ਇਸਲਾਮਕ ਸਟੇਟ ਨਾਲ ਜੁੜੇ ਭਾਰਤੀ ਮੂਲ ਦੇ 66 ਜਿਹਾਦੀ :  ਅਮਰੀਕੀ ਰਿਪੋਰਟ ਨੇ ਕੀਤਾ ਦਾਅਵਾ

ਇਸਲਾਮਕ ਸਟੇਟ ਨਾਲ ਜੁੜੇ ਭਾਰਤੀ ਮੂਲ ਦੇ 66 ਜਿਹਾਦੀ :  ਅਮਰੀਕੀ ਰਿਪੋਰਟ ਨੇ ਕੀਤਾ ਦਾਅਵਾ

ਅੰਮ੍ਰਿਤਸਰ ਟਾਈਮਜ਼

ਵਾਸ਼ਿੰਗਟਨ : ਗਲੋਬਲ ਅੱਤਵਾਦੀ ਸੰਗਠਨ ਇਸਲਾਮਕ ਸਟੇਟ ਵਿਚ ਹੁਣ ਤੱਕ 66 ਭਾਰਤੀ ਮੂਲ ਦੇ ਲੜਾਕਿਆਂ ਦੇ ਹੋਣ ਦੀ ਜਾਣਕਾਰੀ ਮਿਲੀ ਹੈ। ਇਹ ਦਾਅਵਾ ਅਮਰੀਕੀ ਵਿਦੇਸ਼ ਮੰਤਰਾਲਾ ਨੇ ਅੱਤਵਾਦ ਬਾਰੇ ਜ਼ਾਰੀ ਨਵੀਂ ਰਿਪੋਰਟ ਵਿਚ ਕੀਤਾ ਹੈ। ਇਸ ਮੁਤਾਬਕ ਕੋਈ ਵਿਦੇਸ਼ੀ ਅੱਤਵਾਦੀ ਲੜਾਕਾ ਸਾਲ 2020 ਦੌਰਾਨ ਭਾਰਤ ਨਹੀਂ ਪਰਤਿਆ। ਭਾਰਤ-ਅਮਰੀਕਾ ਸਹਿਯੋਗ ਨੂੰ ਰੇਖਾਂਕਿਤ ਕਰਦੇ ਹੋਏ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਮਰੀਕਾ ਭਾਰਤ ਸਰਕਾਰ ਨਾਲ ਰਣਨੀਤਕ ਸਾਂਝੇਦਾਰੀ ਨੂੰ ਵਧਾਉਣਾ ਜਾਰੀ ਰੱਖੇਗਾ, ਜਿਸ ਵਿਚ ਦੁਵੱਲੇ ਸਬੰਧਾਂ ਜ਼ਰੀਏ, ਜਿਵੇਂ 17ਵੀਂ ਅੱਤਵਾਦ ਰੋਕੂ ਸਾਂਝੀ ਟਾਸਕ ਫੋਰਸ, ਅਕਤੂਬਰ ਵਿਚ ਤੀਜੀ ਟੂ-ਪਲੱਸ-ਟੂਮੰਤਰੀ ਪੱਧਰੀ ਵਾਰਤਾ ਸ਼ਾਮਲ ਹੈ। ਇਸ ਰਿਪੋਰਟ ਵਿਚ ਰਾਸ਼ਟਰੀ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਸਮੇਤ ਭਾਰਤੀ ਅੱਤਵਾਦ ਰੋਕੂ ਏਜੰਸੀਆਂ ਦੀ ਸਰਗਰਮੀ ਨਾਲ ਅੰਤਰਰਾਸ਼ਟਰੀ ਅਤੇ ਖੇਤਰੀ ਅੱਤਵਾਦੀ ਬਲਾਂ ਦੀ ਪਛਾਣ ਕਰਨ ਅਤੇ ਰੋਕਣ ਲਈ ਪ੍ਰਸ਼ੰਸਾ ਕੀਤੀ ਗਈ ਹੈ। ਰਿਪੋਰਟ ਵਿਚ ਕਿਹਾ ਗਿਆ, ‘ਐੱਨ.ਆਈ.ਏ. ਨੇ ਇਸਲਾਮਿਕ ਸਟੇਟ ਨਾਲ ਜੁੜੇ 34 ਮਾਮਲਿਆਂ ਦੀ ਜਾਂਚ ਕੀਤੀ ਅਤੇ 160 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਵਿਚ ਸਤੰਬਰ ਮਹੀਨੇ ਵਿਚ ਕੇਰਲ ਅਤੇ ਪੱਛਮੀ ਬੰਗਾਲ ਤੋਂ ਅਲਕਾਇਦਾ ਨਾਲ ਜੁੜੇ 10 ਮੈਂਬਰ ਸ਼ਾਮਲ ਹਨ।’ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ  ਅੱਤਵਾਦ ਤੇ ਦੇਸ਼ਾਂ ਦੀ ਰਿਪੋਰਟ 2020 ਜਾਰੀ ਕੀਤੀ। ਇਸ ਮੌਕੇ ਉਤੇ ਉਨ੍ਹਾਂ ਕਿਹਾ ਕਿ ਭਾਰਤ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਪ੍ਰਸਤਾਵ ਯੂ.ਐੱਨ.ਐੱਸ.ਸੀ.ਆਰ. 2309 ਨੂੰ ਅਤੇ ਹਵਾਈ ਅੱਡਿਆਂ ਤੇ ਸਾਮਾਨ ਦੀ ਜ਼ਰੂਰੀ ਡਿਊਲ ਸਕਰੀਨ ਐਕਸ-ਰੇਨਾਲ ਜਾਂਚ ਲਾਗੂ ਕਰਨ ਵਿਚ ਅਮਰੀਕਾ ਨਾਲ ਗਠਜੋੜ ਕਰ ਰਿਹਾ ਹੈ।