ਕਾਰੋਬਾਰੀ ਅਦਾਰੇ ਆਪਣੇ ਸਾਰੇ ਮੁਲਾਜ਼ਮਾਂ ਦਾ ਕੋਵਿਡ ਟੀਕਾਕਰਣ ਕਰਵਾਉਣ-ਬਾਈਡਨ
* ਕਿਰਤ ਵਿਭਾਗ ਦੇ ਨਵੇਂ ਨਿਯਮ ਦਾ ਐਲਾਨ
ਅੰਮ੍ਰਿਤਸਰ ਟਾਈਮਜ਼ ਬਿਉਰੋ
ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਰਾਸ਼ਟਰਪਤੀ ਜੋ ਬਾਈਡਨ ਨੇ ਆਪਣੇ ਪ੍ਰਸ਼ਾਸਨ ਦੀ ਕੋਵਿਡ -19 ਟੀਕਾਕਰਣ ਮੁਹਿੰਮ ਨੂੰ ਹੋਰ ਕਾਰਗਰ ਬਣਾਉਣ ਲਈ ਹੋਰ ਕਦਮ ਚੁੱਕਣ ਦਾ ਐਲਾਨ ਕੀਤਾ ਹੈ। ਉਨਾਂ ਨੇ ਕਿਰਤ ਵਿਭਾਗ ਦੇ ਨਵੇਂ ਨਿਯਮ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਉਨਾਂ ਕਾਰੋਬਾਰੀ ਅਦਾਰਿਆਂ ਲਈ ਆਪਣੇ ਸਾਰੇ ਮੁਲਾਜ਼ਮਾਂ ਦਾ ਕੋਵਿਡ-19 ਤੋਂ ਬਚਾਅ ਲਈ ਟੀਕਾਕਰਣ ਕਰਵਾਉਣਾ ਲਾਜਮੀ ਹੋਵੇਗਾ ਜਿਨਾਂ ਵਿਚ 100 ਜਾਂ ਇਸ ਤੋਂ ਵਧ ਮੁਲਾਜ਼ਮ ਕੰਮ ਕਰਦੇ ਹਨ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਨਾਂ ਨੂੰ ਆਪਣੇ ਮੁਲਾਜ਼ਮਾਂ ਦਾ ਹਫਤੇ ਵਿਚ ਘੱਟੋ ਘੱਟ ਇਕ ਵਾਰੀ ਕੋਵਿਡ ਟੈਸਟ ਕਰਵਾਉਣਾ ਪਵੇਗਾ ਤੇ ਇਸ ਸਬੰਧੀ ਰਿਪੋਰਟ ਦੇਣੀ ਪਵੇਗੀ। ਇਸ ਤੋਂ ਇਲਾਵਾ ਰਾਸ਼ਟਰਪਤੀ ਨੇ ਇਕ ਆਦੇਸ਼ ਉਪਰ ਦਸਤਖਤ ਕੀਤੇ ਹਨ ਜਿਸ ਤਹਿਤ ਸੰਘੀ ਵਰਕਰਾਂ ਤੇ ਠੇਕੇਦਾਰਾਂ ਨੂੰ ਕੋਵਿਡ-19 ਤੋਂ ਬਚਾਅ ਲਈ ਟੀਕੇ ਲਵਾਉਣੇ ਪੈਣਗੇ। ਰਾਸ਼ਟਰਪਤੀ ਨੇ ਜੁਲਾਈ ਵਿਚ ਜਾਰੀ ਨੀਤੀ ਨੂੰ ਸਖਤ ਕਰਦਿਆਂ ਇਹ ਆਦੇਸ਼ ਜਾਰੀ ਕੀਤਾ ਹੈ। ਜੁਲਾਈ ਵਿਚ ਸੰਘੀ ਵਰਕਰਾਂ ਤੇ ਠੇਕੇਦਾਰਾਂ ਨੂੰ ਕੋਵਿਡ-19 ਤੋਂ ਬਚਾਅ ਲਈ ਟੀਕੇ ਲਵਾਉਣ ਲਈ ਕਿਹਾ ਗਿਆ ਸੀ ਪਰੰਤੂ ਟੀਕੇ ਨਾ ਲਵਾਉਣ ਦੀ ਸਥਿੱਤੀ ਵਿਚ ਹੋਰ ਰਾਹ ਵੀ ਖੁਲੇ ਰਖੇ ਸਨ। ਬਾਈਡਨ ਨੇ ਕਿਹਾ ਹੈ ਕਿ ਨਵੀਂ ਨੀਤੀ ਤਹਿਤ ਤਕਰੀਬਨ 10 ਕਰੋੜ ਵਰਕਰਾਂ ਨੂੰ ਕੋਵਿਡ-19 ਤੋਂ ਬਚਾਅ ਲਈ ਟੀਕੇ ਲਵਾਉਣੇ ਜਰੂਰੀ ਹੋ ਜਾਣਗੇ ਜੋ ਦੇਸ਼ ਦੇ ਕੁਲ ਵਰਕਰਾਂ ਦੀ ਗਿਣਤੀ ਦਾ ਦੋ ਤਿਹਾਈ ਹਿੱਸਾ ਬਣਦਾ ਹੈ। ਉਨਾਂ ਕੋਵਿਡ-19 ਵੈਕਸੀਨੇਸ਼ਨ ਕਰਵਾਉਣ ਉਪਰ ਜੋਰ ਦਿੰਦਿਆਂ ਕਿਹਾ ਹੋਰ ਕਿਸ ਗੱਲ ਦੀ ਉਡੀਕ ਹੋ ਰਹੀ ਹੈ? ਅਸੀਂ ਹੋਰ ਕੀ ਵੇਖਣਾ ਚਹੁੰਦੇ ਹਾਂ? ਬਾਈਡਨ ਨੇ ਕਿਹਾ ਕਿ ''ਅਸੀਂ ਵੈਕਸੀਨ ਮੁਫਤ, ਸੁਰੱਖਿਅਤ ਤੇ ਬਿਨਾਂ ਕਿਸੇ ਦਿੱਕਤ ਦੇ ਲਵਾਉਣ ਦੇ ਪ੍ਰਬੰਧ ਕੀਤੇ ਹਨ। ਵੈਕਸੀਨ ਐਫ ਡੀ ਏ ਵੱਲੋਂ ਪ੍ਰਵਾਨਿਤ ਹੈ। 20 ਕਰੋੜ ਅਮਰੀਕੀ ਘੱਟੋ ਘੱਟ ਇਕ ਖੁਰਾਕ ਲੈ ਚੁੱਕੇ ਹਨ। ਤੁਹਾਡੇ ਵੱਲੋਂ ਵੈਕਸੀਨ ਨਾ ਲਵਾਉਣ ਦਾ ਖਮਿਆਜ਼ਾ ਸਾਨੂੰ ਸਾਰਿਆਂ ਨੂੰ ਭੁੱਗਤਣਾ ਪੈ ਰਿਹਾ ਹੈ। ਇਸ ਲਈ ਮੇਰੀ ਬੇਨਤੀ ਹੈ ਕਿ ਸਹੀ ਰਸਤੇ ਦੀ ਚੋਣ ਕਰੋ।'' ਇਥੇ ਜਿਕਰਯੋਗ ਹੈ ਕਿ ਬਾਈਡਨ ਉਨਾਂ ਲੋਕਾਂ ਜਿਨਾਂ ਨੇ ਟੀਕਾਕਰਣ ਨਹੀਂ ਕਰਵਾਇਆ ਹੈ, ਨੂੰ ਵਾਰ ਵਾਰ ਸਿੱਧਾ ਸੁਨੇਹਾ ਦਿੰਦੇ ਰਹੇ ਹਨ ਤੇ ਉਹ ਮੌਜੂਦਾ ਕੋਵਿਡ ਮਹਾਂਮਾਰੀ ਨੂੰ '' ਟੀਕੇ ਨਾ ਲਵਾਉਣ ਵਾਲੇ ਲੋਕਾਂ ਦੀ ਮਹਾਂਮਾਰੀ'' ਕਹਿੰਦੇ ਰਹੇ ਹਨ।
Comments (0)