ਕਾਮਿਆਂ ਦੀ ਘਾਟ ਕਾਰਨ ਬੰਦਰਗਾਹਾਂ 'ਤੇ ਸਮਾਨ ਲਾਹੁਣ ਵਿਚ ਹੋ ਰਹੀ ਦੇਰੀ ਦੇ ਸਿੱਟੇ ਵਜੋਂ ਮੰਗ ਤੇ ਸਪਲਾਈ ਵਿਚ ਪਾੜਾ ਵਧਿਆ
* ਖਪਤਾਕਾਰ ਨੂੰ ਪੈ ਰਹੀ ਹੈ ਮਹਿੰਗਾਈ ਦੀ ਮਾਰ
ਅੰਮ੍ਰਿਤਸਰ ਟਾਈਮਜ਼
ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਕੈਲੀਫੋਰਨੀਆ ਦੀਆਂ ਵੱਡੀਆਂ ਬੰਦਰਗਾਹਾਂ ਉਪਰ ਵਰਕਰਾਂ ਦੀ ਘਾਟ ਕਾਰਨ ਸਮੁੰਦਰੀ ਜਹਾਜ਼ਾਂ ਵਿਚੋਂ ਸਮਾਨ ਲਾਹੁਣ ਵਿਚ ਹੋ ਰਹੀ ਦੇਰੀ ਦੇ ਸਿੱਟੇ ਵਜੋਂ ਸਪਲਾਈ ਤੇ ਮੰਗ ਵਿਚ ਪਾੜਾ ਵਧ ਰਿਹਾ ਹੈ ਜਿਸ ਕਾਰਨ ਖਪਤਕਾਰਾਂ ਨੂੰ ਵਧ ਕੀਮਤਾਂ ਦੇਣੀਆਂ ਪੈ ਰਹੀਆਂ ਹਨ। ਲਾਸ ਏਂਜਲਸ ਤੇ ਲਾਂਗ ਬੀਚ ਬੰੰਦਰਗਾਹਾਂ ਉਪਰ ਦਰਜਨਾਂ ਕੰਟੇਨਰ ਸ਼ਿੱਪ ਸਮਾਨ ਲਾਹੁਣ ਲਈ ਆਪਣੀ ਵਾਰੀ ਦੀ ਉਡੀਕ ਵਿਚ ਖੜੇ ਹਨ। ਅਮਰੀਕਾ ਦੀ ਬਹੁ ਕੌਮੀ ਨਿਵੇਸ਼ ਬੈਂਕ ਤੇ ਵਿੱਤੀ ਸੇਵਾਵਾਂ ਦੇਣ ਵਾਲੀ ਕੰਪਨੀ ਗੋਲਡਮੈਨ ਸੱਚ ਗਰੁੱਪ ਇੰਕ ਦੇ ਇਕ ਅਨੁਮਾਨ ਅਨੁਸਾਰ ਇਨਾਂ ਦੋ ਬੰਦਰਗਾਹਾਂ ਉਪਰ ਹੀ 24 ਅਰਬ ਡਾਲਰ ਤੋਂ ਵਧ ਦਾ ਸਮਾਨ ਸਮੁੰਦਰੀ ਮਾਲ ਵਾਹਕ ਜਹਾਜ਼ਾਂ ਵਿਚ ਭਰਿਆ ਪਿਆ ਹੈ। ਬੈਂਕ ਨਾਲ ਜੁੜੇ ਆਰਥਕ ਮਾਹਿਰਾਂ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਇਸ ਸਮੱਸਿਆ ਦਾ ਫੌਰੀ ਹੱਲ ਨਜਰ ਨਹੀਂ ਆ ਰਿਹਾ ਜਿਸ ਕਾਰਨ ਸਪਲਾਈ ਤੇ ਮੰਗ ਵਿਚਾਲੇ ਅਸੰਤੁਲਣ ਬਣਿਆ ਰਹੇਗਾ। ਖਪਤਕਾਰਾਂ ਕੋਲ ਵਧ ਪੈਸੇ ਦੇਣ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਬਚਿਆ ਹੈ। ਸਤੰਬਰ ਮਹੀਨੇ ਵਿਚ ਲਾਸ ਏਂਜਲਸ ਤੇ ਲਾਂਗ ਬੀਚ ਬੰਦਰਗਾਹਾਂ ਉਪਰ ਤਕਰੀਬਨ ਇਕ ਤਿਹਾਈ ਕੰਟੇਨਰਾਂ ਨੂੰ ਖਾਲੀ ਕਰਨ ਲਈ 5 ਦਿਨਾਂ ਤੋਂ ਵਧ ਸਮਾਂ ਉਡੀਕ ਕਰਨੀ ਪਈ ਸੀ। ਕੰਪਨੀ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਸ ਸਬੰਧੀ ਕੋਈ ਕਾਰਗਰ ਕਾਰਵਾਈ ਨਾ ਕੀਤੀ ਗਈ ਤਾਂ ਇਹ ਸੰਕਟ ਅਗਲੇ ਸਾਲ ਵੀ ਬਣੇ ਰਹਿਣ ਦੀ ਸੰਭਾਵਨਾ ਹੈ। ਇਥੇ ਜਿਕਰਯੋਗ ਹੈ ਕਿ ਇਸ ਮਹੀਨੇ ਦੇ ਸ਼ੁਰੂ ਵਿਚ ਵਾਈਟ ਹਾਊਸ ਨੇ ਲਾਸ ਏਂਜਲਸ ਬੰਦਰਗਾਹ, ਯੁਨੀਅਨਾਂ ਤੇ ਅਨੇਕਾਂ ਵੱਡੀਆਂ ਕੰਪਨੀਆਂ ਵੱਲੋਂ ਸੰਕਲਪ ਦਾ ਐਲਾਨ ਕੀਤਾ ਸੀ ਕਿ ਉਹ ਕੰਨਟੇਨਰਾਂ ਨੂੰ ਖਾਲੀ ਕਰਨ ਲਈ ਹਫਤੇ ਦੇ ਸੱਤੇ ਦਿਨ 24 ਘੰਟੇ ਕੰਮ ਕਰਨਗੇ। ਗੋਲਡਮੈਨ ਸੱਚ ਬੈਂਕ ਨੇ ਕਿਹਾ ਹੈ ਕਿ ਵਾਈਟ ਹਾਊਸ ਦੇ ਐਲਾਨ ਨਾਲ ਬਹੁਤਾ ਫਰਕ ਨਹੀਂ ਪਵੇਗਾ ਕਿਉਂਕਿ ਇਸ ਵਾਸਤੇ ਹੋਰ ਬੰਦਰਗਾਹਾਂ, ਟਰੱਕ ਡਰਾਈਵਰਾਂ, ਰੇਲ ਆਪਰੇਟਰਾਂ ਤੇ ਵੇਅਰ ਹਾਊਸਜ ਤੋਂ ਵੀ ਸਹਿਯੋਗ ਦੀ ਲੋੜ ਹੈ। ਬੈਂਕ ਅਨੁਸਾਰ ਸਭ ਤੋਂ ਵੱਡਾ ਮੁੱਦਾ ਟਰੱਕ ਡਰਾਈਵਰਾਂ ਸਮੇਤ ਵਰਕਰਾਂ ਦੀ ਘਾਟ ਹੈ। ਇਸ ਘਾਟ ਨੂੰ ਪੂਰਾ ਕਰਕੇ ਹੀ ਸਮੱਸਿਆ ਦਾ ਹੱਲ ਸੰਭਵ ਹੈ।
Comments (0)