ਲੋਵਾ ਵਿਚ ਵਿਸ਼ੇਸ਼ ਆਪਰੇਸ਼ਨ ਤਹਿਤ 13 ਖਤਰਨਾਕ ਅਪਰਾਧੀ ਕਾਬੂ ਕੀਤੇ

ਲੋਵਾ ਵਿਚ ਵਿਸ਼ੇਸ਼ ਆਪਰੇਸ਼ਨ ਤਹਿਤ 13 ਖਤਰਨਾਕ ਅਪਰਾਧੀ ਕਾਬੂ ਕੀਤੇ

ਅੰਮ੍ਰਿਤਸਰ ਟਾਈਮਜ਼ 

ਸੈਕਰਾਮੈਂਟੋ 11 ਜੁਲਾਈ (ਹੁਸਨ ਲੜੋਆ ਬੰਗਾ)- ਲੋਵਾ ਰਾਜ ਵਿਚ ਯੂ ਐਸ ਮਰਸ਼ਾਲਜ ਨੇ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨਾਲ ਬਦਫੈਲੀ ਕਰਨ ਵਾਲੇ 13 ਖਤਰਨਾਕ ਅਪਰਾਧੀਆਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਯੂ ਐਸ ਮਾਰਸ਼ਲਜ ਨੇ ਜਾਰੀ ਇਕ ਪ੍ਰੈਸ ਬਿਆਨ ਵਿਚ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਇਨਾਂ ਅਪਰਾਧੀਆਂ ਵਿਚ 7 ਸਾਬਕਾ ਸਜ਼ਾਯਾਫਤਾ ਮੁਜ਼ਰਮ ਸ਼ਾਮਿਲ ਹਨ। ਇਹ ਵਿਸ਼ੇਸ਼ ਆਪਰੇਸ਼ਨ 'ਯੂ ਐਸ ਮਾਰਸ਼ਲਜ ਨਾਰਦਰਨ ਲੋਵਾ ਫਿਊਗੀਟਿਵ ਟਾਸਕ ਫੋਰਸ' ਦੁਆਰਾ ਚਲਾਇਆ ਗਿਆ ਹੈ ਜਿਸ ਤਹਿਤ ਦੋ ਬੰਦੂਕਾਂ, ਕਾਰਤੂਸ ਤੇ ਨਸ਼ੀਲੇ ਪਦਾਰਥ ਵੀ ਬਰਾਮਦ ਹੋਏ ਹਨ। ਪ੍ਰੈਸ ਬਿਆਨ ਵਿਚ ਸੁਪਰਵਾਈਜ਼ਰ ਡਿਪਟੀ ਯੂ ਐਸ ਮਾਰਸ਼ਲ ਫਿਲ ਹਰਤੁੰਗ ਨੇ ਕਿਹਾ ਹੈ ਕਿ ਇਸ ਆਪਰੇਸ਼ਨ ਦੀ ਸਫਲਤਾ ਦਾ ਸਿਹਰਾ ਆਮ ਜਨਤਾ ਨੂੰ ਜਾਂਦਾ ਹੈ ਜਿਨਾਂ ਦੀ ਚੌਕਸੀ ਕਾਰਨ ਅਪਰਾਧੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਮਿਲੀ ਹੈ। ਉਨਾਂ ਕਿਹਾ ਹੈ ਕਿ ਉਨਾਂ ਲੋਕਾਂ ਨੂੰ ਨਕਦ ਇਨਾਮ ਦਿੱਤਾ ਜਾਵੇਗਾ ਜਿਨਾਂ ਦੀ ਸੂਚਨਾ 'ਤੇ  ਸਿੱਧੇ ਤੌਰ 'ਤੇ 6 ਅਪਰਾਧੀਆਂ ਨੂੰ ਕਾਬੂ ਕੀਤਾ ਗਿਆ ਹੈ। ਉਨਾਂ ਹੋਰ ਕਿਹਾ ਕਿ ਇਹ ਆਪਰੇਸ਼ਨ ਨਿਰੰਤਰ ਜਾਰੀ ਰਹੇਗਾ ਤੇ ਸਮਾਜ ਨੂੰ ਸੁਰੱਖਿਅਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।