ ਉਨ੍ਹਾਂ ਨੂੰ ਕੋਈ ਹੈਰਾਨੀ ਨਹੀਂ ਹੋਵੇਗੀ। ਡਾਕਟਰ ਫੌਸੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਅਮਰੀਕੀਆਂ ਨੇ ਕੋਵਿਡ-19 ਮਾਮਲੇ ਵਿਚ ਅਣਗਹਿਲੀ ਵਰਤੀ ਤੇ ਬਚਾਅ ਲਈ ਪਰਹੇਜ਼ ਨਾ ਕੀਤਾ ਤਾਂ ਰੋਜਾਨਾ 10 ਲੱਖ ਤੱਕ ਮਾਮਲੇ ਆ ਸਕਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਵੀ ਹਾਲਤ ਵਿਚ ਸੁਰੱਖਿਅਤ ਉਪਾਵਾਂ ਤੋਂ ਮੂੰਹ ਨਹੀਂ ਮੋੜ ਸਕਦੇ ਜੇਕਰ ਅਜਿਹਾ ਹੋਇਆ ਤਾਂ ਸਾਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ।