ਕੋਲੋਰਾਡੋ ਦੇ ਇਕ ਹਾਈ ਸਕੂਲ ਨੇੜੇ ਹੋਈ ਗੋਲੀਬਾਰੀ ਵਿਚ 6 ਵਿਦਿਆਰਥੀ ਜ਼ਖਮੀ

ਕੋਲੋਰਾਡੋ ਦੇ ਇਕ ਹਾਈ ਸਕੂਲ ਨੇੜੇ ਹੋਈ ਗੋਲੀਬਾਰੀ ਵਿਚ 6 ਵਿਦਿਆਰਥੀ ਜ਼ਖਮੀ
ਕੈਪਸ਼ਨ : ਗੋਲੀਬਾਰੀ ਦੀ ਘਟਨਾ ਉਪਰੰਤ ਸਕੂਲ ਵਿਚ ਪੁੱਜੀ ਪੁਲਿਸ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)-ਔਰੋਰਾ (ਕੋਲੋਰਾਡੋ) ਦੇ ਇਕ ਹਾਈ ਸਕੂਲ ਦੇ ਨਾਲ ਲੱਗਦੇ ਪਾਰਕ ਵਿਚ ਹੋਈ ਗੋਲੀਬਾਰੀ ਵਿਚ 14 ਤੋਂ 18 ਸਾਲਾਂ ਦੇ 6 ਨੌਜਵਾਨ ਜ਼ਖਮੀ ਹੋ ਗਏ। ਪੁਿਲਸ ਮੁੱਖੀ ਵੈਨੇਸਾ ਵਿਲਸਨ ਨੇ ਕਿਹਾ ਹੈ ਕਿ ਜ਼ਖਮੀ ਹੋਏ ਸਾਰੇ ਵਿਦਿਆਰਥੀ ਔਰੋਰਾ ਸੈਂਟਰਲ ਹਾਈ ਸਕੂਲ ਦੇ ਹਨ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਿਲਸ ਮੁੱਖੀ ਨੇ ਕਿਹਾ ਕਿ ਮੌਕੇ ਉਪਰੋਂ ਵੱਖ ਵੱਖ ਬੰਦੂਕਾਂ ਵਿਚੋਂ ਚਲੇ ਹੋਏ ਕਾਰਤੂਸ ਮਿਲੇ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਘਟਨਾ ਵਿਚ ਇਕ ਤੋਂ ਜਿਆਦਾ ਸ਼ੱਕੀ ਸ਼ਾਮਿਲ ਸਨ। ਵਿਲਸਨ ਨੇ ਕਿਹਾ ਕਿ ਸਾਰੇ ਜ਼ਖਮੀ ਵਿਦਿਆਰਥੀਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ। ਘੱਟੋ ਘੱਟ 30 ਗੋਲੀਆਂ ਚੱਲੀਆਂ ਹਨ। ਪੁਲਿਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ ਤੇ ਜ਼ਖਮੀ ਹੋਏ ਵਿਦਿਆਰਥੀਆਂ ਕੋਲੋਂ ਵੀ ਘਟਨਾ ਸਬੰਧੀ ਪੁੱਛਗਿੱਛ ਕੀਤੀ ਗਈ ਹੈ। ਪੁਲਿਸ ਮੁੱਖੀ ਨੇ ਅਪੀਲ ਕੀਤੀ ਹੈ ਕਿ ਜਿਸ ਵੀ ਕਿਸੇ ਨੂੰ ਘਟਨਾ ਸਬੰਧੀ ਕੋਈ ਜਾਣਕਾਰੀ ਹੈ , ਉਹ ਪੁਲਿਸ ਨੂੰ ਦੱਸਣ ਲਈ ਅੱਗੇ ਆਵੇ।  ਉਨ੍ਹਾਂ ਕਿਹਾ ਕਿ ਗੋਲੀਬਾਰੀ ਦੀਆਂ ਘਟਨਾਵਾਂ ਇਕ ਸਮਾਜਿਕ ਸੰਕਟ ਹੈ ਜਿਸ ਦਾ ਹੱਲ ਇਕਜੁੱਟ ਹੋ ਕੇ ਹੀ ਲੱਭਿਆ ਜਾ ਸਕਦਾ ਹੈ।  ਨੋਮ ਪਾਰਕ ਜਿਸ ਵਿਚ ਗੋਲੀਬਾਰੀ ਹੋਈ, ਸੈਂਟਰਲ ਹਾਈ ਸਕੂਲ ਦੇ ਦੱਖਣ ਵਾਲੇ ਪਾਸੇ ਹੈ ਤੇ ਇਹ 8 ਏਕੜ ਵਿਚ ਫੈਲਿਆ ਹੋਇਆ ਹੈ। ਇਸ ਵਿਚ ਇਕ ਖੇਡ ਦਾ ਮੈਦਾਨ ਹੈ ਤੇ ਬਾਗ ਹੈ ਜਿਥੇ ਅਕਸਰ ਲੋਕ ਸੈਰ ਕਰਨ ਲਈ ਆਉਂਦੇ ਹਨ। ਔਰੋਰਾ ਸੈਂਟਰਲ ਹਾਈ ਸਕੂਲ ਵਿਚ 2000 ਤੋਂ ਵਧ ਵਿਦਿਆਰਥੀ ਪੜ੍ਹਦੇ ਹਨ।