ਅਮਰੀਕਾ ਦੇ ਆਇਓਵਾ ਰਾਜ ਵਿੱਚ ਪਤੀ-ਪਤਨੀ ਤੇ ਧੀ ਦੀ ਹੱਤਿਆ

ਅਮਰੀਕਾ ਦੇ ਆਇਓਵਾ ਰਾਜ ਵਿੱਚ ਪਤੀ-ਪਤਨੀ ਤੇ ਧੀ ਦੀ ਹੱਤਿਆ
ਕੈਪਸ਼ਨ: ਆਇਓਵਾ ਦੇ ਕਤਲ ਕੀਤੇ ਗਏ ਟਾਈਲਰ ਸਮਿੱਟ, ਖੱਬੇ, ਅਤੇ ਉਸਦੀ ਪਤਨੀ ਸਾਰਾਹ ਆਪਣੇ ਬੇਟੇ ਅਰਲੋ ਅਤੇ ਧੀ ਲੂਲਾ ਨਾਲ, ਸੱਜੇ, ਸੀਡਰ ਫਾਲਸ, ਆਇਓਵਾ ਦੇ ਨੇੜੇ ਹਾਈਕਿੰਗ ਕਰਦਿਆਂ ਦੀ ਪੁਰਾਣੀ ਫੋਟੋ।

ਸ਼ੱਕੀ ਹਮਲਾਵਰ ਨੇ ਵੀ ਕੀਤੀ ਖੁਦਕੁੱਸ਼ੀ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 25 ਜੁਲਾਈ (ਹੁਸਨ ਲੜੋਆ ਬੰਗਾ)- ਆਇਓਵਾ ਦੇ ਇਕ ਕੈਂਪ ਮੈਦਾਨ ਵਿਚ ਪਤੀ-ਪਤਨੀ ਤੇ ਉਨਾਂ ਦੀ 6 ਸਾਲਾ ਧੀ ਦੀ ਅਣਪਛਾਤੇ ਹਮਲਾਵਰ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ । ਪਰਿਵਾਰ ਦਾ 9 ਸਾਲ ਦਾ ਬੱਚਾ ਕਿਸੇ ਤਰਾਂ ਸੁਰੱਖਿਅਤ ਬਚ ਗਿਆ। ਹਤਿਆਵਾਂ ਦੇ ਸਥਾਨ ਦੇ ਨੇੜੇ ਹੀ ਪਾਰਕ ਦੇ ਜੰਗਲੀ ਖੇਤਰ ਵਿਚੋਂ ਇਕ ਵਿਅਕਤੀ ਦੀ ਲਾਸ਼ ਮਿਲੀ ਹੈ ਜਿਸ ਦੇ ਗੋਲੀ ਵੱਜੀ ਹੋਈ ਸੀ ਤੇ ਨੇੜੇ ਹੀ ਬੰਦੂਕ ਪਈ ਸੀ। ਸਮਝਿਆ ਜਾਂਦਾ ਹੈ ਕਿ ਇਸ ਵਿਅਕਤੀ ਨੇ ਹੀ ਪਰਿਵਾਰ ਨੂੰ ਗੋਲੀਆਂ ਮਾਰਨ ਉਪਰੰਤ ਖੁਦ ਨੂੰ ਗੋਲੀ ਮਾਰ ਕੇ ਖੁਦਕੁੱਸ਼ੀ ਕੀਤੀ ਹੈ। ਇਸ ਸ਼ੱਕੀ ਹਮਲਾਵਰ ਦੀ ਪਛਾਣ 23 ਸਾਲਾ ਐਨਥਨੀ ਸ਼ੇਰਵਿਨ ਵਜੋਂ ਹੋਈ ਹੈ। ਸੀਡਰ ਫਾਲਜ ਦੇ ਮੇਅਰ ਰਾਬ  ਗਰੀਨ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਮਾਰੇ ਗਏ ਪਤੀ-ਪਤਨੀ ਤੇ ਧੀ ਦੀ ਪਛਾਣ ਕ੍ਰਮਵਾਰ 42 ਸਾਲਾ ਟਾਇਲਰ ਸਮਿਟ, ਸਰਾਹ ਸ਼ਮਿਟ (42) ਤੇ ਲੂਲਾ ਸ਼ਮਿਡਟ ਵਜੋਂ ਹੋਈ ਹੈ। ਇਹ ਘਟਨਾ ਡੇਸ ਮੋਇਨਸ, ਆਇਓਵਾ ਦੇ ਪੂਰਬ ਵਿਚ ਤਕਰੀਬਨ 180 ਮੀਲ ਦੂਰ ਮਕੋਕੇਟਾ ਕੇਵਜ ਸਟੇਟ ਪਾਰਕ ਕੈਂਪ ਮੈਦਾਨ ਦੇ ਇਕ ਟੈਂਟ ਵਿਚ ਵਾਪਰੀ ਹੈ। ਜਨਤਿਕ ਸੁਰੱਖਿਆ ਵਿਭਾਗ ਦੀ ਕ੍ਰਿਮੀਨਲ ਇਨਵੈਸਟੀਗੇਸ਼ਨ ਡਵੀਜਨ ਦੇ ਅਸਿਸਟੈਂਟ ਡਾਇਰੈਕਟਰ ਮਿਚ ਮੋਰਟਵੇਡਟ ਨੇ ਕਿਹਾ ਹੈ ਕਿ ਉਹ ਨਹੀਂ ਜਾਣਦੇ ਕਿ ਇਹ ਘਟਨਾ ਵਾਪਰਨ ਪਿੱਛੇ ਕਾਰਨ ਕੀ ਸੀ। ਹੁਣ ਤੱਕ ਜਾਂਚ ਵਿਚ ਜੋ ਸਾਹਮਣੇ ਆਇਆ ਹੈ ਉਸ ਤੋਂ ਘਟਨਾ ਤੋਂ ਪਹਿਲਾਂ ਪਰਿਵਾਰ ਤੇ ਸ਼ੱਕੀ ਹਮਲਾਵਰ ਵਿਚਾਲੇ ਕੋਈ ਤਕਰਾਰ ਹੋਣ ਦਾ ਕੋਈ ਸੰਕੇਤ ਨਹੀਂ ਮਿਲਿਆ। ਸਾਰਾਹ ਸ਼ਮਿਟ ਦੇ ਭਰਾ ਐਡਮ ਮੋਰਹਾਊਸ ਨੇ ਕਿਹਾ ਹੈ ਕਿ ਪਰਿਵਾਰ ਦਾ ਸ਼ੱਕੀ ਕਾਤਲ ਸ਼ੇਰਵਿਨ ਨਾਲ ਕੋਈ ਸਬੰਧ ਨਹੀਂ ਹੈ। ਉਸ ਦਾ ਵਿਸ਼ਵਾਸ਼ ਹੈ ਕਿ ਇਹ ਮੁਕੰਮਲ ਰੂਪ ਵਿਚ ਬਿਨਾਂ ਸੋਚੇ ਸਮਝੇ ਕੀਤਾ ਗਿਆ ਕਾਰਾ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।