ਉਟਾਹ ਵਿਚ ਇਕ ਵਿਅਕਤੀ ਵੱਲੋਂ ਪਰਿਵਾਰ ਦੇ 7 ਜੀਆਂ ਦੀ ਹੱਤਿਆ ਕਰਨ ਉਪਰੰਤ ਖੁਦਕੁੱਸ਼ੀ

ਉਟਾਹ ਵਿਚ ਇਕ ਵਿਅਕਤੀ ਵੱਲੋਂ ਪਰਿਵਾਰ ਦੇ 7 ਜੀਆਂ ਦੀ ਹੱਤਿਆ ਕਰਨ ਉਪਰੰਤ ਖੁਦਕੁੱਸ਼ੀ
ਕੈਪਸ਼ਨ : ਇਨੋਕ (ਉਟਾਹ) ਵਿਚ ਮ੍ਰਿਤਕ ਪਰਿਵਾਰ ਦੇ ਘਰ ਦੀ ਪੁਲਿਸ ਵੱਲੋਂ ਕੀਤੀ ਗਈ ਘੇਰਾਬੰਦੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਉਟਾਹ ਦੇ ਦਿਹਾਤੀ ਖੇਤਰ ਦੇ ਇਨੋਕ ਸ਼ਹਿਰ ਦੇ ਇਕ ਘਰ ਵਿਚ ਪਰਿਵਾਰ ਦੇ 8 ਜੀਅ ਮ੍ਰਿਤਕ ਮਿਲੇ ਹਨ ਜਿਨ੍ਹਾਂ ਦੇ ਗੋਲੀਆਂ ਵੱਜੀਆਂ  ਹੋਈਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਇਹ ਸਪੱਸ਼ਟ ਰੂਪ ਵਿਚ ਹੱਤਿਆਵਾਂ ਉਪਰੰਤ ਖੁਦਕੁੱਸ਼ੀ ਦਾ ਮਾਮਲਾ ਹੈ।  ਪੁਲਿਸ ਨੇ ਸ਼ੱਕੀ ਦੋਸ਼ੀ ਦੀ ਪਛਾਣ 42 ਸਾਲਾ ਮਾਈਕਲ ਹੇਟ ਵਜੋਂ ਕੀਤੀ ਹੈ। ਪੁਲਿਸ ਅਨੁਸਾਰ ਹੇਟ ਨੇ ਆਪਣੇ ਪੂਰੇ ਪਰਿਵਾਰ ਦੀਆਂ ਹੱਤਿਆਵਾਂ ਕਰਨ ਉਪਰੰਤ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁੱਸ਼ੀ ਕੀਤੀ ਹੈ। ਮ੍ਰਿਤਕਾਂ ਵਿਚ ਹੇਟ ਦੀ ਪਤਨੀ ਟਾਊਸ਼ਾ ਹੇਟ (40) ਤੇ ਟਾਊਸ਼ਾ ਦੀ ਮਾਂ ਗੇਲ ਅਰਲ (78) ਸ਼ਾਮਲ ਹਨ। ਉਨ੍ਹਾਂ ਤੋਂ ਇਲਾਵਾ ਹੋਰ ਮ੍ਰਿਤਕਾਂ ਵਿਚ ਸ਼ੱਕੀ ਦੋਸ਼ੀ ਦੇ ਬੱਚੇ 17, 12 ਤੇ 7 ਸਾਲ ਦੀਆਂ 3 ਲੜਕੀਆਂ ਤੇ 7 ਅਤੇ 4 ਸਾਲ ਦੇ 2 ਲੜਕੇ ਸ਼ਾਮਿਲ ਹਨ। ਇਨੋਕ ਸ਼ਹਿਰ ਦੇ ਮੈਨੇਜਰ ਰਾਬ ਡੋਟਸਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਮੌਕੇ ਤੋਂ ਮਿਲੇ ਸਬੂਤਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਸ਼ੱਕੀ ਨੇ ਆਪਣੇ ਪਰਿਵਾਰ ਦੀਆਂ ਹੱਤਿਆਵਾਂ ਕਰਨ ਉਪਰੰਤ ਖੁਦਕੁੱਸ਼ੀ ਕੀਤੀ ਹੈ। ਇਸ ਘਟਨਾ ਉਪਰੰਤ ਸਥਾਨਕ ਭਾਈਚਾਰੇ ਵਿਚ ਸੋਗ ਦੀ ਲਹਿਰ  ਪਾਈ ਜਾ ਰਹੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹ  ਪਰਿਵਾਰ ਨੂੰ ਚੰਗੀ ਤਰਾਂ  ਜਾਣਦੇ  ਹਨ। ਉਹ ਚਰਚ ਵਿਚ ਇਕੱਠੇ ਹੁੰਦੇ ਸਨ ਤੇ ਦੁੱਖ ਸੁੱਖ ਸਾਂਝਾ ਕਰਦੇ ਸਨ। ਮ੍ਰਿਤਕ ਬੱਚੇ ਇਰੋਨ ਕਾਊਂਟੀ ਸਕੂਲ ਡਿਸਟ੍ਰਿਕਟ ਵਿਚ ਪ੍ਰੀਸਕੂਲ ਕਲਾਸ, ਐਲੀਮੈਂਟਰੀ, ਮਿਡਲ ਤੇ ਹਾਈ ਸਕੂਲ ਵਿਚ ਪੜ੍ਹਦੇ ਸਨ।