ਏਸ਼ੀਅਨ ਵਿਦਿਆਰਥੀਆਂ ਉਪਰ ਨਸਲੀ ਹਮਲਾ ਕਰਨ ਦੇ ਮਾਮਲੇ ਵਿਚ 4 ਵਿਰੁੱਧ ਦੋਸ਼ ਆਇਦ

ਏਸ਼ੀਅਨ ਵਿਦਿਆਰਥੀਆਂ ਉਪਰ ਨਸਲੀ ਹਮਲਾ ਕਰਨ ਦੇ ਮਾਮਲੇ ਵਿਚ 4 ਵਿਰੁੱਧ ਦੋਸ਼ ਆਇਦ
ਕੈਪਸ਼ਨ: ਪੁਲਿਸ ਮੁੱਖੀ ਥਾਮਸ ਨੈਸਟੈਲ ਨਸਲੀ ਹਮਲੇ ਬਾਰੇ ਜਾਣਕਾਰੀ ਦਿੰਦੇ ਹੋਏ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਇਸ ਹਫਤੇ ਫਿਲਾਡੈਲਫੀਆ ਵਿਚ ਇਕ ਰੇਲ ਗੱਡੀ ਵਿਚ ਸਵਾਰ ਏਸ਼ੀਅਨ ਵਿਦਿਆਰਥੀਆਂ ਦੇ ਇਕ ਸਮੂੰਹ ਉਪਰ ਹਮਲਾ ਕਰਨ ਦੇ ਮਾਮਲੇ ਵਿਚ 4 ਨਬਾਲਗ ਲੜਕੀਆਂ ਵਿਰੁੱਧ ਨਸਲੀ ਨਫਰਤ ਤਹਿਤ ਡਰਾਉਣ ਧਮਕਾਉਣ ਦੇ ਦੋਸ਼ ਆਇਦ ਕੀਤੇ ਗਏ ਹਨ। ਇਹ ਜਾਣਕਾਰੀ ਫਿਲਾਡੈਲਫੀਆ ਦੇ ਜਿਲ੍ਹਾ ਅਟਾਰਨੀ ਲੈਰੀ ਕਰਾਸਨਰ ਨੇ ਜਾਰੀ ਇਕ ਬਿਆਨ ਵਿਚ ਦਿੱਤੀ ਹੈ। ਪੁਲਿਸ ਮੁੱਖੀ ਥਾਮਸ ਨੈਸਟੈਲ ਦੱਖਣੀ ਪੈਨਸਿਲਵਾਨੀਆ ਟਰਾਂਸਪੋਰਟ ਅਥਾਰਟੀ ਨੇ ਕਿਹਾ ਹੈ ਕਿ ਲੰਘੇ ਬੁੱਧਵਾਰ ਓਲਨੇਅ ਤੋਂ ਰੇਲ ਗੱਡੀ ਵਿਚ ਏਸ਼ੀਅਨ ਵਿਦਿਆਰਥੀ ਜਿਨ੍ਹਾਂ ਵਿਚ 3 ਮੁੰਡੇ ਤੇ ਇਕ ਕੁੜੀ ਸ਼ਾਮਿਲ ਸੀ, ਸਵਾਰ ਹੋੋਏ ਸਨ। ਉਨ੍ਹਾਂ ਉਪਰ 4 ਲੜਕੀਆਂ ਵੱਲੋਂ ਹਮਲਾ ਕੀਤਾ ਗਿਆ ਜਿਨ੍ਹਾਂ ਨੇ ਹਮਲੇ ਸਮੇ ਨਸਲੀ ਸ਼ਬਦਾਂ ਦੀ ਵਰਤੋਂ ਵੀ ਕੀਤੀ। ਪੁਲਿਸ ਮੁੱਖੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਹਮਲਾ ਬਿਨਾਂ ਕਿਸੇ ਕਾਰਨ ਕੀਤਾ ਗਿਆ ਤੇ ਨਿਸ਼ਚਤ ਤੌਰ 'ਤੇ ਇਹ ਨਸਲੀ ਹਮਲਾ ਸੀ। ਪੀੜਤ ਵਿਦਿਆਰਥੀਆਂ ਨੇ ਦੱਸਿਆ ਕਿ ਹਮਲਾਵਰਾਂ ਨੇ ਉਨ੍ਹਾਂ ਦੇ ਮੂਲ ਨੂੰ ਲੈ ਕੇ ਉਨ੍ਹਾਂ ਦਾ ਮਜ਼ਾਕ ਉਡਾਇਆ ਤੇ ਕਈ ਤਰਾਂ ਦੇ  ਅਪ ਸ਼ਬਦ ਬੋਲੇ। ਹਮਲੇ ਦੌਰਾਨ ਲੜਕੀ ਬੁਰੀ ਤਰਾਂ ਜ਼ਖਮੀ ਹੋ ਗਈ ਸੀ ਤੇ ਉਸ ਨੂੰ ਮਰਹਮ ਪੱਟੀ ਲਈ ਹਸਪਤਾਲ ਲਿਜਾਇਆ ਗਿਆ ਸੀ। ਪੁਲਿਸ ਅਨੁਸਾਰ ਸਾਰੀਆਂ ਸ਼ੱਕੀ ਦੋਸ਼ੀ ਸ਼ਾਹਫਿਆਮ ਲੜਕੀਆਂ ਹਨ ਤੇ ਉਨ੍ਹਾਂ ਦੀ ਉਮਰ 13 ਤੋਂ 16 ਸਾਲਾਂ ਦੇ ਵਿਚਕਾਰ ਹੈ।