ਐਟਲਾਂਟਾ ਕੌਮਾਂਤਰੀ ਹਵਾਈ ਅੱਡੇ 'ਤੇ ਅਚਾਨਕ ਚੱਲੀ ਗੋਲੀ ਉਪਰੰਤ ਮੱਚੀ ਹਫੜਾ ਦਫੜੀ, ਕੁਝ ਸਮੇ ਲਈ ਉਡਾਣਾਂ ਰੋਕੀਆਂ

ਐਟਲਾਂਟਾ ਕੌਮਾਂਤਰੀ ਹਵਾਈ ਅੱਡੇ 'ਤੇ ਅਚਾਨਕ ਚੱਲੀ ਗੋਲੀ ਉਪਰੰਤ ਮੱਚੀ ਹਫੜਾ ਦਫੜੀ, ਕੁਝ ਸਮੇ ਲਈ ਉਡਾਣਾਂ ਰੋਕੀਆਂ
ਕੈਪਸ਼ਨ: ਐਟਲਾਂਟਾ ਕੌਮਾਂਤਰੀ ਹਵਾਈ ਅੱਡੇ ਉਪਰ ਗੋਲੀ ਚਲਣ ਉਪਰੰਤ ਪ੍ਰੇਸ਼ਾਨੀ ਦੀ ਹਾਲਤ ਵਿਚ ਨਜਰ ਆ ਰਹੇ ਯਾਤਰੀ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਹਾਰਟਸਫੀਲਡ- ਜੈਕਸਨ ਐਟਲਾਂਟਾ ਕੌਮਾਂਤਰੀ ਹਵਾਈ ਅੱਡੇ ਉਪਰ ਸਕਿਉਰਿਟੀ ਖੇਤਰ ਵਿਚ ਇਕ ਯਾਤਰੀ ਦੇ ਅਗਨ ਸ਼ਸ਼ਤਰ ਵਿਚੋਂ ਅਚਾਨਕ ਚੱਲੀ ਗੋਲੀ ਕਾਰਨ ਹਫੜਾ ਦਫੜੀ ਮੱਚ ਗਈ ਤੇ ਹਵਾਈ ਉਡਾਣਾਂ ਨੂੰ ਰੋਕਣਾ ਪਿਆ। ਹਵਾਈ ਅੱਡੇ ਦੇ ਬੁਲਾਰੇ ਐਂਡਰੀਊ ਗੋਬੀਲ ਨੇ ਕਿਹਾ ਹੈ ਕਿ ਜਦੋਂ ਦੁਪਹਿਰ 1.30 ਵਜੇ ਦੇ ਕਰੀਬ ਯਾਤਰੀ ਸਕਰੀਨਿੰਗ ਪ੍ਰਕ੍ਰਿਆ ਵਿਚੋਂ ਲੰਘ ਰਹੇ ਸਨ ਤਾਂ ਕਿਸੇ ਵਿਅਕਤੀ ਨੇ ਇਕ ਬੈਗ ਵਿਚ ਅਗਨ ਸ਼ਸ਼ਤਰ ਹੋਣ ਦੀ ਗੱਲ ਕਹੀ। ਇਸ 'ਤੇ ਜਦੋਂ ਬੈਗ ਵਿਚੋਂ ਹਥਿਆਰ ਕੱਢਿਆ ਗਿਆ ਤਾਂ ਅਚਾਨਕ ਉਸ ਵਿਚੋਂ ਚੱਲੀ ਗੋਲੀ ਕਾਰਨ ਹੋਈ ਜਬਰਦਸਤ ਆਵਾਜ਼ ਨੇ ਯਾਤਰੀਆਂ ਵਿਚ ਹਫੜਾ ਦਫੜੀ ਮਚਾ ਦਿੱਤੀ। ਯਾਤਰੀ ਇਧਰ ਉਧਰ ਦੌੜਣ ਲੱਗੇ। ਕਈ ਯਾਤਰੀਆਂ ਨੇ ਆਪਣੇ ਆਪ ਨੂੰ ਬਚਾਉਣ ਲਈ ਆਸ ਪਾਸ ਲੁਕਣ ਦਾ ਯਤਨ ਕੀਤਾ।   ਕੁਝ ਸਮੇ ਲਈ ਹਵਾਈ ਉਡਾਣਾਂ ਰੋਕਣੀਆਂ ਪਈਆਂ। ਉਨ੍ਹਾਂ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਅਨੁਸਾਰ ਕੁਝ ਸਮੇ ਬਾਅਦ ਹਵਾਈ ਅੱਡੇ ਉਪਰ ਕੰਮ ਆਮ ਦੀ ਤਰਾਂ ਹੋ ਗਿਆ ਤੇ ਉਡਾਣਾਂ ਆਪਣੇ ਨਿਰਧਾਰਤ ਹਵਾਈ ਅੱਡਿਆਂ ਲਈ ਰਵਾਨਾ ਹੋਈਆਂ। ਐਟਲਾਂਟਾ ਪੁਲਿਸ ਦੇ ਬੁਲਾਰੇ ਸਾਰਜੈਂਟ ਜਰੀਅਸ ਡਾਘਰਟੀ ਨੇ ਕਿਹਾ ਹੈ ਕਿ ਇਸ ਘਟਨਾ ਵਿਚ ਕਿਸੇ ਦੇ ਵੀ ਜ਼ਖਮੀ ਹੋਣ ਦੀ ਪੁਸ਼ਟੀ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀ ਇਹ ਨਿਸ਼ਚਤ ਕਰਨ ਲਈ ਜਾਂਚ ਕਰ ਰਹੇ ਹਨ ਕਿ ਗੋਲੀ ਕਿਸ ਹਾਲਾਤ ਵਿਚ ਚੱਲੀ। ਪੁਲਿਸ ਨੇ ਅਗਨ ਸ਼ਸ਼ਤਰ ਸਬੰਧੀ ਵੇਰਵਾ ਨਹੀਂ ਦਿੱਤਾ ਹੈ ਤੇ ਨਾ ਹੀ ਉਸ ਵਿਅਕਤੀ ਬਾਰੇ ਕੋਈ ਜਾਣਕਾਰੀ ਦਿੱਤੀ ਹੈ ਜਿਸ ਦੇ ਬੈਗ ਵਿਚੋਂ ਅਗਨ ਸ਼ਸ਼ਤਰ ਕੱਢਦੇ ਸਮੇ ਅਚਾਨਕ ਚੱਲ ਗਿਆ ਸੀ। ਜਾਂਚ ਵਿਚ ਐਟਲਾਂਟਾ ਪੁਲਿਸ ਦੀ ਐਫ ਬੀ ਆਈ ਤੇ ਏ ਟੀ ਐਫ ਸਹਾਇਤਾ ਕਰ ਰਹੇ ਹਨ। ਵਾਈਟ ਹਾਊਸ ਵੀ ਸਥਿੱਤੀ ਉਪਰ ਨਜਰ ਰਖ ਰਿਹਾ ਹੈ।