ਵਿਵਾਦਾਂ ਵਿਚ ਘਿਰੇ ਨਿਊਯਾਰਕ ਦੇ ਗਵਰਨਰ ਨੇ ਆਖਿਰਕਾਰ ਅਸਤੀਫਾ ਦੇਣ ਦਾ ਕੀਤਾ ਐਲਾਨ
ਅੰਮ੍ਰਿਤਸਰ ਟਾਈਮਜ਼ ਬਿਉਰੋ
ਸੈਕਰਾਮੈਂਟੋ: (ਹੁਸਨ ਲੜੋਆ ਬੰਗਾ)ਸੈਕਸ ਸ਼ੋਸ਼ਣ ਦੇ ਮਾਮਲੇ ਵਿਚ ਘਿਰੇ ਨਿਊਯਾਰਕ ਦੇ ਡੈਮੋਕਰੈਟਿਕ ਮੇਅਰ ਐਂਡਰੀਊ ਕੂਮੋ ਨੇ ਹੋ ਰਹੀ ਅਲੋਚਨਾ ਦੇ ਮੱਦੇਨਜਰ ਆਖਿਰਕਾਰ ਵਿਰੋਧੀਆਂ ਦੇ ਦਬਾਅ ਹੇਠ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ। ਸੈਕਸ ਸ਼ੋਸ਼ਣ ਮਾਮਲੇ ਨੇ ਕੂਮੋ ਦਾ ਰਾਜਸੀ ਭਵਿੱਖ ਪੱਟੜੀ ਉਪਰੋਂ ਲਾਹ ਦਿੱਤਾ ਹੈ। ਕੋਰੋਨਾਵਾਇਰਸ ਮਹਾਮਾਰੀ ਦੌਰਾਨ ਕੂਮੋ ਦਾ ਕੱਦ ਕਾਠ ਜਿਸ ਤਰਾਂ ਰਾਸ਼ਟਰੀ ਪੱਧਰ 'ਤੇ ਉਚਾਈਆਂ ਛੋਹ ਗਿਆ ਸੀ ,ਓਨੀ ਹੀ ਤੇਜੀ ਨਾਲ ਉਹ ਜਮੀਨ ਉਪਰ ਆ ਡਿੱਗਾ ਹੈ। ਕੂਮੋ ਨੇ ਆਪਣੇ ਅਸਤੀਫੇ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਉਸ ਦਾ ਇਹ ਫੈਸਲਾ 14 ਦਿਨਾਂ ਅੰਦਰ ਲਾਗੂ ਹੋ ਜਾਵੇਗਾ। ਉਨਾਂ ਕਿਹਾ ਹੈ ਕਿ '' ਇਸ ਵੇਲੇ ਮੇਰੇ ਲਈ ਮੱਦਦ ਕਰਨ ਦਾ ਵਧੀਆ ਤਰੀਕਾ ਇਹ ਹੀ ਹੈ ਕਿ ਮੈ ਆਪਣਾ ਅਹੁੱਦਾ ਛੱਡ ਦੇਵਾਂ ਤੇ ਸਰਕਾਰ ਨੂੰ ਕੰਮ ਕਰਨ ਦੇਵਾਂ। ਇਸ ਲਈ ਮੈ ਆਪਣਾ ਅਸਤੀਫਾ ਦੇਣ ਦਾ ਐਲਾਨ ਕਰਦਾ ਹਾਂ।'' ਕੂਮੋ ਦੀ ਜਗਾ ਲੈਫਟੀਨੈਂਟ ਗਵਰਨਰ ਕੈਥੀ ਹੋਚਲ ਨਿਊਯਾਰਕ ਦੇ ਗਵਰਨਰ ਵਜੋਂ ਸਹੁੰ ਚੁੱਕੇਗੀ। ਉਹ ਪਹਿਲੀ ਔਰਤ ਹੋਵੇਗੀ ਜਿਸ ਨੂੰ ਨਿਊਯਾਰਕ ਦਾ ਗਵਰਨਰ ਬਣਨ ਦਾ ਮਾਣ ਪ੍ਰਾਪਤ ਹੋਵੇਗਾ। ਇਥੇ ਜਿਕਰਯੋਗ ਹੈ ਕਿ ਪਿਛਲੇ 5 ਮਹੀਨਿਆਂ ਤੋਂ 63 ਸਾਲਾ ਕੂਮੋ ਵਿਵਾਦਾਂ ਵਿਚ ਰਹੇ ਹਨ। ਰਾਜ ਦੀਆਂ ਬਹੁਤ ਸਾਰੀਆਂ ਮੌਜੂਦਾ ਤੇ ਸਾਬਕਾ ਔਰਤ ਮੁਲਾਜ਼ਮਾਂ ਨੇ ਜਨਤਿਕ ਤੌਰ 'ਤੇ ਉਸ ਉਪਰ ਅਣਉਚਿੱਤ ਵਿਵਹਾਰ ਕਰਨ ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਸਨ। ਇਸ ਤੋਂ ਇਲਾਵਾ ਉਸ ਦੇ ਪ੍ਰਸ਼ਾਸਨ ਉਪਰ ਕੋਵਿਡ-19 ਨਾਲ ਹੋਈਆਂ ਮੌਤਾਂ ਦੀ ਅਸਲ ਗਿਣਤੀ ਛੁਪਾਉਣ ਦੇ ਦੋਸ਼ ਵੀ ਲੱਗੇ ਸਨ।
Comments (0)