ਕੈਲੀਫੋਰਨੀਆ ਦੀ ਜ਼ਿਮਨੀ ਚੋਣ ਵਿਚ ਭਾਰਤੀ ਮੂਲ ਦੀ ਅਮਰੀਕਨ  ਵਕੀਲ ਚੋਣ ਹਾਰੀ

ਕੈਲੀਫੋਰਨੀਆ ਦੀ ਜ਼ਿਮਨੀ ਚੋਣ ਵਿਚ ਭਾਰਤੀ ਮੂਲ ਦੀ ਅਮਰੀਕਨ  ਵਕੀਲ ਚੋਣ ਹਾਰੀ
ਫੋਟੋ ਕੈਪਸ਼ਨ: ਜੇਤੂ ਰਹੀ ਮੀਆ ਬੋਂਟਾ ਖੱਬੇ ਅਤੇ ਸਮਾਜਿਕ ਨਿਆਂ ਅਟਾਰਨੀ ਜਨਾਨੀ ਰਾਮਚੰਦਰਨ (ਹਾਰੀ) ਨੇ ਕੈਲੀਫੋਰਨੀਆ ਦੇ 18 ਵੀਂ ਅਸੈਂਬਲੀ ਜ਼ਿਲ੍ਹੇ ਦੇ ਪ੍ਰਤੀਨਿਧੀ ਲਈ ਚੋਣ ਲੜੀ ।

ਅਟਾਰਨੀ ਜਨਰਲ ਦੀ ਪਤਨੀ ਮਿਆ ਬੌਂਟੀ ਨੇ ਬਾਜੀ ਮਾਰੀ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਕੈਲੀਫੋਰਨੀਆ ਦੇ ਵਿਧਾਨ ਸਭਾ ਹਲਕੇ ਡਿਸਟ੍ਰਿਕਟ 18 ਦੀ ਹੋਈ ਜ਼ਿਮਨੀ ਚੋਣ ਵਿਚ ਡੈਮੋਕਰੈਟਿਕ ਉਮੀਦਵਾਰ ਭਾਰਤੀ ਮੂਲ ਦੀ ਵਕੀਲ ਜਨਨੀ ਰਾਮਚੰਦਰਨ ਚੋਣ ਹਾਰ ਗਈ ਹੈ। ਉਸ ਨੂੰ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਬੌਂਟਾ ਦੀ ਪਤਨੀ ਮਿਆ ਬੌਂਟਾ ਨੇ ਹਰਾਇਆ। ਬੌਂਟਾ ਨੂੰ 63000 ਤੋਂ ਵਧ ਵੋਟਾਂ ਦੀ ਗਿਣਤੀ ਹੋਣ ਉਪਰੰਤ 56% ਵੋਟਾਂ ਮਿਲੀਆਂ। ਹਾਲਾਂ ਕਿ ਸਰਕਾਰੀ ਤੌਰ 'ਤੇ ਨਤੀਜੇ ਦਾ ਐਲਾਨ 10 ਸਤੰਬਰ ਨੂੰ ਹੋਵੇਗਾ ਪਰੰਤੂ ਮਿਆ ਬੌਂਟਾ ਨੂੰ ਜੇਤੂ ਐਲਾਨ ਦਿੱਤਾ ਗਿਆ ਹੈ। ਇਥੇ ਜਿਕਰਯੋਗ ਹੈ ਕਿ ਰੌਬ ਬੌਂਟਾ ਨੂੰ ਗਵਰਨਰ ਗੈਵਿਨ ਨਿਊਸੋਮ ਨੇ ਅਟਾਰਨੀ ਜਨਰਲ ਨਿਯੁਕਤ ਕਰ ਦਿੱਤਾ ਸੀ ਜਿਸ ਉਪਰੰਤ ਅਪ੍ਰੈਲ ਵਿਚ ਉਸ ਨੇ ਵਿਧਾਨ ਸਭਾ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਆਪਣੀ ਪਤਨੀ ਮਿਆ ਬੌਂਟਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਸੀ। ਮਿਆ ਬੌਂਟਾ ਕੈਲੀਫੋਰਨੀਆ ਦੀ ਜਾਣੀ ਪਛਾਣੀ ਸਖਸ਼ੀਅਤ ਹੈ ਤੇ ਉਹ ਅਲਾਮੇਡਾ ਸਕੂਲ ਬੋਰਡ ਦੀ ਪ੍ਰਧਾਨ ਹੈ। ਉਹ ਓਕਲੈਂਡ ਪ੍ਰਾਮਿਸ ਕਾਲਜ ਦੀ ਕਾਰਜਕਾਰੀ ਮੁੱਖੀ ਹੈ। 29 ਸਾਲਾ ਰਾਮਾਚੰਦਰਨ ਸਮਾਜਿਕ ਨਿਆਂ ਦੀ ਵਕੀਲ ਹੈ ਤੇ ਉਹ ਓਕਲੈਂਡ ਪਬਲਿਕ ਐਥਿਕਸ ਕਮਿਸ਼ਨ ਵਿਚ ਵੀ ਸੇਵਾ ਨਿਭਾ ਚੁੱਕੀ ਹੈ।